ਬ੍ਰਾਂਡਿਡ ਨਹੀਂ ਦੇਸੀ ਹੋਵੇ ਪੰਜਾਬ : ਰਵਿੰਦਰ ਗਰੇਵਾਲ

01/13/2017 9:59:17 AM

ਮੇਰੇ ਸੁਪਨਿਆਂ ਦਾ ਪੰਜਾਬ ਸਿਹਤਮੰਦ ਅਤੇ ਸਾਦਗੀ ਨਾਲ ਭਰਪੂਰ ਲੋਕਾਂ ਦਾ ਹੈ। ਇਕ ਅਜਿਹਾ ਪੰਜਾਬ, ਜਿਸ ਦੇ ਲੋਕ ਬ੍ਰਾਂਡਿਡ ਚੀਜ਼ਾਂ ਦੇ ਪਿੱਛੇ ਨਹੀਂ ਦੌੜਦੇ ਬਲਕਿ ਦੇਸੀ ਚੀਜ਼ਾਂ ਨੂੰ ਅਪਣਾ ਕੇ ਆਪਣੇ ਵਿਰਸੇ ਨੂੰ  ਪ੍ਰਫੁੱਲਿਤ ਕਰਦੇ ਹਨ। ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਪੰਜਾਬ ''ਚ ਕਿਸਾਨਾਂ ਦੀ ਹਾਲਤ ਬੇਹੱਦ ਖਸਤਾ ਹੈ, ਜਿਸ ਕਾਰਨ ਪੰਜਾਬ ਦਾ ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ। ਸਰਕਾਰ ਇਸ ਵੱਲ ਧਿਆਨ ਦੇਵੇ। ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਲਈ ਯਤਨ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਫਸਲਾਂ ਦੇ ਮੰਡੀਕਰਨ ਦੀ ਚੰਗੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਲੈ ਕੇ ਭਟਕਣਾ ਨਾ ਪਵੇ। ਖੇਤੀਬਾੜੀ ਉਦੋਂ ਤਕ ਲਾਭਦਾਇਕ ਨਹੀਂ ਹੋ ਸਕਦੀ, ਜਦੋਂ ਤਕ ਸਰਕਾਰ ਵਲੋਂ ਮੰਡੀਕਰਨ ਦੀ ਵਿਵਸਥਾ ਠੀਕ ਨਹੀਂ ਕੀਤੀ ਜਾਂਦੀ। ਨੌਜਵਾਨ ਰੀੜ੍ਹ ਦੀ ਹੱਡੀ ਹੁੰਦੇ ਹਨ। ਪੰਜਾਬ, ਜੋ ਕਦੇ ਚੰਗੀ ਖੁਰਾਕ  ਅਤੇ ਪਹਿਲਵਾਨਾਂ ਲਈ ਮੰਨਿਆ ਜਾਂਦਾ ਸੀ, ਦੇ ਨੌਜਵਾਨ ਹੁਣ ਸਿਰਫ ਕਾਗਜ਼ੀ ਸ਼ੇਰ ਰਹਿ ਗਏ ਹਨ। ਅੱਜ ਦੇ ਨੌਜਵਾਨ ਦੀ ਇਹੀ ਇੱਛਾ ਹੈ ਕਿ ਉਸ ਕੋਲ ਕੈਸ਼, ਗੱਡੀ ਅਤੇ ਹਥਿਆਰ ਹੋਵੇ। ਜਵਾਨੀ ''ਤੇ ਨਸ਼ੇ ਦਾ ਕਲੰਕ ਲੱਗ ਗਿਆ ਹੈ, ਜਿਸ ਨੂੰ ਰੋਕਣ ਲਈ ਸਰਕਾਰ ਨੂੰ ਉਚਿਤ ਕਦਮ ਉਠਾਉਣੇ ਹੋਣਗੇ। ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਰਕਾਰ ਉਨ੍ਹਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰੇ। ਸਰਕਾਰ ਪੰਜਾਬੀ ਵਿਰਸੇ ਦੇ ਪ੍ਰਸਾਰ ਅਤੇ ਪ੍ਰਚਾਰ ਵਲ ਵੀ ਧਿਆਨ ਦੇਵੇ। ਕੁਝ ਨਿੱਜੀ ਸਕੂਲਾਂ ''ਚ ਬੱਚਿਆਂ ਨੂੰ ਪੰਜਾਬੀ ਵੀ ਬੋਲਣ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਨਵੀਂ ਜਨਰੇਸ਼ਨ ਨੂੰ ਪੰਜਾਬੀ ਵੀ ਠੀਕ ਢੰਗ ਨਾਲ ਲਿਖਣੀ ਨਹੀਂ ਆਉਂਦੀ। ਸਰਕਾਰ ਇਸ ਪਾਸੇ ਧਿਆਨ ਦੇ ਕੇ ਪਤਨ ਵਲ ਵਧ ਰਹੀ ਪੰਜਾਬੀ ਭਾਸ਼ਾ ਨੂੰ ਸੰਭਾਲੇ। ਵਿਦੇਸ਼ੀ ਚੀਜ਼ਾਂ ਨੂੰ ਪੰਜਾਬ ''ਚ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਦੌੜ ''ਚ ਅਸੀਂ ਆਪਣੇ ਅਮੀਰ ਵਿਰਸੇ ਅਤੇ ਦੇਸੀ ਚੀਜ਼ਾਂ ਨੂੰ ਭੁੱਲ ਰਹੇ ਹਾਂ। ਲੋਕ ਬ੍ਰਾਂਡਿਡ ਬਣਨ ਦੇ ਚੱਕਰ ''ਚ ਆਪਣੇ  ਦੇਸੀ ਕਲਚਰ, ਆਪਣੀ ਸਾਦਗੀ ਅਤੇ ਆਪਣੇ ਦਿਲ ''ਚ ਵਸਦੀ ਪੰਜਾਬੀਅਤ ਨੂੰ ਭੁੱਲਦੇ ਜਾ ਰਹੇ ਹਨ। ਸਰਕਾਰ ਵਿਰਸੇ ਨੂੰ ਪ੍ਰਮੋਟ ਜ਼ਰੂਰ ਕਰੇ ਤਾਂ ਕਿ ਦਮ ਤੋੜਦੀ ਜਾ ਰਹੀ ਪੰਜਾਬੀਅਤ ਨੂੰ ਸੰਭਾਲਿਆ ਜਾ ਸਕੇ। ਆਖਿਰ ''ਚ ਇਕ ਕਲਾਕਾਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹ ਵੀ ਅਪੀਲ ਕਰਨਾ ਚਾਹਾਂਗਾ ਕਿ ਮੁੰਬਈ ਤਰਜ਼ ''ਤੇ ਪੰਜਾਬ ''ਚ ਵੀ ਇਕ ਸੈਂਸਰ ਬੋਰਡ ਕਮੇਟੀ ਗਠਿਤ ਹੋਵੇ, ਜੋ ਨੌਜਵਾਨਾਂ ਨੂੰ ਗਲਤ ਰਸਤੇ ''ਤੇ ਭਟਕਾ ਰਹੇ ਗੀਤਾਂ ਅਤੇ ਫਿਲਮਾਂ ਨੂੰ ਸੈਂਸਰ ਕਰੇ। ਪੰਜਾਬੀ ਸਾਹਿਤਕਾਰਾਂ ਅਤੇ ਗੀਤਕਾਰਾਂ ''ਚ ਆਪਸੀ ਤਾਲਮੇਲ ਪੈਦਾ ਕਰਨ ਲਈ ਕਦਮ ਚੁੱਕੇ ਜਾਣ।

Babita Marhas

This news is News Editor Babita Marhas