ਜਾਂਦੇ-ਜਾਂਦੇ ਵੀ ਲੋਕਾਂ ਨੂੰ ਹਸਾ ਗਏ ਸਤੀਸ਼ ਕੌਸ਼ਿਕ, ਕੀ ਤੁਸੀਂ ਦੇਖਿਆ ‘ਪੌਪ ਕੌਨ’ ਦਾ ਟਰੇਲਰ?

03/11/2023 1:40:23 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। 66 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਨੇ ਸਾਰਿਆਂ ਨੂੰ ਗੁੰਝਲਦਾਰ ਕਰ ਦਿੱਤਾ ਹੈ। ਸਤੀਸ਼ ਕੌਸ਼ਿਕ ਦਾ ਜ਼ਿਕਰ ਕਰਨ ’ਤੇ ਇੰਝ ਲੱਗਦਾ ਹੈ ਕਿ ਕਾਸ਼ ਉਨ੍ਹਾਂ ਦੀ ਮੌਤ ਦੀ ਖ਼ਬਰ ਇਕ ਬੁਰਾ ਸੁਪਨਾ ਹੁੰਦਾ ਪਰ ਅਫ਼ਸੋਸ ਹੁਣ ਸਿਰਫ਼ ਉਨ੍ਹਾਂ ਦੇ ਬੋਲ ਹੀ ਰਹਿ ਗਏ ਹਨ। ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸ਼ੋਅ ‘ਪੌਪ ਕੌਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ।

ਸਤੀਸ਼ ਕੌਸ਼ਿਕ ਉਨ੍ਹਾਂ ਸਿਤਾਰਿਆਂ ’ਚੋਂ ਇਕ ਸਨ, ਜੋ ਆਪਣੀ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਸਨ। ਸਤੀਸ਼ ਕੌਸ਼ਿਕ ਦਾ ਰੋਲ ਭਾਵੇਂ ਵੱਡਾ ਹੋਵੇ ਜਾਂ ਛੋਟਾ, ਉਹ ਪਰਦੇ ’ਤੇ ਜਦੋਂ ਤੱਕ ਰਹੇਗਾ, ਉਦੋਂ ਤੱਕ ਲੋਕਾਂ ਨੂੰ ਹਸਾਉਂਦਾ ਰਹੇਗਾ। ‘ਪੌਪ ਕੌਨ’ ਦੇ ਟਰੇਲਰ ’ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਡਿਜ਼ਨੀ ਪਲੱਸ ਹੌਟਸਟਾਰ ਦੇ ਨਵੇਂ ਸ਼ੋਅ ‘ਪੌਪ ਕੌਨ’ ਦਾ ਟਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ।

ਇਹ ਖ਼ਬਰ ਵੀ ਪੜ੍ਹੋ : ਐਲੀ ਮਾਂਗਟ ਨੇ ਮੂਸਾ ਪਿੰਡ ਵਿਖੇ ਸਿੱਧੂ ਦੇ ਪਿਤਾ ਨਾਲ ਕੀਤੀ ਮੁਲਾਕਾਤ

‘ਪੌਪ ਕੌਨ’ ਇਕ ਕਾਮੇਡੀ ਸੀਰੀਜ਼ ਹੈ। ਕੁਣਾਲ ਖੇਮੂ, ਜੈਮੀ ਲੀਵਰ, ਰਾਜਪਾਲ ਯਾਦਵ, ਸੌਰਭ ਸ਼ੁਕਲਾ, ਨੂਪੁਰ ਸੈਨਨ, ਜੌਨੀ ਲੀਵਰ, ਚੰਕੀ ਪਾਂਡੇ ਤੇ ਸਤੀਸ਼ ਕੌਸ਼ਿਕ ਸ਼ੋਅ ਦੇ ਮੁੱਖ ਕਲਾਕਾਰ ਹਨ। ‘ਪੌਪ ਕੌਨ’ ਦਾ ਟਰੇਲਰ ਕਾਮੇਡੀ ਨਾਲ ਭਰਪੂਰ ਹੈ। ਲੰਬੇ ਸਮੇਂ ਬਾਅਦ ਕਿਸੇ ਕਾਮੇਡੀ ਸੀਰੀਜ਼ ਦੇ ਟਰੇਲਰ ਨੇ ਲੋਕਾਂ ਨੂੰ ਰੱਜ ਕੇ ਹਸਾਇਆ। ਸ਼ੋਅ ਦੀ ਕਹਾਣੀ ਕੁਣਾਲ ਖੇਮੂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦਾ ਅਸਲੀ ਪਿਤਾ ਕੌਣ ਹੈ।

ਇੰਸਟਾਗ੍ਰਾਮ ’ਤੇ ਸੀਰੀਜ਼ ਦੇ ਟਰੇਲਰ ਨੂੰ ਰਿਲੀਜ਼ ਕਰਦਿਆਂ ਕੁਣਾਲ ਖੇਮੂ ਨੇ ਲਿਖਿਆ, ‘‘ਕਾਮੇਡੀ ਦੇ ਦਿੱਗਜ ਕਲਾਕਾਰ ਸਤੀਸ਼ ਕੌਸ਼ਿਕ ਜੀ ਨੂੰ ਸਲਾਮ, ਜਿਨ੍ਹਾਂ ਦੇ ਕੰਮ ਨੇ ਸਾਨੂੰ ਸਾਲਾਂ ਤੱਕ ਹਸਾਇਆ।’’ ਟਰੇਲਰ ’ਚ ਸਤੀਸ਼ ਕੌਸ਼ਿਕ ਆਪਣੀ ਛੋਟੀ ਜਿਹੀ ਭੂਮਿਕਾ ’ਚ ਵੀ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਂਦੇ ਨਜ਼ਰ ਆਏ।

ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਮਲਟੀ-ਸਟਾਰਰ ਸੀਰੀਜ਼ ‘ਪੌਪ ਕੌਨ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਸੀਰੀਜ਼ ’ਚ ਉਹ ਕੁਣਾਲ ਖੇਮੂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਟਰੇਲਰ ’ਚ ਉਸ ਦੀ ਭੂਮਿਕਾ ਪ੍ਰਭਾਵਸ਼ਾਲੀ ਸੀ।

ਇਹ 17 ਮਾਰਚ ਤੋਂ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਹੋਵੇਗਾ। ਟਰੇਲਰ ’ਚ ਸਤੀਸ਼ ਕੌਸ਼ਿਕ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ। ਟਰੇਲਰ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਤੇ ਇਸ ਸਮੇਂ ਯੂਟਿਊਬ ’ਤੇ 17ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita