ਐਸਿਡ ਅਟੈਕ ਦੀਆਂ ਮਿਲ ਰਹੀਆਂ ਧਮਕੀਆਂ ’ਤੇ ਖੁੱਲ੍ਹ ਕੇ ਬੋਲੀ ਸ਼ਹਿਨਾਜ਼ ਕੌਰ ਗਿੱਲ, ਆਖੀਆਂ ਇਹ ਗੱਲਾਂ

03/10/2021 12:10:20 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ’ਚ ਧੂਮ ਮਚਾ ਚੁੱਕੀ ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੀ ਪ੍ਰਸਿੱਧੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਹਾਲ ਹੀ ’ਚ ਸ਼ਹਿਨਾਜ਼ ਕੌਰ ਗਿੱਲ ਨੂੰ ਐਸਿਡ ਅਟੈਕ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਨੂੰ ਲੈ ਕੇ ਸ਼ਹਿਨਾਜ਼ ਕੌਰ ਗਿੱਲ ਨੇ ਚੁੱਪੀ ਤੋੜੀ ਹੈ ਅਤੇ ਧਮਕੀਆਂ ਦੇਣ ਵਾਲੇ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਸ਼ਹਿਨਾਜ਼ ਕੌਰ ਗਿੱਲ ਨੇ ਕਿਹਾ, ‘ਮੈਨੂੰ ਉਨ੍ਹਾਂ ਤੋਂ ਡਰ ਨਹੀਂ ਲੱਗਦਾ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਹੜੇ ਇਹ ਸਭ ਕਰ ਰਹੇ ਹਨ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਇਸ ਨਾਲ ਮੈਨੂੰ ਲੋਕਾਂ ਦਾ ਹੋਰ ਪਿਆਰ ਮਿਲ ਰਿਹਾ ਹੈ। ਅਜਿਹੀਆਂ ਗੱਲਾਂ ਕਰਨ ਵਾਲੇ ਇਹ ਨਹੀਂ ਜਾਣਦੇ ਕਿ ਜੇਕਰ ਇਹ ਲੋਕ ਕਿਸੇ ਬਾਰੇ ਨੈਗੇਟਿਵ ਕਹਿਣਗੇ ਤਾਂ ਇਹ ਉਸ ਇਨਸਾਨ ਲਈ ਪਾਜ਼ੇਟਿਵ ਹੋ ਜਾਂਦਾ ਹੈ। ਇਹ ਸਭ ਚੀਜ਼ਾਂ ਮੇਰੇ ਲਈ ਪ੍ਰਸ਼ੰਸਕਾਂ ਦਾ ਪਿਆਰ ਹੋਰ ਵਧਾ ਰਹੀਆਂ ਹਨ।’

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਦਾ ‘ਫਲਾਈ’ ਗੀਤ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ’ਚ ਉਹ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਤੇ ਉਚਾਨਾ ਅਮਿਤ ਨਾਲ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਦਾ ਇਹ ਗੀਤ ਉਸ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸੇ ਵਜ੍ਹਾ ਕਰਕੇ ਇਹ ਗੀਤ ਯੂਟਿਊਬ ’ਤੇ ਟਰੈਡਿੰਗ ’ਚ ਬਣਿਆ ਹੋਇਆ ਹੈ।

ਖ਼ਾਸ ਗੱਲ ਹੈ ਕਿ ਸ਼ਹਿਨਾਜ਼ ਕੌਰ ਗਿੱਲ ਦੇ ਇਸ ਗੀਤ ’ਤੇ ਕਰੀਬੀ ਦੋਸਤ ਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੇ ਵੀ ਕੁਮੈਂਟ ਕੀਤਾ ਹੈ। ਸਿਧਾਰਥ ਸ਼ੁਕਲਾ ਨੇ ਟਵੀਟ ਕੀਤਾ ਹੈ ‘ਹੁਣੇ ਹੁਣੇ ਫਲਾਈ ਗੀਤ ਸੁਣਿਆ, ਬੇਹੱਦ ਪਸੰਦ ਆਇਆ, ਬਾਦਸ਼ਾਹ ਦਾ ਬਹੁਤ ਵੱਡਾ ਫੈਨ ਹਾਂ। ਸ਼ਹਿਨਾਜ਼ ਗਿੱਲ ਤੂੰ ਇਸ ਗੀਤ ’ਚ ਬਹੁਤ ਵਧੀਆ ਲੱਗ ਰਹੀ ਸੀ, ਤੇਰੇ ’ਤੇ ਮਾਣ ਹੈ।’ ਇਸ ਕੁਮੈਂਟ ਦੇ ਨਾਲ ਹੀ ਸਿਧਾਰਥ ਨੇ ਦਿਲ ਵਾਲਾ ਇਮੋਜੀ ਵੀ ਬਣਾਇਆ।

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਇਸ ਤੋਂ ਪਹਿਲਾਂ ਕਈ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਚੁੱਕੀ ਹੈ। ਇਕ ਮਿਊਜ਼ਿਕ ਵੀਡੀਓ ਸਿਧਾਰਥ ਸ਼ੁਕਲਾ ਨਾਲ ਵੀ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। 

 

ਨੋਟ - ਸ਼ਹਿਨਾਜ਼ ਕੌਰ ਗਿੱਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।  

sunita

This news is Content Editor sunita