ਮਾਈ ਭਾਗੋ ਜੀ ਬਾਰੇ ਸਿੱਧੂ ਮੂਸੇਵਾਲਾ ਨੇ ਤਾਂ ਮੁਆਫੀ ਮੰਗ ਲਈ ਪਰ ਸਾਡੇ ਵਾਲੇ ਕਦੋਂ ਮੰਗਣਗੇ : ਢੱਡਰੀਆਂ ਵਾਲੇ

09/23/2019 2:02:36 PM

ਚੰਡੀਗੜ੍ਹ (ਟੱਕਰ) - ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮਾਈ ਭਾਗੋ ਜੀ ਬਾਰੇ ਆਪਣੇ ਗੀਤ ਵਿਚ ਗਲਤ ਟਿੱਪਣੀ ਕਰਨ ’ਤੇ ਗਾਇਕ ਸਿੱਧੂ ਮੂਸੇਵਾਲਾ ਨੇ ਤਾਂ ਮੁਆਫ਼ੀ ਮੰਗ ਲਈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਦੇ ਇਕ ਗ੍ਰੰਥ ਵਿਚ ਮਾਈ ਭਾਗੋ ਤੇ ਗੁਰੂ ਸਾਹਿਬ ਬਾਰੇ ਕਈ ਗਲਤ ਟਿੱਪਣੀਆਂ ਹਨ, ਉਸ ਬਾਰੇ ਤਾਂ ਕੋਈ ਨਹੀਂ ਬੋਲਦਾ ਅਤੇ ਨਾ ਹੀ ਉਸ ਸਬੰਧੀ ਕੋਈ ਮੁਆਫ਼ੀ ਮੰਗਦਾ ਹੈ।
ਭਾਈ ਰਣਜੀਤ ਸਿੰਘ ਨੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਇਹ ਸੰਗਤ ਦੇ ਧਿਆਨ ਵਿਚ ਲਿਆਂਦਾ ਸੀ ਕਿ ਸਿੱਖ ਇਤਿਹਾਸ ਵਿਚ ਜੁਝਾਰੂ ਸਿੰਘਣੀ ਵਜੋਂ ਜਾਣੀ ਜਾਂਦੀ ਮਾਈ ਭਾਗੋ ਜੀ ਬਾਰੇ ਭਾਈ ਸੰਤੋਖ ਸਿੰਘ ਨੇ ਇਕ ਗ੍ਰੰਥ ਵਿਚ ਬਹੁਤ ਗਲਤ ਟਿੱਪਣੀਆਂ ਲਿਖੀਆਂ ਪਰ ਸਾਡੇ ਸਿੱਖ ਧਰਮ ਦੇ ਕਥਾਵਾਚਕ ਉਸ ਗ੍ਰੰਥ ’ਚੋਂ ਹੀ ਸਿੱਖਿਆ ਲੈ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ ਪਰ ਇਨ੍ਹਾਂ ਪ੍ਰਚਾਰਕਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਸ ਗ੍ਰੰਥ ਵਿਚ ਜੋ ਲਿਖਿਆ ਹੈ, ਉਹ ਗਲਤ ਹੈ, ਜਿਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਅਤੇ ਮਾਈ ਭਾਗੋ ਜੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਲੇਖਕਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਮ ਦਿਹਾਡ਼ਾ ਮਨਾਉਂਦੀ ਹੈ।


ਇਸ ਤੋਂ ਇਲਾਵਾ ਇਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸੁੰਦਰ ਰੁਮਾਲਿਆਂ ਨਾਲ ਸਜਾਇਆ ਜਾਂਦਾ ਹੈ ਅਤੇ ਪੀਡ਼੍ਹੀ ’ਤੇ ਸੁਸ਼ੋਭਿਤ ਕੀਤਾ ਜਾਂਦਾ ਹੈ ਪਰ ਕਦੇ ਵੀ ਸਾਡੇ ਧਰਮ ਦੇ ਠੇੇਕੇਦਾਰ ਇਸ ਬਾਰੇ ਕੁੱਝ ਨਹੀਂ ਬੋਲਦੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਾਇਕ ਨੇ ਤਾਂ ਆਪਣੇ ਤੋਂ ਹੋਈ ਗਲਤੀ ਦੀ ਤੁਰੰਤ ਮੁਆਫ਼ੀ ਮੰਗ ਲਈ ਪਰ ਸਾਡੇ ਵਾਲੇ ਕੁੱਝ ਚੋਲਾ ਪਾ ਕੇ ਹੰਕਾਰ ਵਿਚ ਬੈਠੇ ਇਹ ਧਰਮੀ ਕਹਾਉਣ ਵਾਲੇ ਲੋਕ ਕਦੋਂ ਮੁਆਫ਼ੀ ਮੰਗਣਗੇ।