ਮੂਸੇ ਵਾਲਾ ਦੇ ਸੁਰੱਖਿਆ ਮੁਲਾਜ਼ਮਾਂ ਦਾ ਖ਼ੁਲਾਸਾ, ਦੱਸਿਆ ਘਟਨਾ ਵਾਲੇ ਦਿਨ ਕਿਉਂ ਬਿਨਾਂ ਸਕਿਓਰਿਟੀ ਦੇ ਗਿਆ 'ਸਿੱਧੂ'

06/03/2022 2:41:04 PM

ਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ’ਚ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਬਲਜਿੰਦਰ ਸਿੰਘ ਤੇ ਵਿਪਿਨ ਕੁਮਾਰ ਨੇ ਘਟਨਾ ਵਾਲੇ ਦਿਨ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਹਨ। ਦੋਵਾਂ ਮੁਲਾਜ਼ਮਾਂ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਹ ਦੋਵੇਂ ਘਰ ’ਚ ਹੀ ਸਨ ਪਰ ਸਿੱਧੂ ਨੇ ਇਹ ਕਹਿ ਕੇ ਉਨ੍ਹਾਂ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਪੰਜ ਮਿੰਟ ’ਚ ਪਿੰਡ ਦੇ ਬੱਸ ਸਟੈਂਡ ਤੋਂ ਗੋਲਗੱਪੇ ਖਾ ਕੇ ਆ ਰਿਹਾ ਹੈ।

ਬਾਅਦ ’ਚ ਉਹ ਬੱਸ ਸਟੈਂਡ ਤੋਂ ਕਿਤੇ ਹੋਰ ਚਲਾ ਗਿਆ ਤੇ ਰਸਤੇ ’ਚ ਉਸ ’ਤੇ ਹਮਲਾ ਹੋ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਸਿੱਧੂ ਮੂਸੇ ਵਾਲਾ ਪਹਿਲੀ ਵਾਰ ਇਕੱਲਾ ਨਹੀਂ ਗਿਆ ਸੀ। ਪਹਿਲਾਂ ਵੀ ਉਹ ਕਈ ਵਾਰ ਆਲੇ-ਦੁਆਲੇ ਬਿਨਾਂ ਸੁਰੱਖਿਆ ਤੋਂ ਇਕੱਲਾ ਹੀ ਚਲਾ ਜਾਂਦਾ ਸੀ। ਉਸ ਦੇ ਪਿਤਾ ਉਸ ਨੂੰ ਕਹਿੰਦੇ ਵੀ ਸਨ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੇ ਨਾਲ ਰੱਖੇ ਪਰ ਉਹ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਇੰਝ ਕੁਝ ਨਹੀਂ ਹੁੰਦਾ ਬਾਪੂ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ

ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਐਤਵਾਰ ਨੂੰ ਵੀ ਜਦੋਂ ਸਿੱਧੂ ਮੂਸੇ ਵਾਲਾ ਇਕੱਲਾ ਗਿਆ ਤਾਂ ਉਸ ਦੇ ਪਿਤਾ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੇ ਕਹਿਣ ’ਤੇ ਬੁਲੇਟਪਰੂਫ ਗੱਡੀ ਤੋਂ ਪਿੱਛੇ ਜਾਣਾ ਚਾਹਿਆ ਪਰ ਉਹ ਪੈਂਚਰ ਸੀ। ਇਸ ਤੋਂ ਬਾਅਦ ਦੂਜੀ ਗੱਡੀ ਤੋਂ ਨਿਕਲੇ ਪਰ ਉਦੋਂ ਤਕ ਵਾਰਦਾਤ ਹੋ ਚੁੱਕੀ ਸੀ।

ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਦੇ ਬੱਸ ਸਟੈਂਡ ’ਤੇ ਅਰਵਿੰਦ ਚਾਟ ਭੰਡਾਰ ਲਗਾਉਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਉਸ ਦੇ ਕੋਲ ਆਇਆ ਸੀ ਪਰ ਬਿਨਾਂ ਗੋਲਗੱਪੇ ਖਾਦੇ ਇਹ ਕਹਿ ਕੇ ਨਿਕਲ ਗਿਆ ਕਿ ਥੋੜ੍ਹੀ ਦੇਰ ’ਚ ਆ ਰਿਹਾ ਹਾਂ, ਆ ਕੇ ਗੋਲਗੱਪੇ ਖਾਵਾਂਗਾ ਪਰ ਆਇਆ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh