ਕੋਰੋਨਾ ਪੀੜਤ ਲੜਕੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ

04/24/2021 11:37:02 AM

ਮੁੰਬਈ: ਸਾਲ 2020 ’ਚ ਮਜ਼ਦੂਰਾਂ ਲਈ ਫਰਿਸ਼ਤਾ ਬਣ ਕੇ ਮਦਦ ਲਈ ਅੱਗੇ ਆਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ’ਚ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਸੋਨੂੰ ਸੂਦ ਨੇ ਇਕ ਹਫ਼ਤੇ ’ਚ ਹੀ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਉੱਧਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਸੋਨੂੰ ਸੂਦ ਦੀ ਮਦਦ ਕਰਨ ਦੇ ਜਜ਼ਬੇ ’ਚ ਕੋਈ ਕਮੀ ਨਹੀਂ ਆਈ। ਇਸ ਦੌਰਾਨ ਉਨ੍ਹਾਂ ਨੇ ਇਕ ਵਾਰ ਫਿਰ ਕੁਝ ਅਜਿਹਾ ਕਰ ਦਿੱਤਾ ਹੈ ਕਿ ਲੋਕ ਉਨ੍ਹਾਂ ਨੂੰ ਫਿਰ ਮਜ਼ਦੂਰਾਂ ਦਾ ਮਸੀਹਾ ਕਹਿ ਕੇ ਬੁਲਾ ਰਹੇ ਹਨ।


ਦਰਅਸਲ ਸੋਨੂੰ ਹਾਲ ਹੀ ’ਚ 25 ਸਾਲ ਦੀ ਭਾਰਤੀ ਨਾਂ ਦੀ ਲੜਕੀ ਦੀ ਮਦਦ ਲਈ ਅੱਗੇ ਆਏ ਹਨ। ਭਾਰਤੀ ਨੂੰ ਲੰਗਸ ਟਰਾਂਸਪਲਾਂਟ ਦੀ ਜ਼ਰੂਰਤ ਸੀ ਕਿਉਂਕ ਉਹ ਕੋਵਿਡ-19 ਪਾਜ਼ੇਟਿਵ ਸੀ। ਅਜਿਹੇ ’ਚ ਸੋਨੂੰ ਸੂਦ ਨੇ ਉਸ ਲਈ ਏਅਰ ਐਂਬੂਲੈਂਸ ਦਾ ਬੰਦੋਬਸਤ ਕੀਤਾ ਅਤੇ ਉਸ ਨੂੰ ਨਾਗਪੁਰ ਤੋਂ ਹੈਦਰਾਬਾਦ ਭੇਜਿਆ। 


ਇਸ ਵੈੱਬਸਾਈਟ ਮੁਤਾਬਕ ਇਸ ਬਾਰੇ ’ਚ ਗੱਲ ਕਰਦੇ ਹੋਏ ਸੋਨੂੰ ਨੇ ਕਿਹਾ ਕਿ ‘ਡਾਕਟਰਾਂ ਨੇ ਕਿਹਾ ਕਿ ਸੰਭਾਵਨਾਵਾਂ 20 ਫੀਸਦੀ ਹਨ ਅਤੇ ਮੇਰੇ ਤੋਂ ਪੁੱਛਿਆ ਗਿਆ ਕਿ ਕੀ ਮੈਂ ਅਜੇ ਵੀ ਇਸ ਦੇ ਨਾਲ ਅੱਗੇ ਵਧਣਾ ਚਾਹੁੰਦਾ ਹੈ। ਇਸ ’ਤੇ ਮੈਂ ਕਿਹਾ ਕਿ ਬੇਸ਼ੱਕ ਉਹ ਇਕ 25 ਸਾਲ ਦੀ ਨੌਜਵਾਨ ਲੜਕੀ ਹੈ। ਉਹ ਸਖ਼ਤ ਲੜਾਈ ਲੜੇਗੀ ਅਤੇ ਉਹ ਇਸ ਨਾਲ ਮਜ਼ਬੂਤ ਹੋ ਕੇ ਬਾਹਰ ਆਵੇਗੀ। ਇਸ ਲਈ ਅਸੀਂ ਇਹ ਮੌਕਾ ਲਿਆ ਅਤੇ ਅਸੀਂ ਉਸ ਦਾ ਇਲਾਜ ਕਰਨ ਲਈ ਇਕ ਏਅਰ ਐਂਬੂਲੈਂਸ ਅਤੇ ਦੇਸ਼ ’ਚ ਡਾਕਟਰਾਂ ਦੀ ਸਭ ਤੋਂ ਚੰਗੀ ਟੀਮ ਬਣਾਉਣ ਦਾ ਫ਼ੈਸਲਾ ਕੀਤਾ। ਉਸ ਦਾ ਹੈਦਰਾਬਾਦ ਦੇ ਅਪੋਲੋ ਹਸਪਤਾਲ ’ਚ ਇਲਾਜ ਠੀਕ ਚੱਲ ਰਿਹਾ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਠੀਕ ਹੋ ਜਾਵੇਗੀ ਅਤੇ ਜਲਦੀ ਵਾਪਸ ਆ ਜਾਵੇਗੀ।


ਦੱਸ ਦੇਈਏ ਕਿ 23 ਅਪ੍ਰੈਲ ਦੀ ਸ਼ਾਮ ਸੋਨੂੰ ਸੂਦ ਨੇ ਆਪਣੇ ਸਿਹਤਮੰਦ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਉਹ ਆਪਣੇ ਹੱਥਾਂ ਨਾਲ ਨੈਗੇਟਿਵ ਦਾ ਨਿਸ਼ਾਨ ਬਣਾਉਂਦੇ ਨਜ਼ਰ ਆ ਰਹੇ ਸਨ। ਇਸ ਟਵੀਟ ਤੋਂ ਬਾਅਦ ਸੋਨੂੰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਲੰਬੀ ਉਮਰ ਲਈ ਦੁਆਵਾਂ ਕੀਤੀਆਂ ਅਤੇ ਖੁੁਸ਼ੀ ਜ਼ਾਹਿਰ ਕੀਤੀ। 

Aarti dhillon

This news is Content Editor Aarti dhillon