ਡਰੱਗਜ਼ ਲੈਣ ਵਾਲੀਆਂ 25 ਬਾਲੀਵੁੱਡ ਹਸਤੀਆਂ ਦੀ ਲਿਸਟ ਤਿਆਰ, ਜਲਦ ਹੋਵੇਗੀ ਕਾਰਵਾਈ

09/09/2020 10:02:06 AM

ਮੁੰਬਈ (ਬਿਊਰੋ) : ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਹੁਣ ਪੂਰੀ ਤਰ੍ਹਾਂ ਚਲ ਪਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਭਾਵ ਐੱਨ. ਸੀ. ਬੀ. ਦੀ ਟੀਮ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਰੀਆ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐਤਵਾਰ ਤੇ ਸੋਮਵਾਰ ਨੂੰ ਲਗਪਗ 14 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐੱਨ. ਸੀ. ਬੀ. ਰੀਆ ਤੋਂ ਪੁੱਛਗਿੱਛ ਰਾਹੀਂ ਬਾਲੀਵੁੱਡ ਹਸਤੀਆਂ ਦੁਆਰਾ ਡਰੱਗਜ਼ ਦੀ ਵਰਤੋਂ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ  ਐੱਨ. ਸੀ. ਬੀ. ਨੇ 'ਦਮ ਮਾਰੋ ਦਮ' ਕਰਨ ਵਾਲੀਆਂ 25 ਫ਼ਿਲਮੀ ਹਸਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਹੋ ਸਕਦੀ ਹੈ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ 'ਚ ਨਸ਼ੀਲੀ ਦਵਾਈਆਂ ਦੀ ਵਰਤੋਂ ਤੇ ਖਰੀਦੋ-ਫਰੋਤ ਤਕ ਜਾ ਪਹੁੰਚਿਆ ਹੈ ਕਿਉਂਕਿ ਇਸ ਦੇ ਸੁਰਾਗ ਰੀਆ ਦੇ ਮੋਬਾਈਲ ਤੋਂ 2019-2020 'ਚ ਕੀਤੀ ਗਈ ਚੈਟ ਵਿਚੋਂ ਮਿਲੇ ਹਨ। ਇਸ ਲਈ ਰੀਆ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ।

ਐੱਨ. ਸੀ. ਬੀ. ਸ਼ੌਵਿਕ ਚੱਕਰਵਰਤੀ ਸਣੇ 9 ਲੋਕਾਂ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਚੁੱਕਾ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ 'ਚ ਮਿਲੀਆਂ ਜਾਣਕਾਰੀਆਂ ਤੋਂ ਬਾਅਦ ਹੀ ਐੱਨ. ਸੀ. ਬੀ. ਨੇ ਐਤਵਾਰ ਨੂੰ ਰੀਆ ਤੋਂ ਪੁੱਛਗਿੱਛ ਸ਼ੁਰੂ ਕੀਤੀ ਸੀ। ਰੀਆ ਨੇ ਐੱਨ. ਸੀ. ਬੀ. ਸਾਹਮਣੇ ਆਪਣੇ ਭਰਾ ਅਤੇ ਹੋਰ ਲੋਕਾਂ ਨਾਲ ਡਰੱਗਜ਼ ਸਬੰਧੀ ਚੈਟ ਦੀ ਗੱਲ ਕਬੂਲ ਕੀਤੀ ਹੈ ਪਰ ਖ਼ੁਦ ਡਰੱਗਸ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਮੋਬਾਈਲ ਤੋਂ ਭੇਜੇ ਗਏ ਮੈਸੇਜ ਸੁਸ਼ਾਂਤ ਖ਼ੁਦ ਬੋਲ ਕੇ ਲਿਖਵਾਉਂਦਾ ਸੀ। ਐੱਨ. ਸੀ. ਬੀ. ਰੀਆ ਤੋਂ ਬਾਲੀਵੁੱਡ 'ਚ ਡਰੱਗਜ਼ ਦਾ ਇਸਤੇਮਾਲ ਕਰਨ ਵਾਲੇ ਹੋਰ ਲੋਕਾਂ ਅਤੇ ਰੀਆ ਦੇ ਸੰਪਰਕ 'ਚ ਰਹੇ ਡਰੱਗਜ਼ ਪੈਡਲਰਜ਼ (ਨਸ਼ਾ ਤਸਕਰਾਂ) ਬਾਰੇ ਜਾਣਨਾ ਚਾਹੁੰਦੀ ਹੈ।

sunita

This news is Content Editor sunita