ਸਿਨੇਮਾਘਰਾਂ ’ਚ 9 ਮਹੀਨਿਆਂ ਬਾਅਦ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ, ਜਾਣੋ ਕਿਵੇਂ ਦੀ ਹੈ ‘ਸੂਰਜ ਪੇ ਮੰਗਲ ਭਾਰੀ’?

11/15/2020 4:02:44 PM

ਜਲੰਧਰ (ਬਿਊਰੋ)– ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ 9 ਮਹੀਨਿਆਂ ਬਾਅਦ ਕਿਸੇ ਫ਼ਿਲਮ ਦਾ ਥਿਏਟਰ ’ਚ ਆਉਣਾ ਬਾਲੀਵੁੱਡ ਹੀ ਨਹੀਂ, ਸਗੋਂ ਫ਼ਿਲਮ ਪ੍ਰੇਮੀਆਂ ਲਈ ਵੀ ਰਾਹਤ ਤੇ ਖੁਸ਼ੀ ਭਰੀ ਖਬਰ ਹੈ। ਇਹ ਖੁਸ਼ੀ ਦੀ ਖਬਰ ਮਿਲੀ ਹੈ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਨਾਲ। ਇਥੇ ਨਿਰਦੇਸ਼ਕ ਦੀ ਤਾਰੀਫ ਕਰਨੀ ਵੀ ਬਣਦੀ ਹੈ, ਜਿਸ ਨੇ ਕੋਰੋਨਾ ਕਾਲ ’ਚ ਫ਼ਿਲਮ ਨੂੰ ਥਿਏਟਰ ’ਚ ਲਿਆਉਣ ਦੀ ਹਿੰਮਤ ਕੀਤੀ। ਸਾਰੇ ਜਾਣਦੇ ਹਨ ਕਿ ਕੋਵਿਡ-19 ਦੇ ਚਲਦਿਆਂ ਕਈ ਵੱਡੀਆਂ ਫ਼ਿਲਮਾਂ ਨੂੰ ਤੀਜੇ ਪਰਦੇ ਦਾ ਲੜ ਫੜਨਾ ਪਿਆ ਸੀ ਪਰ ‘ਸੂਰਜ ਪੇ ਮੰਗਲ ਭਾਰੀ’ ਨੂੰ ਦਰਸ਼ਕ ਅੱਜ ਤੋਂ ਸਿਨੇਮਾਘਰਾਂ ’ਚ ਜਾ ਕੇ ਦੇਖ ਸਕਦੇ ਹਨ। ਇਸ ਮਾਹੌਲ ’ਚ ਲੋਕਾਂ ਨੂੰ ਵੀ ਇਕ ਕਾਮੇਡੀ ਫ਼ਿਲਮ ਦੀ ਲੋੜ ਸੀ, ਜਿਸ ਨੂੰ ਦਰਸ਼ਕ ਸਿਨੇਮਾਘਰਾਂ ’ਚ ਇੰਜੁਆਏ ਕਰ ਸਕਣ ਤੇ ਇਹ ਫ਼ਿਲਮ ਕੁਝ ਹੱਦ ਤਕ ਉਸ ਜ਼ਰੂਰਤ ਨੂੰ ਪੂਰਾ ਕਰਦੀ ਵੀ ਨਜ਼ਰ ਆਉਂਦੀ ਹੈ।

ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ 90 ਦੇ ਦਹਾਕੇ ਤੋਂ, ਜਿਥੇ ਮੰਗਲ ਰਾਣੇ (ਮਨੋਜ ਬਾਜਪਾਈ) ਇਕ ਮੈਰਿਜ ਡਿਟੈਕਟਿਵ ਹਨ। ਉਸ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਮੁੰਡਿਆਂ ਦਾ ਘਰ ਵਸੇ। ਇਸ ਲਈ ਉਹ ਆਪਣੇ ਤੌਰ ’ਤੇ ਜਾਸੂਸੀ ਕਰਕੇ ਵਿਆਹ ਕਰਵਾਉਣ ਦੇ ਇੱਛੁਕ ਲੜਕਿਆਂ ਦੇ ਨੁਕਸ ਕੱਢਦਾ ਹੈ ਤੇ ਉਨ੍ਹਾਂ ਦੇ ਵਿਆਹ ਤੁੜਵਾਉਂਦਾ ਹੈ। ਉਸ ਦੀ ਆਪਣੀ ਪ੍ਰੇਮਿਕਾ (ਨੇਹਾ ਪੇਂਡਸੇ) ਦਾ ਵਿਆਹ ਉਸ ਦੀ ਬਜਾਏ ਕਿਸੇ ਹੋਰ ਨਾਲ ਹੋ ਜਾਂਦਾ ਹੈ ਤੇ ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਮੰਗਲ ਰਾਣੇ ਨੇ ਸਾਰੇ ਸ਼ਹਿਰ ਦੀਆਂ ਕੁੜੀਆਂ ਨੂੰ ਗਲਤ ਲੜਕਿਆਂ ਤੋਂ ਬਚਾਉਣ ਦੀ ਜ਼ਿੰਮੇਵਾਰੀ ਲੈ ਲਈ ਪਰ ਕਹਾਣੀ ’ਚ ਟਵਿਸਟ ਉਦੋਂ ਆਉਂਦਾ ਹੈ, ਜਦੋਂ ਉਹ ਸੂਰਜ (ਦਿਲਜੀਤ ਦੋਸਾਂਝ) ਦਾ ਵਿਆਹ ਤੁੜਵਾ ਦਿੰਦਾ ਹੈ। ਉਧਰ ਬਦਲਾ ਲੈਣ ’ਤੇ ਉਤਾਰੂ ਸੂਰਜ ਨੂੰ ਮੰਗਲ ਦੀ ਭੈਣ ਤੁਲਸੀ (ਫਾਤਿਮਾ ਸਨਾ ਸ਼ੇਖ) ਨਾਲ ਹੀ ਪਿਆਰ ਹੋ ਜਾਂਦਾ ਹੈ। ਹੁਣ ਮੰਗਲ ਆਪਣੀ ਭੈਣ ਤੁਲਸੀ ਤੇ ਸੂਰਜ ਨੂੰ ਦੂਰ ਕਰਨ ਲਈ ਕਿਵੇਂ ਚਾਲ ਚੱਲਦਾ ਹੈ, ਇਹ ਜਾਣਨ ਲਈ ਤੁਹਾਨੂੰ ਫ਼ਿਲਮ ਦੇਖਣੀ ਹੋਵੇਗੀ।

‘ਤੇਰੇ ਬਿਨ ਲਾਦੇਨ’ ਤੇ ‘ਪਰਮਾਣੂ : ਦਿ ਸਟੋਰੀ ਆਫ ਪੋਖਰਣ’ ਦੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੀ ਇਸ ਫ਼ਿਲਮ ਦਾ ਫਰਸਟ ਹਾਫ ਸੁਸਤ ਹੈ ਪਰ ਸੈਕਿੰਡ ਹਾਫ ’ਚ ਫ਼ਿਲਮ ਆਪਣੀ ਰਫਤਾਰ ਫੜਦੀ ਹੈ। ਫਿਲਮ ’ਚ ਸਾਫ-ਸੁਥਰੀ ਕਾਮੇਡੀ ਦੇਖਣ ਨੂੰ ਮਿਲਦੀ ਹੈ ਪਰ ਵਿਸ਼ੇ ਦੇ ਉਲਟ ਕਹਾਣੀ ’ਚ ਕਾਮੇਡੀ ਦਾ ਤੜਕਾ ਹੋਰ ਜ਼ੋਰਦਾਰ ਹੋ ਸਕਦਾ ਸੀ। ਕੋਰੋਨਾ ਕਾਲ ’ਚ ਲਾਕਡਾਊਨ ਦੌਰਾਨ ਓ. ਟੀ. ਟੀ. ’ਤੇ ਜੋ ਦਰਸ਼ਕ ਡਾਰਕ ਕੰਟੈਂਟ ਦੇਖ ਕੇ ਥੱਕ ਚੁੱਕੇ ਹਨ, ਉਨ੍ਹਾਂ ਲਈ ਇਹ ਲਾਈਟ ਮਨੋਰੰਜਨ ਸਾਬਿਤ ਹੋ ਸਕਦੀ ਹੈ।

ਕਲਾਕਾਰਾਂ ਦਾ ਅਭਿਨੈ ਫਿਲਮ ਦਾ ਮੁੱਖ ਪਹਿਲੂ ਹੈ। ਮਨੋਜ ਬਾਜਪਾਈ ਨੇ ਫ਼ਿਲਮ ’ਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਹੈ ਤੇ ਮੰਗਲ ਦੇ ਕਿਰਦਾਰ ਨਾਲ ਇਨਸਾਫ ਕੀਤਾ ਹੈ। ਦਿਲਜੀਤ ਦੋਸਾਂਝ ਵੀ ਸੂਰਜ ਦੇ ਕਿਰਦਾਰ ’ਚ ਕਾਫੀ ਚਮਕੇ ਹਨ। ਫਾਤਿਮਾ ਸਨਾ ਸ਼ੇਖ ਕਾਫੀ ਖੂਬਸੂਰਤ ਲੱਗੀ ਹੈ ਤੇ ਆਪਣੇ ਕਿਰਦਾਰ ਨੂੰ ਨਿਭਾਉਣ ’ਚ ਸਫਲ ਰਹੀ ਹੈ। ਮਰਾਠੀ ਮਾਣੂਸ ਦੀ ਭੂਮਿਕਾ ’ਚ ਅਨੂੰ ਕਪੂਰ ਨੇ ਖੂਬ ਰੰਗ ਬੰਨ੍ਹਿਆ ਹੈ। ਸੁਪ੍ਰੀਆ ਪਿਲਗਾਂਵਕਰ, ਮਨੋਜ ਪਾਹਵਾ, ਸੀਮਾ ਪਾਹਵਾ, ਵਿਜੈ ਰਾਜ ਤੇ ਨੇਹਾ ਪੇਂਡਸੇ ਵਰਗੇ ਸਹਿਯੋਗੀ ਕਲਾਕਾਰਾਂ ਨੇ ਖੂਬ ਸਾਥ ਦਿੱਤਾ ਹੈ।

Rahul Singh

This news is Content Editor Rahul Singh