17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ

10/21/2021 10:37:12 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅੱਜ ਕਰੂਜ਼ ਡਰੱਗਸ ਕੇਸ ’ਚ ਮੁੰਬਈ ਦੀ ਆਰਥਰ ਜੇਲ੍ਹ ’ਚ ਬੰਦ ਆਪਣੇ ਬੇਟੇ ਆਰੀਅਨ ਖ਼ਾਨ ਨੂੰ ਮਿਲਣ ਪਹੁੰਚੇ। ਸ਼ਾਹਰੁਖ ਸਵੇਰੇ ਲਗਭਗ 9:15 ’ਤੇ ਆਰਥਰ ਜੇਲ੍ਹ ਪਹੁੰਚੇ ਤੇ ਵਿਜ਼ਿਟਰ ਲਾਈਨ ’ਚੋਂ ਹੁੰਦੇ ਹੋਏ ਅੰਦਰ ਗਏ। ਇਹ ਪਹਿਲੀ ਵਾਰ ਹੈ, ਜਦੋਂ ਸ਼ਾਹਰੁਖ ਜੇਲ੍ਹ ’ਚ ਬੰਦ ਆਰੀਅਨ ਖ਼ਾਨ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ।

ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ।

ਕੱਲ ਮਹਾਨਗਰ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਆਰੀਅਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਸ਼ੇਸ਼ ਜੱਜ ਵੀ. ਵੀ. ਪਾਟਿਲ ਨੇ ਆਰੀਅਨ ਤੇ ਉਸ ਦੇ ਦੋ ਦੋਸਤਾਂ ਅਰਬਾਜ਼ ਮਰਚੇਂਟ ਤੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ।

ਜ਼ਮਾਨਤ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈਕੋਰਟ ’ਚ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਸੀ। ਆਰੀਅਨ ਦੀ ਇਸ ਪਟੀਸ਼ਨ ’ਤੇ ਸੁਣਵਾਈ ਹੋ ਸਕਦੀ ਹੈ। ਆਰੀਅਨ ਦੇ ਵਕੀਲਾਂ ਵਲੋਂ ਅੱਜ ਨਿਆਮੂਰਤੀ ਐੱਨ. ਡਬਲਯੂ. ਸਾਂਬਰੇ ਦੀ ਇਕ ਬੈਂਚ ਦੇ ਸਾਹਮਣੇ ਅਪੀਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh