ਡਰੱਗਸ ਕੇਸ ’ਚ ਫਸੀ ਰੀਆ ਚੱਕਰਵਰਤੀ 2021 ’ਚ ਕਰੇਗੀ ਫ਼ਿਲਮਾਂ ’ਚ ਵਾਪਸੀ

12/31/2020 7:31:55 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਡਰੱਗ ਕਨੈਕਸ਼ਨ ਕਰਕੇ ਗ੍ਰਿਫ਼ਤਾਰ ਹੋਈ ਅਦਾਕਾਰਾ ਰੀਆ ਚੱਕਰਵਰਤੀ ਸਾਲ 2021 ’ਚ ਵਾਪਸੀ ਕਰਨ ਜਾ ਰਹੀ ਹੈ। ਰੀਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀ ਤੇ ਲੇਖਕ-ਨਿਰਦੇਸ਼ਕ ਰੂਮੀ ਜ਼ਾਫਰੀ ਨੇ ਇਸ ਬਾਰੇ ਦੱਸਿਆ ਹੈ। ਉਹ ਕਹਿੰਦੇ ਹਨ ਕਿ ਇਹ ਸਾਲ ਰੀਆ ਲਈ ਇਕ ਸਦਮੇ ਵਾਂਗ ਹੈ। ਉਹ ਅਗਲੇ ਸਾਲ ਦੀ ਸ਼ੁਰੂਆਤ ’ਤੇ ਯਕੀਨੀ ਤੌਰ ’ਤੇ ਵਾਪਸੀ ਕਰੇਗੀ।

ਰੂਮੀ ਜ਼ਾਫਰੀ ਨੇ ਇਕ ਇੰਟਰਵਿਊ ’ਚ ਕਿਹਾ, ‘ਇਹ ਸਾਲ ਉਸ ਲਈ ਦੁਖਦਾਈ ਸੀ। ਹਾਲਾਂਕਿ ਇਹ ਸਾਲ ਸਾਰਿਆਂ ਲਈ ਬਹੁਤ ਦੁਖਦਾਈ ਸੀ ਪਰ ਉਸ ਦੇ ਕੇਸ ’ਚ ਇਹ ਇਕ ਹੋਰ ਕਿਸਮ ਦਾ ਸਦਮਾ ਸੀ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ। ਇਕ ਮੱਧ ਵਰਗੀ ਪਰਿਵਾਰ ਤੋਂ ਆਉਣ ਵਾਲੀ ਲੜਕੀ ਇਕ ਮਹੀਨੇ ਲਈ ਜੇਲ ’ਚ ਬੰਦ ਸੀ।’

ਰੂਮੀ ਨੇ ਅੱਗੇ ਕਿਹਾ, ‘ਰੀਆ ਅਗਲੇ ਸਾਲ ਦੀ ਸ਼ੁਰੂਆਤ ’ਚ ਵਾਪਸੀ ਕਰੇਗੀ। ਮੈਂ ਰੀਆ ਨੂੰ ਕਿਹਾ ਸੀ ਕਿ ਉਦਯੋਗ ਖੁੱਲ੍ਹੇ ਹਥਿਆਰਾਂ ਨਾਲ ਉਸ ਦਾ ਸਵਾਗਤ ਕਰੇਗਾ।’

ਦੱਸਣਯੋਗ ਹੈ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਬਾਂਦਰਾ ਸਥਿਤ ਘਰ ’ਚ ਮ੍ਰਿਤਕ ਪਾਇਆ ਗਿਆ ਸੀ। ਸੀ. ਬੀ. ਆਈ. ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਿਆਂ ਦੇ ਇਕ ਕੇਸ ’ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ’ਚ ਰੀਆ ਚੱਕਰਵਰਤੀ ਨੂੰ ਬੰਬੇ ਹਾਈ ਕੋਰਟ ਨੇ 7 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh