ਐੱਸ. ਐੱਸ. ਰਾਜਾਮੌਲੀ ਬਣਾਉਣਾ ਚਾਹੁੰਦੇ ਨੇ ‘ਮਹਾਭਾਰਤ’ ’ਤੇ 10 ਪਾਰਟਸ ਦੀ ਫ਼ਿਲਮ ਸੀਰੀਜ਼

05/11/2023 6:17:34 PM

ਮੁੰਬਈ (ਬਿਊਰੋ)– ਹਾਲ ਹੀ ’ਚ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਇਕ ਈਵੈਂਟ ਦੌਰਾਨ ਦੱਸਿਆ ਕਿ ਜੇਕਰ ਉਹ ਕਦੇ ਮਹਾਭਾਰਤ ’ਤੇ ਫ਼ਿਲਮ ਬਣਾਉਂਦੇ ਹਨ ਤਾਂ ਉਹ ਫ਼ਿਲਮ ਕਿਵੇਂ ਹੋਵੇਗੀ।

ਆਪਣੀ ਭੈਣ ਦੇ ਪਤੀ ਡਾਕਟਰ ਏ. ਵੀ. ਗੁਰੂਵਾ ਰੈੱਡੀ ਨਾਲ ਗੱਲ ਕਰਦਿਆਂ ਰਾਜਾਮੌਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਦੇ ‘ਮਹਾਭਾਰਤ’ ’ਤੇ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਉਹ ਪੂਰੇ ‘ਮਹਾਭਾਰਤ’ ਨੂੰ 10 ਵੱਖ-ਵੱਖ ਹਿੱਸਿਆਂ ’ਚ ਫ਼ਿਲਮਾਉਣਾ ਚਾਹੁਣਗੇ।

ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ‘ਮਹਾਭਾਰਤ’ ਦੇ ਕਈ ਤਰ੍ਹਾਂ ਦੇ ਸੰਸਕਰਣ ਹਨ। ਇਨ੍ਹਾਂ ਸਾਰਿਆਂ ਨੂੰ ਪੜ੍ਹਨ ’ਚ ਮੈਨੂੰ ਘੱਟੋ-ਘੱਟ ਇਕ ਸਾਲ ਦਾ ਸਮਾਂ ਲੱਗੇਗਾ ਤੇ ਜੇਕਰ ਮੈਂ ਕਦੇ ‘ਮਹਾਭਾਰਤ’ ’ਤੇ ਫ਼ਿਲਮ ਬਣਾਵਾਂਗਾ ਤਾਂ ਇਹ 10 ਭਾਗਾਂ ’ਚ ਹੋਵੇਗੀ। ਮਹਾਭਾਰਤ ’ਤੇ ਫ਼ਿਲਮ ਬਣਾਉਣ ਦਾ ਮੇਰੇ ਦਿਮਾਗ ’ਚ ਇਹ ਵਿਚਾਰ ਹੈ।’’

ਪੁਰਾਣੇ ਇੰਟਰਵਿਊ ’ਚ ਰਾਜਾਮੌਲੀ ਨੇ ਦੱਸਿਆ ਹੈ ਕਿ ਮਹਾਂਕਾਵਿ ’ਤੇ ਫ਼ਿਲਮ ਬਣਾਉਣਾ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ। ਰਾਜਾਮੌਲੀ ਨੇ ਇਵੈਂਟ ’ਚ ਕਿਹਾ, ‘‘ਮੈਂ ਜਦੋਂ ਵੀ ਕੋਈ ਫ਼ਿਲਮ ਬਣਾਉਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ‘ਮਹਾਭਾਰਤ’ ’ਤੇ ਫ਼ਿਲਮ ਬਣਾਉਣ ਲਈ ਇਹ ਸਭ ਕੁਝ ਸਿੱਖ ਰਿਹਾ ਹਾਂ। ਕੁਝ ਵੱਡਾ ਕਰਨ ਲਈ ਛੋਟੇ ਕਦਮਾਂ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ। ਮੇਰੀ ਹਰ ਫ਼ਿਲਮ ‘ਮਹਾਭਾਰਤ’ ’ਤੇ ਫ਼ਿਲਮ ਬਣਾਉਣ ਲਈ ਚੁੱਕਿਆ ਗਿਆ ਕਦਮ ਹੈ, ਇਕ ਛੋਟੀ ਜਿਹੀ ਕੋਸ਼ਿਸ਼।’’

ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ

ਇਸ ਤੋਂ ਪਹਿਲਾਂ ਰਾਮ ਚਰਨ ਨਾਲ ਗੱਲਬਾਤ ਦੌਰਾਨ ਰਾਜਾਮੌਲੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ‘ਮਹਾਭਾਰਤ’ ਦੀ ਸਮੱਗਰੀ ਤੇ ਪਾਤਰ ਉਸ ਤੋਂ ਬਿਲਕੁਲ ਵੱਖਰੇ ਹੋਣਗੇ, ਜਿਸ ਤਰ੍ਹਾਂ ਅਸੀਂ ਅੱਜ ‘ਮਹਾਭਾਰਤ’ ਦੀ ਸੈਟਿੰਗ ਤੇ ਕਿਰਦਾਰਾਂ ਨੂੰ ਜਾਣਦੇ ਹਾਂ। ਰਾਜਾਮੌਲੀ ਨੇ ਕਿਹਾ ਸੀ, ‘‘ਮਹਾਭਾਰਤ ’ਚ ਜਿਸ ਤਰ੍ਹਾਂ ਨਾਲ ਮੈਂ ਆਪਣੇ ਕਿਰਦਾਰਾਂ ਨੂੰ ਪੇਸ਼ ਕਰਾਂਗਾ, ਤੁਸੀਂ ਅਜਿਹਾ ਪਹਿਲਾਂ ਕਿਤੇ ਨਹੀਂ ਦੇਖਿਆ ਜਾਂ ਸੁਣਿਆ ਹੋਵੇਗਾ।’’

ਮਹਾਭਾਰਤ ਦੇ ਸਬੰਧ ’ਚ ਮੇਰੇ ਮਨ ’ਚ ਵੀ ਅਜਿਹਾ ਹੀ ਦ੍ਰਿਸ਼ਟੀਕੋਣ ਹੈ। ਮੈਂ ਤੁਹਾਨੂੰ ‘ਮਹਾਭਾਰਤ’ ਦੀ ਕਹਾਣੀ ਆਪਣੇ ਤਰੀਕੇ ਨਾਲ ਸੁਣਾਵਾਂਗਾ। ਨਾ ਤਾਂ ਕਹਾਣੀ ਬਦਲੇਗੀ, ਨਾ ਇਸ ਦੇ ਪਾਤਰ ਪਰ ਮੈਂ ਜਾਣਦਾ ਹਾਂ ਕਿ ਇਨ੍ਹਾਂ ਪਾਤਰਾਂ ਨੂੰ ਕਿਵੇਂ ਪੇਸ਼ ਕਰਨਾ ਹੈ ਤੇ ਉਨ੍ਹਾਂ ਵਿਚਕਾਰ ਸਬੰਧ-ਭਾਵਨਾ ਨੂੰ ਪਰਦੇ ’ਤੇ ਕਿਵੇਂ ਦਿਖਾਉਣਾ ਹੈ।

ਰਾਜਾਮੌਲੀ ਦੀ ਫ਼ਿਲਮ ‘RRR’ 2022 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਗੀਤ ‘ਨਾਟੂ ਨਾਟੂ’ ਨੂੰ 2023 ’ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ’ਚ ਆਸਕਰ ਪੁਰਸਕਾਰ ਵੀ ਮਿਲਿਆ ਹੈ। ਫਿਲਹਾਲ ਰਾਜਾਮੌਲੀ ਮਹੇਸ਼ ਬਾਬੂ ਨਾਲ ਆਪਣੀ ਅਗਲੀ ਫ਼ਿਲਮ ’ਤੇ ਕੰਮ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh