ਸੈਫ ਅਲੀ ਖ਼ਾਨ ’ਤੇ ਲੱਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, ਰਾਵਣ ’ਤੇ ਦਿੱਤਾ ਸੀ ਬਿਆਨ

12/16/2020 6:33:10 PM

ਮੁੰਬਈ (ਬਿਊਰੋ)– ਸੈਫ ਅਲੀ ਖ਼ਾਨ ਖ਼ਿਲਾਫ਼ ਆਪਣੀ ਆਉਣ ਵਾਲੀ ਫ਼ਿਲਮ ‘ਆਦੀਪੁਰੁਸ਼’ ’ਚ ‘ਰਾਵਣ’ ਦੇ ਮਨੁੱਖੀ ਪੱਖਾਂ ਬਾਰੇ ਗੱਲ ਕਰਨ ਲਈ ਕੇਸ ਦਾਇਰ ਕੀਤਾ ਗਿਆ ਹੈ। ਸੈਫ ਅਲੀ ਖ਼ਾਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਇਹ ਫ਼ਿਲਮ ‘ਰਾਵਣ’ ਦੇ ਮਨੁੱਖੀ ਪੱਖਾਂ ਤੇ ਸੀਤਾ ਹਰਨ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਿਵਾਦ ਤੋਂ ਬਾਅਦ ਸੈਫ ਅਲੀ ਖ਼ਾਨ ਨੇ ਮੁਆਫੀ ਵੀ ਮੰਗੀ। ਹੁਣ ਉੱਤਰ ਪ੍ਰਦੇਸ਼ ਦੇ ਇਕ ਵਕੀਲ ਨੇ ਸੈਫ ਅਲੀ ਖ਼ਾਨ ਤੇ ਫ਼ਿਲਮ ਨਿਰਦੇਸ਼ਕ ਓਮ ਰਾਓਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਦਾਇਰ ਕੀਤਾ ਹੈ। ਇਸ ਕੇਸ ਦੀ ਸੁਣਵਾਈ ਜੌਨਪੁਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਹੋਵੇਗੀ।

ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਲਈ 23 ਦਸੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ। ਸਿਵਲ ਕੋਰਟ ਦੇ ਵਕੀਲ ਹਿਮਾਂਸ਼ੂ ਸ਼੍ਰੀਵਾਸਤਵ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਉਹ ਸਨਾਤਨ ਧਰਮ ਦਾ ਪੈਰੋਕਾਰ ਹੈ ਤੇ ਸੈਫ ਅਲੀ ਖ਼ਾਨ ਦੀਆਂ ਟਿੱਪਣੀਆਂ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੂੰ ਨੇਕੀ ਦਾ ਪ੍ਰਤੀਕ ਮੰਨਿਆ ਗਿਆ ਹੈ, ਜਦੋਂਕਿ ‘ਰਾਵਣ’ ਨੂੰ ਬੁਰਾਈ ਦੇ ਰੂਪ ’ਚ ਦੇਖਿਆ ਜਾਂਦਾ ਹੈ।

‘ਆਦੀਪੁਰੁਸ਼’ ਫ਼ਿਲਮ ’ਚ ‘ਰਾਵਣ’ ਦਾ ਕਿਰਦਾਰ ਨਿਭਾਉਣ ਜਾ ਰਹੇ ਸੈਫ ਅਲੀ ਖ਼ਾਨ ਨੇ ਇਕ ਬਿਆਨ ’ਚ ਕਿਹਾ, ‘‘ਰਾਵਣ’ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਦਿਲਚਸਪ ਹੋਵੇਗਾ ਪਰ ਫ਼ਿਲਮ ’ਚ ਅਸੀਂ ‘ਰਾਵਣ’ ਨੂੰ ਮਨੁੱਖੀ ਦ੍ਰਿਸ਼ਟੀਕੋਣ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਸੀਤਾ ਦੇ ਅਗਵਾ ਕਰਨ ਤੇ ਰਾਮ ਨਾਲ ਲੜਾਈ ਨੂੰ ਬਦਲੇ ਵਜੋਂ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿਉਂਕਿ ਲਕਸ਼ਮਣ ਨੇ ‘ਰਾਵਣ’ ਦੀ ਭੈਣ ਸਰੂਪਨਖਾ ਦੀ ਨੱਕ ਵੱਢੀ ਸੀ।

ਹਾਲਾਂਕਿ ਵਿਵਾਦ ਤੋਂ ਬਾਅਦ ਸੈਫ ਅਲੀ ਖ਼ਾਨ ਨੇ ਕਿਹਾ ਕਿ ਉਹ ਆਪਣਾ ਬਿਆਨ ਵਾਪਸ ਲੈਂਦਾ ਹੈ ਤੇ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦਾ ਹੈ। ਹਿਮਾਂਸ਼ੂ ਸ਼੍ਰੀਵਾਸਤਵ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਸੈਫ ਅਲੀ ਖ਼ਾਨ ਨੇ ਆਪਣੀ ਇੰਟਰਵਿਊ ’ਚ ਸਨਾਤਨ ਧਰਮ ’ਚ ਵਿਸ਼ਵਾਸ ਨੂੰ ਨਾਕਾਰਾਤਮਕ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਨਾ ਹੀ ਨਹੀਂ, ਸ਼੍ਰੀਵਾਸਤਵ ਨੇ ਆਪਣੀ ਪਟੀਸ਼ਨ ’ਚ ਕੁਝ ਲੋਕਾਂ ਨੂੰ ਗਵਾਹ ਵਜੋਂ ਪੇਸ਼ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਵਾਹਾਂ ਨੇ ਇੰਟਰਵਿਊ ਨੂੰ ਆਨਲਾਈਨ ਵੀ ਵੇਖਿਆ ਹੈ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਭਾਜਪਾ ਨੇਤਾ ਰਾਮ ਕਦਮ ਨੇ ਵੀ ਸੈਫ ਅਲੀ ਖ਼ਾਨ ਦੇ ਬਿਆਨ ਖ਼ਿਲਾਫ਼ ਟਿੱਪਣੀ ਕੀਤੀ ਸੀ। ਕਈ ਟਿੱਪਣੀਆਂ ਤੇ ਵਿਵਾਦ ਤੋਂ ਬਾਅਦ ਸੈਫ ਅਲੀ ਖ਼ਾਨ ਨੇ ਕਿਹਾ ਸੀ, ‘ਮੈਨੂੰ ਪਤਾ ਲੱਗਾ ਹੈ ਕਿ ਇੰਟਰਵਿਊ ਦੌਰਾਨ ਮੇਰੀਆਂ ਕੁਝ ਟਿੱਪਣੀਆਂ ਨੇ ਵਿਵਾਦ ਪੈਦਾ ਕੀਤਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਮੇਰਾ ਇਰਾਦਾ ਨਹੀਂ ਸੀ ਤੇ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਚਾਹੁੰਦਾ ਸੀ। ਮੈਂ ਅਜਿਹੇ ਸਾਰੇ ਲੋਕਾਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ ਤੇ ਆਪਣਾ ਬਿਆਨ ਵਾਪਸ ਲੈਂਦਾ ਹਾਂ।’

ਨੋਟ– ਸੈਫ ਅਲੀ ਖ਼ਾਨ ਦੇ ਬਿਆਨ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh