ਵੀਡੀਓ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ’ਤੇ ਭੜਕਿਆ ਸਿੰਗਾ, ਕਿਹਾ- ‘ਕੁੜੀਆਂ ਨੂੰ ਉਦੋਂ ਕੰਮ ਦੇਣਗੇ, ਜਦੋਂ ਉਹ...’

10/29/2021 5:45:57 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸਿੰਗਾ ਆਪਣੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਮੁੱਦਾ ਕੋਈ ਵੀ ਹੋਵੇ, ਸਿੰਗਾ ਆਪਣੀ ਗੱਲ ਬੇਬਾਕੀ ਨਾਲ ਰੱਖਦਾ ਹੈ। ਅਜਿਹੇ ਹੀ ਇਕ ਮੁੱਦੇ ਨੂੰ ਲੈ ਕੇ ਸਿੰਗਾ ਮੁੜ ਚਰਚਾ ’ਚ ਹੈ।

ਇਹ ਗੱਲ ਪਹਿਲਾਂ ਵੀ ਕਈ ਵਾਰ ਵਿਵਾਦਾਂ ’ਚ ਰਹਿ ਚੁੱਕੀ ਹੈ ਕਿ ਡਾਇਰੈਕਟਰ ਤੇ ਪ੍ਰੋਡਿਊਸਰ ਕੁੜੀਆਂ ਨੂੰ ਕੰਮ ਦੇਣ ਲਈ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਹਨ। ਇਸੇ ਨੂੰ ਲੈ ਕੇ ਅੱਜ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਸਿੰਗਾ ਨੇ ਇੰਸਟਾਗ੍ਰਾਮ ਰੀਲਜ਼ ’ਚ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੇਰਾ ਇੰਨਾ ਦਿਲ ਕਰਦਾ ਕਿ ਲਾਈਵ ਹੋ ਕੇ ਇੰਨੀਆਂ ਗਾਲ੍ਹਾਂ ਕੱਢਾਂ ਕਿ ਆਪਣੀ ਪੰਜਾਬੀ ਇੰਡਸਟਰੀ ’ਚ ਵੀਡੀਓ ਡਾਇਰੈਕਟਰ, ਮੂਵੀ ਡਾਇਰੈਕਟਰ ਤੇ ਪ੍ਰੋਡਿਊਸਰ ਨਵੀਆਂ ਕੁੜੀਆਂ ਨੂੰ ਉਦੋਂ ਕੰਮ ਦੇਣਗੇ, ਜਦੋਂ ਉਹ ਉਨ੍ਹਾਂ ਨਾਲ ਸੌਣ ਲਈ (ਸੈਕਸ) ਲਈ ਤਿਆਰ ਹੋਣ। ਕੋਈ ਕਿਸੇ ਦੇ ਟੈਲੇਂਟ, ਅਦਾਕਾਰੀ, ਗਾਇਕੀ ਹੁਨਰ ਨੂੰ ਤਰਜੀਹ ਨਹੀਂ ਦਿੰਦਾ। ਇਕ ਵਾਰ ਕੁੜੀ ਦਾ ਨੰਬਰ ਮਿਲ ਜਾਵੇ ਬਸ ਕਿਸੇ ਨਾ ਕਿਸੇ ਤਰੀਕੇ ਤੰਗ ਕਰਨਾ। ਇਹ ਹਾਲ ਹੈ ਪੰਜਾਬੀ ਇੰਡਸਟਰੀ ਦਾ। ਪੰਜਾਬੀ ਫ਼ਿਲਮਾਂ ਦੇ ਅਜਿਹੇ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲਾਈਵ ਹੋ ਕੇ ਬੋਲਣਾ ਸੀ ਪਰ ਤੁਸੀਂ ਵੀ ਨੈਗੇਟੀਵਿਟੀ ਹੀ ਲੱਭਣੀ ਹੈ ਲਾਈਵ ’ਚੋਂ।’

ਉਥੇ ਅਗਲੀ ਸਟੋਰੀ ’ਚ ਸਿੰਗਾ ਲਿਖਦੇ ਹਨ, ‘ਮੈਨੂੰ ਪਤਾ ਹੈ ਕਿ ਕਿੰਨੀ ਮਿਹਨਤ ਕਰਕੇ ਲੋਕ ਇਥੋਂ ਤਕ ਆਉਂਦੇ ਹਨ। ਹਰ ਕੋਈ ਗਲਤ ਨਹੀਂ ਹੁੰਦਾ। ਘਰ ਛੱਡ ਕੇ ਮਾਂ-ਪਿਓ ਛੱਡ ਕੇ ਆਉਣਾ, ਇਕੱਲੇ ਰਹਿਣਾ ਕੋਈ ਸੌਖੀ ਗੱਲ ਨਹੀਂ ਪਰ ਅੱਗੋਂ ਇਸ ਤਰ੍ਹਾਂ ਦੇ ਬਾਂਦਰ ਟੱਕਰ ਜਾਂਦੇ ਹਨ। ਇਨ੍ਹਾਂ ਕਰਕੇ ਹੀ ਮਾਂ-ਪਿਓ ਡਰਦੇ ਹਨ। ਮੈਂ ਗਲਤ ਹੋਵਾਂਗਾ, ਪਰਫੈਕਟ ਮੈਂ ਵੀ ਨਹੀਂ ਪਰ ਮੈਨੂੰ ਜੋ ਗਲਤ ਲੱਗਦਾ, ਉਹ ਗਲਤ ਹੈ। ਜੇ ਮੈਂ ਵੀ ਨਾ ਬੋਲਿਆ, ਮੈਂ ਵੀ ਨਾਮਰਦਾ ’ਚ ਆਉਣਾ। ਬਾਕੀ ਜ਼ਿੰਦਗੀ ਸਭ ਦੀ ਆਪਣੀ ਹੈ ਪਰ ਕਿਸੇ ਨੂੰ ਕੰਮ ਦਾ ਲਾਲਚ ਦੇ ਕੇ ਉਸ ਦਾ ਫਾਇਦਾ ਚੁੱਕਣਾ ਬੇਹੱਦ ਘਟੀਆ ਗੱਲ ਹੈ।’

ਨੋਟ– ਸਿੰਗਾ ਦੀਆਂ ਇਨ੍ਹਾਂ ਪੋਸਟਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh