ਅਦਾਕਾਰਾ ਰਿਚਾ ਚੱਢਾ ਨੂੰ ਗਲਵਾਨ ''ਤੇ ਟਿੱਪਣੀ ਕਰਨੀ ਪਈ ਮਹਿੰਗੀ, ''ਫੁਕਰੇ 3'' ਦਾ ਬਾਇਕਾਟ ਸ਼ੁਰੂ

11/25/2022 3:23:26 PM

ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਿਚਾ ਚੱਢਾ ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੀ ਹੋਈ ਹੈ। ਰਿਚਾ ਚੱਢਾ ਦਾ ਨਾਂ ਇਨ੍ਹੀਂ ਦਿਨੀਂ ਗਲਵਾਨ ਕਾਂਡ 'ਤੇ ਆਪਣੇ ਵਿਵਾਦਿਤ ਟਵੀਟ ਕਾਰਨ ਸੁਰਖੀਆਂ 'ਚ ਘਿਰਿਆ ਹੋਇਆ ਹੈ। ਹਾਲਾਂਕਿ ਰਿਚਾ ਚੱਡਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਲਈ ਮੁਆਫ਼ੀ ਵੀ ਮੰਗ ਲਈ ਹੈ। ਇਸ ਦੌਰਾਨ ਰਿਚਾ ਚੱਢਾ ਦਾ ਇੱਕ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਿਚਾ ਚੱਢਾ ਪਾਕਿਸਤਾਨ ਦੇ ਸਮਰਥਨ 'ਚ ਬੋਲਦੀ ਨਜ਼ਰ ਆ ਰਹੀ ਹੈ।

ਪਾਕਿਸਤਾਨ ਬਾਰੇ ਆਖੀ ਸੀ ਇਹ ਗੱਲ
ਫ਼ਿਲਮ 'ਧਾਰਾ 375' ਦੀ ਪ੍ਰਮੋਸ਼ਨ ਦੌਰਾਨ ਇਕ ਵਾਰ ਇਕ ਪੱਤਰਕਾਰ ਨੇ ਰਿਚਾ ਚੱਢਾ ਨੂੰ ਸਵਾਲ ਪੁੱਛਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਸਾਡੀਆਂ ਫ਼ਿਲਮਾਂ 'ਤੇ ਪਾਬੰਦੀ ਲਗਾ ਰਿਹਾ ਹੈ ਅਤੇ ਸਾਡੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਉਥੇ ਜਾ ਕੇ ਪਰਫਾਰਮੈਂਸ ਦੇ ਰਹੇ ਹਨ। ਇਸ 'ਤੇ ਰਿਚਾ ਚੱਢਾ ਨੇ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ- ਇਸ ਮਾਮਲੇ 'ਤੇ ਮੇਰਾ ਨਜ਼ਰੀਆ ਹਰ ਕਿਸੇ ਤੋਂ ਵੱਖਰਾ ਹੈ। ਮੇਰਾ ਮੰਨਣਾ ਹੈ ਕਿ ਕਲਾਕਾਰ ਉਹ ਹੁੰਦੇ ਹਨ, ਜੋ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੇ ਹਨ।


ਰਿਚਾ ਨੇ ਅੱਗੇ ਕਿਹਾ ਸੀ ਕਿ ਮੇਰੇ ਹਿਸਾਬ ਨਾਲ ਇੱਕ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਮੈਨੂੰ ਇੰਝ ਲੱਗਦਾ ਹੈ ਕਿ ਕਲਾਕਾਰ ਨੂੰ ਇਸ ਕਰਕੇ ਬੈਨ ਕਰਦੇ ਹਨ ਕਿ ਕਿਤੇ ਉਹ 2 ਮੁਲਕਾਂ ਦੀ ਦੋਸਤੀ ਨਾ ਕਰਵਾ ਦੇਵੇ। ਇਸ ਤੋਂ ਇਲਾਵਾ ਰਿਚਾ ਚੱਢਾ ਨੇ ਇਹ ਵੀ ਕਿਹਾ ਸੀ ਕਿ ਜੇਕਰ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਗਾਉਣ ਕਾਰਨ ਕੋਈ ਹਮਲਾ ਨਹੀਂ ਹੁੰਦਾ ਤਾਂ ਸ਼ੌਕ ਨਾਲ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ ਪਰ ਇਸ ਦੀ ਗਾਰੰਟੀ ਕੌਣ ਦੇਵੇਗਾ। ਰਿਚਾ ਚੱਢਾ ਦੇ ਇਸ ਪੁਰਾਣੇ ਵੀਡੀਓ ਨੂੰ ਲੈ ਕੇ ਅਦਾਕਾਰਾ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।

ਫ਼ਿਲਮ 'ਫੁਕਰੇ 3' ਦਾ ਹੋਣ ਲੱਗਾ ਬਾਈਕਾਟ
ਰਿਚਾ ਚੱਢਾ ਦਾ ਸੋਸ਼ਲ ਮੀਡੀਆ 'ਤੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ 'ਫੁਕਰੇ 3' ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- 'ਰਿਚਾ ਚੱਢਾ ਤੁਹਾਨੂੰ ਭਾਰਤੀ ਫੌਜ ਦੀ ਕਦਰ ਕਰਨੀ ਚਾਹੀਦੀ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ 'ਗਲਵਾਨ ਦੇ ਬਹਾਦਰਾਂ 'ਤੇ ਟਿੱਪਣੀ ਕਰਕੇ ਤੁਹਾਨੂੰ ਬਹੁਤ ਪਛਤਾਵਾ ਹੋਵੇਗਾ, ਤੁਹਾਡੀ ਫ਼ਿਲਮ 'ਫੁਕਰੇ 3' ਅਗਲੇ ਮਹੀਨੇ ਰਿਲੀਜ਼ ਹੋ ਰਹੀ ਹੈ, ਦੇਖੋ ਉਸ ਨਾਲ ਕੀ ਹੁੰਦਾ ਹੈ।' ਇਸ ਤਰ੍ਹਾਂ ਕਈ ਲੋਕ ਰਿਚਾ ਚੱਢਾ ਦੀ ਖਿਚਾਈ ਕਰ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਨੇ ਵੀ ਰਿਚਾ ਚੱਢਾ ਦੇ ਬਿਆਨ ਦੀ ਨਿੰਦਿਆ ਕੀਤੀ ਹੈ।


ਗਲਵਨ ਕਾਂਡ 'ਤੇ ਕੀਤਾ ਇਹ ਟਵੀਟ?
ਗਲਵਾਨ ਕਾਂਡ 'ਤੇ ਟਵੀਟ ਕਰਨ ਤੋਂ ਬਾਅਦ ਰਿਚਾ ਚੱਢਾ ਨੇ ਵਧਦੇ ਵਿਵਾਦ ਨੂੰ ਵੇਖਦੇ ਹੋਏ ਇਸ ਨੂੰ ਡਿਲੀਟ ਕਰ ਦਿੱਤਾ ਸੀ। ਦਰਅਸਲ, ਰਿਚਾ ਚੱਢਾ ਨੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਦੇ ਉਸ ਬਿਆਨ ਨੂੰ ਰੀਟਵੀਟ ਕੀਤਾ, ਜਿਸ 'ਚ ਉਪੇਂਦਰ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਤੇ ਮੁੜ ਕਬਜ਼ਾ ਕਰਨ ਲਈ ਤਿਆਰ ਹੈ ਅਤੇ ਅਸੀਂ ਸਰਕਾਰ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਾਂ। ਰਿਚਾ ਚੱਢਾ ਨੇ ਇਸ 'ਤੇ ਗਲਵਨ ਨਮਸਤੇ ਲਿਖਿਆ, ਜਿਸ ਤੋਂ ਬਾਅਦ ਉਸ 'ਤੇ ਸੋਸ਼ਲ ਮੀਡੀਆ 'ਤੇ ਸ਼ਹੀਦ ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਉਣ ਦੇ ਦੋਸ਼ ਲੱਗੇ ਸਨ।


 

sunita

This news is Content Editor sunita