B''Day Spl : ਖੁੱਲ੍ਹੇ ਅਖਾੜੇ ਦੌਰਾਨ ਜਦੋਂ ਪੂਰੀ ਤਰ੍ਹਾਂ ਡੋਲ ਗਏ ਸਨ ਹਰਜੀਤ ਹਰਮਨ

07/14/2020 1:08:43 PM

ਜਲੰਧਰ (ਵੈੱਬ ਡੈਸਕ) — ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ 'ਚ 'ਮਿੱਤਰਾਂ ਦਾ ਨਾਂ ਚੱਲਦਾ', 'ਚਰਖਾ ਕੱਤਦੀ', 'ਜੱਟੀ', 'ਵੰਡੇ ਗਏ ਪੰਜਾਬ ਦੀ ਤਰ੍ਹਾਂ' ਵਰਗੇ ਅਨੇਕਾਂ ਹੀ ਗੀਤ ਸ਼ਾਮਲ ਹਨ। ਹਰਜੀਤ ਹਰਮਨ ਨੇ ਜਿੰਨੇ ਵੀ ਗੀਤ ਗਾਏ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ। ਹਰਜੀਤ ਹਰਮਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸਾਦਗੀ ਭਰਪੂਰ ਜ਼ਿੰਦਗੀ ਜਿਊਂਦੇ ਹਨ।

ਉਨ੍ਹਾਂ ਨੂੰ ਕੁੜਤਾ ਪਜਾਮਾ ਅਤੇ ਟੀ ਸ਼ਰਟ ਪਾਉਣਾ ਚੰਗਾ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਦੇਸੀ ਖਾਣਾ ਹੀ ਪਸੰਦ ਹੈ। ਹਰਜੀਤ ਹਰਮਨ ਘਰ ਦੀ ਦਾਲ ਰੋਟੀ, ਸਾਗ ਅਤੇ ਮੱਕੀ ਦੀ ਰੋਟੀ ਦੇ ਸ਼ੌਂਕੀਨ ਹਨ। ਹਰਜੀਤ ਹਰਮਨ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਉਹ ਅਕਸਰ ਕੁਲਦੀਪ ਮਾਣਕ ਦਾ ਇੱਕ ਗੀਤ ਗਾਇਆ ਕਰਦੇ ਸਨ 'ਰਾਜਾ 'ਤੇ ਰਾਣੀ ਪੁੱਤ ਨੂੰ ਆਰੇ ਨਾਲ ਚੀਰਦੇ' ।

ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਕੁਲਦੀਪ ਮਾਣਕ ਨਾਲ ਗੀਤ ਕਰਨ ਪਰ ਵਕਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਹਰਜੀਤ ਹਰਮਨ ਆਪਣੀ ਇੱਕ ਆਦਤ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਉਹ ਅਕਸਰ ਵਾਅਦੇ ਕਰਕੇ ਭੁੱਲ ਜਾਂਦੇ ਹਨ। ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ ਅਤੇ ਵਿਹਲਾ ਸਮਾਂ ਉਹ ਆਪਣੇ ਪਰਿਵਾਰ ਨਾਲ ਬਿਤਾਉਣਾ ਹੀ ਪਸੰਦ ਕਰਦੇ ਹਨ। ਉਨ੍ਹਾਂ ਨੂੰ ਮਿਊਜ਼ਿਕ ਤੋਂ ਇਲਾਵਾ ਖੇਤੀ ਕਰਨਾ ਬਹੁਤ ਪਸੰਦ ਹੈ।

ਹਰਜੀਤ ਹਰਮਨ ਨੇ ਪਹਿਲੀ ਵਾਰ ਗਾਇਕ ਸੁਰਿੰਦਰ ਛਿੰਦਾ ਨਾਲ ਸੰਗਰੂਰ ਦੇ ਪਿੰਡ ਨਾਗਰਾ 'ਚ ਖੁੱਲ੍ਹੇ ਅਖਾੜੇ 'ਚ ਪਰਫਾਰਮ ਕੀਤਾ ਸੀ ਪਰ ਇਸ ਪਰਫਾਰਮੈਂਸ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ। ਇਸ ਦੌਰਾਨ ਉਨ੍ਹਾਂ ਨੇ ਮਰਹੂਮ ਗਾਇਕ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਗੀਤ 'ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਂਦੀ ਏਂ' ਸੀ।

ਹਰਜੀਤ ਹਰਮਨ ਉਦੋਂ ਸਹਿਜ ਹੋਏ ਜਦੋਂ ਅਖਾੜੇ ਨੂੰ ਵੇਖਣ ਆਏ ਲੋਕਾਂ ਨੇ ਤਾੜੀਆਂ ਵਜਾਈਆਂ ਤਾਂ ਉਨ੍ਹਾਂ ਦਾ ਹੌਂਸਲਾ ਵਧ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਲਗਾਤਾਰ ਪੰਜਾਬੀ ਸੰਗੀਤ ਜਗਤ ਨੂੰ ਹਿੱਟ ਗੀਤ ਦੇ ਰਹੇ ਹਨ।

sunita

This news is Content Editor sunita