ਸੋਨਮ ਕਪੂਰ ਨੇ ਭਾਜਪਾ ਵਿਧਾਇਕ ਨੂੰ ਦੱਸਿਆ ''ਅਗਿਆਨੀ ਤੇ ਅਨਪੜ੍ਹ'', ਜਾਣੋ ਕੀ ਹੈ ਮਾਮਲਾ

12/30/2021 4:43:31 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਧੀ ਅਤੇ ਅਦਾਕਾਰਾ ਸੋਨਮ ਕਪੂਰ ਫ਼ਿਲਮਾਂ ਤੋਂ ਇਲਾਵਾ ਸਮਾਜਿਕ-ਸਿਆਸੀ ਮੁੱਦਿਆਂ 'ਤੇ ਆਪਣੀ ਰਾਏ ਦੇਣ ਕਾਰਨ ਵੀ ਚਰਚਾ 'ਚ ਰਹਿੰਦੀ ਹੈ। ਸੋਨਮ ਕਪੂਰ ਕਈ ਮੁੱਦਿਆਂ 'ਤੇ ਬੇਬਾਕੀ ਨਾਲ ਆਪਣਾ ਬਿਆਨ ਦਿੰਦੀ ਹੈ। ਹੁਣ ਸੋਨਮ ਕਪੂਰ ਨੇ ਭਾਜਪਾ ਨੇਤਾ ਅਤੇ ਵਿਧਾਇਕ ਸੁਧੀਰ ਮੁਨਗੰਟੀਵਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਇਹ ਅਲੋਚਨਾ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਅਪਮਾਨ ਕਰਨ ਕਾਰਨ ਕੀਤੀ ਹੈ। ਦਰਅਸਲ, ਹਾਲ ਹੀ 'ਚ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਧਾਇਕ ਸੁਧੀਰ ਮੁਨਗੰਟੀਵਾਰ ਨੇ LGBTQ ਭਾਈਚਾਰੇ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ, ਜਿਸ ਦੀ ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਰੱਜ ਕੇ ਆਲੋਚਨਾ ਕੀਤੀ। 

ਦੱਸ ਦਈਏ ਕਿ ਸੋਨਮ ਕਪੂਰ ਸੋਸ਼ਲ ਮੀਡੀਆ 'ਤੇ ਸਭ ਤੋਂ ਸਰਗਰਮ ਅਭਿਨੇਤਰੀਆਂ 'ਚੋਂ ਇਕ ਹੈ। ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਤੋਂ ਇਲਾਵਾ ਉਹ ਸਮਾਜਿਕ-ਰਾਜਨੀਤਿਕ ਮੁੱਦਿਆਂ 'ਤੇ ਵੀ ਬੋਲਦੀ ਰਹਿੰਦੀ ਹੈ। ਸੋਨਮ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪਾ ਕੇ ਵਿਧਾਇਕ ਸੁਧੀਰ ਮੁਨਗੰਟੀਵਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਨੇਤਾ ਦੀ ਤਸਵੀਰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਸੋਨਮ ਕਪੂਰ ਨੇ ਲਿਖਿਆ, ''ਅਣਜਾਣ, ਅਨਪੜ੍ਹ ਅਤੇ ਦੁਖੀ।'' ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਨਮ ਕਪੂਰ ਦੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪਰਮੀਸ਼-ਗੀਤ ਦੀ ਗ੍ਰੈਡ ਰਿਸੈਪਸ਼ਨ, ਸਿੱਧੂ ਤੇ ਸਤਿੰਦਰ ਸਰਤਾਜ ਸਣੇ ਇਨ੍ਹਾਂ ਕਲਾਕਾਰਾਂ ਨੇ ਲਾਈਆਂ ਰੌਣਕਾਂ

ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ 'ਚ ਮਹਾਰਾਸ਼ਟਰ ਪਬਲਿਕ ਯੂਨੀਵਰਸਿਟੀਜ਼ ਐਕਟ, 2016 (ਤੀਜੀ ਸੋਧ) ਬਿੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਬਿੱਲ 'ਚ ਯੂਨੀਵਰਸਿਟੀ ਬੋਰਡਾਂ 'ਚ LGBTQ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਸੀ। ਇਸ ਬਿੱਲ 'ਤੇ ਚਰਚਾ ਦੌਰਾਨ ਭਾਜਪਾ ਵਿਧਾਇਕ ਸੁਧੀਰ ਮੁਨਗੰਟੀਵਾਰ ਨੇ LGBTQ ਭਾਈਚਾਰੇ ਲਈ ਇਤਰਾਜ਼ਯੋਗ ਬਿਆਨ ਦਿੱਤਾ। ਬਿੱਲ 'ਚ LGBTQ ਭਾਈਚਾਰੇ ਨੂੰ ਸ਼ਾਮਲ ਕਰਨ ਅਤੇ ਬਰਾਬਰ ਮੌਕੇ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਸੁਧੀਰ ਮੁਨਗੰਟੀਵਾਰ ਨੇ ਕਿਹਾ, "ਕੀ ਤੁਸੀਂ ਲੈਸਬੀਅਨ ਅਤੇ ਗੇਅ ਨੂੰ ਮੈਂਬਰ ਨਿਯੁਕਤ ਕਰਨ ਜਾ ਰਹੇ ਹੋ? ਕੀ ਇਸ ਸਬੰਧੀ ਸਾਂਝੀ ਮੈਡੀਕਲ ਕਮੇਟੀ ਨਹੀਂ ਬਣਾਈ ਜਾਣੀ ਚਾਹੀਦੀ? ਇਹ ਲਿੰਗੀ ਅਤੇ ਸਮਲਿੰਗੀ ਸਬੰਧਾਂ ਬਾਰੇ ਗੱਲ ਕਰਦਾ ਹੈ। ਹਾਲਾਂਕਿ ਹਾਲੇ ਤੱਕ ਕੋਈ ਵੀ ਉਨ੍ਹਾਂ ਨੂੰ ਪਰਿਭਾਸ਼ਿਤ ਕਰਨ ਦੇ ਯੋਗ ਨਹੀਂ ਹੈ।''

ਇਹ ਖ਼ਬਰ ਵੀ ਪੜ੍ਹੋ - ‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਦਿਰਦੋ ਨੂੰ 5 ਘੰਟਿਆਂ ਬਾਅਦ ਆਇਆ ਹੋਸ਼, ਹੁਣ ਅਜਿਹੀ ਹੈ ਹਾਲਤ

ਸੋਨਮ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੂੰ ਆਖਰੀ ਵਾਰ ਆਪਣੇ ਪਿਤਾ ਦੀ ਵੈੱਬ ਸੀਰੀਜ਼ 'ਏਕੇ ਵਰਸਿਸ ਏਕੇ' 'ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਸਾਲ 2019 'ਚ ਫ਼ਿਲਮ 'ਜ਼ੋਇਆ ਫੈਕਟਰ' 'ਚ ਨਜ਼ਰ ਆਈ ਸੀ। ਹਾਲਾਂਕਿ ਸੋਨਮ ਕਪੂਰ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।

sunita

This news is Content Editor sunita