‘ਤੇਰੀ ਫ਼ਿਲਮ ਨਾਲੋਂ ਵੱਧ ਹਲਦੀਰਾਮ ਨੇ ਕਮਾਈ ਕੀਤੀ’, ਕੁਮੈਂਟ ਦੇਖ ਭੜਕੀ ਤਾਪਸੀ ਪਨੂੰ ਦਾ ਫੁੱਟਿਆ ਗੁੱਸਾ

09/03/2022 2:03:07 PM

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਫ਼ਿਲਮ ਇੰਡਸਟਰੀ ਨੂੰ ਬਾਈਕਾਟ ਦੇ ਚੱਕਰ ’ਚ ਕਾਫੀ ਘਾਟਾ ਸਹਿਣਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਰੱਜ ਕੇ ਬਾਲੀਵੁੱਡ ਨੂੰ ਬਾਈਕਾਟ ਕਰਨ ਦੀ ਮੰਗ ਚੱਲ ਰਹੀ ਹੈ, ਜਿਸ ਕਾਰਨ ਇਕ ਤੋਂ ਬਾਅਦ ਇਕ ਫ਼ਿਲਮ ਵੱਡੇ ਪਰਦੇ ’ਤੇ ਫਲਾਪ ਹੋ ਰਹੀ ਹੈ।

ਹਾਲ ਹੀ ’ਚ ਆਈ ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਬਾਈਕਾਟ ਮੁਹਿੰਮ ਚਲਾਈ ਗਈ, ਜਿਸ ਕਾਰਨ ਉਹ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹੀ। ਇਸ ਤੋਂ ਬਾਅਦ ਅਦਾਕਾਰਾ ਤਾਪਸੀ ਪਨੂੰ ਇਸ ਦਾ ਸ਼ਿਕਾਰ ਹੋਈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਹਾਲ ਹੀ ’ਚ ਤਾਪਸੀ ਦੀ ਫ਼ਿਲਮ ‘ਦੋਬਾਰਾ’ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਨਹੀਂ ਮਿਲਿਆ। ਰੋਹਿਤ ਜੈਸਵਾਲ ਨੇ ਇਸ ਫ਼ਿਲਮ ਦੀ ਸਮੀਖਿਆ ਕਰਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਦੋਬਾਰਾ’ ਦੀ ਭਾਰਤ ’ਚ ਇਕ ਦਿਨ ਦੀ ਕਲੈਕਸ਼ਨ ਕੋਲਕਾਤਾ ’ਚ ਹਲਦੀਰਾਮ ਮਠਿਆਈ ਦੀ ਦੁਕਾਨ ਦੀ 1 ਦਿਨ ਦੀ ਕਮਾਈ ਨਾਲੋਂ ਵੀ ਘੱਟ ਹੈ।’’

ਦੱਸ ਦੇਈਏ ਕਿ ਫ਼ਿਲਮਕਾਰ ਹੰਸਲ ਮਹਿਤਾ ਨੇ ਇਸ ਟਵੀਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, ‘‘ਫ਼ਿਲਮ ਦੋਬਾਰਾ ਨੇ 370 ਸਕ੍ਰੀਨਜ਼ ’ਤੇ 72 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਸਾਧਾਰਨ ਤੋਂ ਕਾਫੀ ਜ਼ਿਆਦਾ ਹੈ।’’

ਇਸ ’ਤੇ ਤਾਪਸੀ ਨੇ ਵੀ ਜਵਾਬ ਦਿੱਤਾ, ‘‘ਸਰ ਝੂਠ ਨੂੰ ਜਿੰਨਾ ਵੀ ਜ਼ੋਰ-ਸ਼ੋਰ ਨਾਲ ਬੋਲਿਆ ਜਾਵੇ, ਉਹ ਸੱਚ ਨਹੀਂ ਬਣ ਜਾਂਦਾ। ਇਹ ਉਹ ਲੋਕ ਹਨ, ਜਿਨ੍ਹਾਂ ਦੀ ਪਛਾਣ ਹੀ ਫ਼ਿਲਮ ਕਾਰਨ ਹੈ ਤੇ ਉਹੀ ਇੰਡਸਟਰੀ ਨੂੰ ਖ਼ਤਮ ਕਰਨ ’ਚ ਲੱਗੇ ਹਨ ਤਾਂ ਸੋਚੋ ਇਹ ਕਿੰਨੇ ਮੂਰਖ ਹੋਣਗੇ। ਉਂਝ ਵੀ ‘ਦੋਬਾਰਾ’ ਇਨ੍ਹਾਂ ਦੇ ਦਿਮਾਗ ਲਈ ਥੋੜ੍ਹੀ ਮੁਸ਼ਕਿਲ ਫ਼ਿਲਮ ਹੈ ਤਾਂ ਵਿਚਾਰੇ ਕੀ ਕਰ ਸਕਦੇ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh