ਸ਼ਹਿਨਾਜ਼ ਦੀ ਸਿਹਤ ਨੂੰ ਲੈ ਕੇ ਤਾਜ਼ਾ ਜਾਣਕਾਰੀ, ਹਸਪਤਾਲ ਦੇ ਬਾਹਰ ਇਸ ਹਾਲਤ 'ਚ ਆਈ ਨਜ਼ਰ

10/11/2023 11:01:31 AM

ਮੁੰਬਈ (ਬਿਊਰੋ) — 'ਪੰਜਾਬ ਦੀ ਕੈਟਰੀਨਾ' ਯਾਨੀਕਿ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਲੈ ਕੇ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਉਹ ਹਸਪਤਾਲ 'ਚ ਭਰਤੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਸ਼ਹਿਨਾਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਹਸਪਤਾਲ ਤੋਂ ਇਕ ਲਾਈਵ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਬੈੱਡ 'ਤੇ ਲੰਮੇਂ ਪਈ ਨਜ਼ਰ ਆਈ ਸੀ ਅਤੇ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਬੀਮਾਰ ਹੈ। ਇਸ ਦੌਰਾਨ ਉਸ ਨੇ ਕਿਹਾ, ਮੈਂ ਸਿਰਫ਼ ਸੈਂਡਵਿਚ ਖਾਧਾ ਸੀ, ਜਿਸ ਕਾਰਨ ਮੇਰੇ ਢਿੱਡ 'ਚ ਗੰਭੀਰ ਇਨਫੈਕਸ਼ਨ ਹੋ ਗਈ ਸੀ। ਇਸੇ ਕਰਕੇ ਮੈਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਹੋਣਾ ਪਿਆ। ਹਾਲਾਂਕਿ ਸ਼ਹਿਨਾਜ਼ ਹੁਣ ਠੀਕ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਬਾਹਰ ਆਉਣ ਵਾਲੀ ਅਦਾਕਾਰਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਖੁਦ ਆਪਣੇ ਪੈਰਾਂ 'ਤੇ ਚੱਲ ਕੇ ਆਪਣੀ ਕਾਰ ਵੱਲ ਜਾ ਰਹੀ ਹੈ। ਉਸ ਨੇ ਆਪਣੇ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਸੀ। ਸ਼ਹਿਨਾਜ਼ ਨੂੰ ਠੀਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ।

ਦੱਸਣਯੋਗ ਹੈ ਕਿ ਸ਼ਹਿਨਾਜ਼ ਨੇ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਐਲਬਮਾਂ 'ਚ ਕੰਮ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਸ਼ਹਿਨਾਜ਼ ਨੂੰ ਸਲਮਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 13 ਤੋਂ ਪਛਾਣ ਮਿਲੀ। ਸ਼ਹਿਨਾਜ਼ ਗਿੱਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਸਲਮਾਨ ਖ਼ਾਨ ਨਾਲ 'ਕਿਸ ਕਾ ਭਾਈ ਕਿਸੀ ਕੀ ਜਾਨ' 'ਚ ਡੈਬਿਊ ਕੀਤਾ ਸੀ। ਫਿਰ ਉਸ ਨੇ ਭੂਮੀ ਪੇਡਨੇਕਰ, ਡੌਲੀ ਸਿੰਘ, ਕੁਸ਼ਾ ਕਪਿਲਾ ਅਤੇ ਸ਼ਿਬਾਨੀ ਬੇਦੀ ਅਭਿਨੀਤ ਸੈਕਸ ਕਾਮੇਡੀ ਫ਼ਿਲਮ 'ਥੈਂਕ ਯੂ ਫਾਰ ਕਮਿੰਗ' ਲਈ ਕਰਨ ਬੁਲਾਨੀ ਨਾਲ ਹੱਥ ਮਿਲਾਇਆ। ਇਹ ਫ਼ਿਲਮ 6 ਅਕਤੂਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਮਿਲਦਾ-ਜੁਲਦਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਹਨ। ਤਾਲਾਬੰਦੀ ਦੌਰਾਨ ਉਹ ਜੱਸੀ ਗਿੱਲ ਦੇ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਹਿੰਦੀ ਗੀਤਾਂ ‘ਚ ਵੀ ਕੰਮ ਕਰ ਰਹੀ ਹੈ।

sunita

This news is Content Editor sunita