ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਸਲਮਾਨ ਖ਼ਾਨ ਨੂੰ ਜੋਧਪੁਰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ

03/22/2022 5:31:38 PM

ਮੁੰਬਈ (ਬਿਊਰੋ)– ਸਾਲ 2008 ’ਚ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਹੋਇਆ ਕਾਲਾ ਹਿਰਨ ਮਾਮਲਾ ਅਜੇ ਵੀ ਹੱਲ ਨਹੀਂ ਹੋਇਆ ਹੈ। ਹਾਲਾਂਕਿ ਹੁਣ ਇਸ ਮਾਮਲੇ ’ਚ ਜੋਧਪੁਰ ਹਾਈਕੋਰਟ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ।

ਸਲਮਾਨ ਖ਼ਾਨ ਵਲੋਂ ਦਾਇਰ ਕੀਤੀ ਗਈ ਟਰਾਂਸਫਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹੁਣ ਸਾਰੇ ਮਾਮਲਿਆਂ ਦੀ ਇਕੱਠਿਆਂ ਹਾਈਕੋਰਟ ’ਚ ਸੁਣਵਾਈ ਹੋਵੇਗਾ। ਇਸ ਨਾਲ ਸਲਮਾਨ ਖ਼ਾਨ ਨੂੰ ਵਾਰ-ਵਾਰ ਪੇਸ਼ੀ ਲਈ ਵੱਖ-ਵੱਖ ਅਦਾਲਤਾਂ ’ਚ ਹਾਜ਼ਰ ਨਹੀਂ ਹੋਣਾ ਹੋਵੇਗਾ।

ਅਸਲ ’ਚ ਸਲਮਾਨ ਖ਼ਾਨ ਵਲੋਂ ਤਿੰਨ ਮਾਮਲਿਆਂ ਦੀ ਸੁਣਵਾਈ ਇਕੋ ਜਗ੍ਹਾ ਟਰਾਂਸਫਰ ਕਰਨ ਦੀ ਪਟੀਸ਼ਨ ਲਗਾਈ ਗਈ ਸੀ। ਇਸ ਟਰਾਂਸਫਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹਾਈਕੋਰਟ ਦੇ ਜੱਜ ਪੁਸ਼ਪੇਂਦਰ ਭਾਟੀ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ। ਸੁਣਵਾਈ ਦੌਰਾਨ ਸਲਮਾਨ ਦੀ ਭੈਣ ਅਲਵੀਰਾ ਵੀ ਕੋਰਟ ’ਚ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ : ‘ਗਲੀ ਬੁਆਏ’ ਫੇਮ ਰੈਪਰ ਐੱਮ. ਸੀ. ਤੋੜ ਫੋੜ ਦਾ 24 ਸਾਲ ਦੀ ਉਮਰ ’ਚ ਦਿਹਾਂਤ

ਦੱਸ ਦੇਈਏ ਕਿ ਰਾਜਸਥਾਨ ’ਚ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਚੱਲ ਰਹੀ ਸੀ। ਉਸ ਸਮੇਂ ਸਲਮਾਨ ਖ਼ਾਨ ’ਤੇ ਚਾਰ ਵੱਖ-ਵੱਖ ਦੋਸ਼ ਲਗਾਏ ਗਏ ਸਨ। ਮਾਮਲੇ ’ਚ ਫ਼ਿਲਮ ਅਦਾਕਾਰਾ ਸੈਫ ਅਲੀ ਖ਼ਾਨ, ਅਦਾਕਾਰਾ ਨੀਲਮ, ਤੱਬੂ ਤੇ ਸੋਨਾਲੀ ਬੇਂਦਰੇ ਨੂੰ ਵੀ ਸਹਿ ਦੋਸ਼ੀ ਬਣਾਇਆ ਗਿਆ ਸੀ। ਮਾਮਲੇ ’ਚ ਕੁਲ ਸੱਤ ਦੋਸ਼ੀ ਬਣਾਏ ਗਏ ਸਨ, ਜਿਨ੍ਹਾਂ ’ਚੋਂ ਦੋ ਹੋਰ ਦੋਸ਼ੀ ਸਥਾਨਕ ਨਿਵਾਸੀ ਦੁਸ਼ਯੰਤ ਸਿੰਘ ਤੇ ਦਿਨੇਸ਼ ਗਾਬਰੇ ਹਨ।

ਰਾਜਸਥਾਨ ਦੇ ਬਿਸ਼ਨੋਈ ਸਮਾਜ ਵਲੋਂ ਸਲਮਾਨ ਖ਼ਾਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਸਲਮਾਨ ਖ਼ਿਲਾਫ਼ ਤਿੰਨ ਵੱਖ-ਵੱਖ ਥਾਵਾਂ ’ਤੇ ਹਿਰਣ ਦਾ ਸ਼ਿਕਾਰ ਤੇ ਹਥਿਆਰ ਰੱਖਣ ਦੇ ਮਾਮਲੇ ਦਰਜ ਕੀਤੇ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh