ਮੁੰਬਈ ਪੁਲਸ ਕਮਿਸ਼ਨਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਸੀ. ਬੀ. ਆਈ. ਜਾਂਚ ਨੂੰ ਲੈ ਕੇ ਕੀਤਾ ਇਹ ਦਾਅਵਾ

01/01/2021 6:51:15 PM

ਮੁੰਬਈ (ਬਿਊਰੋ)– ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਤਕਰੀਬਨ ਛੇ ਮਹੀਨੇ ਬੀਤ ਚੁੱਕੇ ਹਨ। ਕੇਸ ਦਾ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਇਸ ਦੌਰਾਨ ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ, ‘ਅਦਾਕਾਰ ਦੀ ਮੌਤ ਦੀ ਜਾਂਚ ਕਰਦਿਆਂ ਮੈਨੂੰ ਪੂਰਾ ਭਰੋਸਾ ਹੈ ਕਿ ਸੀ. ਬੀ. ਆਈ. ਜਲਦੀ ਇਸ ਨਤੀਜੇ ’ਤੇ ਪਹੁੰਚੇਗੀ, ਜੋ ਸਾਡੀ ਜਾਂਚ ਤੋਂ ਵੱਖ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਸਾਡੀ ਜਾਂਚ ਨੂੰ ਪੇਸ਼ੇਵਰ ਕਰਾਰ ਦਿੱਤਾ ਸੀ ਪਰ ਕੁਝ ਸਵਾਰਥੀ ਹਿੱਤਾਂ ਨੇ ਸਾਨੂੰ ਬਦਨਾਮ ਕਰਨ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਸਾਡੀ ਪੜਤਾਲ ਜਿੱਤੇਗੀ।’

30 ਦਸੰਬਰ ਨੂੰ ਸੀ. ਬੀ. ਆਈ. ਨੇ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਕਿਹਾ, ‘ਨਵੇਂ ਵਿਗਿਆਨਕ ਪਹਿਲੂਆਂ ਰਾਹੀਂ ਇਕ ਵਿਆਪਕ ਤੇ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਰੇ ਪਹਿਲੂਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਅਜੇ ਤੱਕ ਕਿਸੇ ਵੀ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ।’

ਸੁਸ਼ਾਂਤ ਰਾਜਪੂਤ ਪਿਛਲੇ ਸਾਲ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ’ਚ ਮ੍ਰਿਤਕ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਹਾਦਸੇ ਸਬੰਧੀ ਮੌਤ ਦੀ ਰਿਪੋਰਟ ਦਰਜ ਕਰਵਾਈ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਇਸ ਤੋਂ ਬਾਅਦ ਸੁਸ਼ਾਂਤ ਰਾਜਪੂਤ ਦੇ ਪਿਤਾ ਨੇ ਪਟਨਾ ’ਚ ਅਦਾਕਾਰ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਐੱਫ. ਆਈ. ਆਰ. ਦਰਜ ਕੀਤੀ। ਬਿਹਾਰ ਸਰਕਾਰ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਸੀ। ਕੇਂਦਰ ਨੇ ਇਸ ਨੂੰ ਸਵੀਕਾਰ ਕਰ ਲਿਆ, ਜਿਸ ਨੂੰ ਸੁਪਰੀਮ ਕੋਰਟ ਨੇ 19 ਅਗਸਤ ਨੂੰ ਸੀ. ਬੀ. ਆਈ. ਨੂੰ ਸੌਂਪਣਾ ਜਾਇਜ਼ ਠਹਿਰਾਇਆ ਸੀ। ਐੱਫ. ਆਈ. ਆਰ. ’ਚ ਅਦਾਕਾਰ ਦੇ ਪਿਤਾ ਕੇ. ਕੇ. ਸਿੰਘ ਨੇ ਸੁਸ਼ਾਂਤ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੇ ਹੋਰਾਂ ’ਤੇ ਖੁਦਕੁਸ਼ੀ ਕਰਨ ਦਾ ਦੋਸ਼ ਲਾਇਆ ਸੀ।

ਨੋਟ– ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh