ਰੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ NCB ਵਲੋਂ ਛਾਪੇਮਾਰੀ ਜਾਰੀ, ਚਰਸ ਅਤੇ ਗਾਂਜੇ ਸਮੇਤ 6 ਹੋਰ ਲੋਕ ਗ੍ਰਿਫ਼ਤਾਰ

09/14/2020 12:53:09 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗਜ਼ ਐਂਗਲ ਦੀ ਜਾਂਚ ਦੇ ਸਿਲਸਿਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮੁੰਬਈ ਜ਼ੋਨ ਨੇ ਘੱਟੋ-ਘੱਟ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੁੰਬਈ ਤੋਂ ਗੋਆ ਤੱਕ ਜਾਰੀ ਛਾਪੇਮਾਰੀ 'ਚ ਜੋਨਲ ਡਾਇਰੈਕਚਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀਆਂ ਟੀਮਾਂ ਨੇ 23 ਸਾਲ ਦੇ ਕਰਮਜੀਤ ਸਿੰਘ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਗਾਂਜਾ ਸਪਲਾਇਰ ਡਿਵਾਨ ਐਂਥਨੀ ਫਰਨਾਂਡੀਜ਼ ਅਤੇ 2 ਹੋਰ ਲੋਕਾਂ ਨੂੰ ਦਾਦਰ (ਪੱਛਮੀ), ਮੁੰਬਈ ਤੋਂ ਗ੍ਰਿਫ਼ਤਾਰ ਕੀਤਾ।
ਐੱਨ. ਸੀ. ਬੀ. ਨੇ ਉਸ ਕੋਲਾਂ ਅੱਧਾ ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 29 ਸਾਲ ਦੇ ਅੰਕੁਸ਼ ਅਰੇਂਜਾ ਨਾਂ ਦੇ ਇਕ ਵਿਅਕਤੀ ਨੂੰ ਪਵਈ ਤੋਂ ਫੜਿਆ ਗਿਆ ਸੀ। ਅਰੇਂਜਾ ਨੂੰ ਕਰਮਜੀਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੇ ਰਿਸੀਵਰ ਦੇ ਰੂਪ 'ਚ ਦੱਸਿਆ ਗਿਆ ਹੈ ਅਤੇ ਇਸ ਨੇ ਉਸੇ ਮਾਮਲੇ 'ਚ ਪਹਿਲੇ ਗ੍ਰਿਫ਼ਤਾਰ ਇਕ ਹੋਰ ਦੋਸ਼ੀ ਅਨੁਜ ਕੇਸ਼ਵਾਨੀ ਨੂੰ ਵੀ ਸਪਲਾਈ ਕੀਤੀ ਹੈ।

ਐੱਨ. ਸੀ. ਬੀ. ਨੇ ਅਰੇਂਜਾ ਕੋਲੋਂ 42 ਗ੍ਰਾਮ ਚਰਸ ਅਤੇ 1,12,400 ਰੁਪਏ ਨਕਦ ਬਰਾਮਦ ਕੀਤੇ ਹਨ। ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਨੇ ਕਿਹਾ ਹੈ ਕਿ ਐੱਨ. ਸੀ. ਬੀ., ਗੋਆ ਸਬ ਜ਼ੋਨ ਨੇ ਇਕ ਵਿਅਕਤੀ ਕ੍ਰਿਸ ਕੋਸਟਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।

sunita

This news is Content Editor sunita