ਰਾਮ ਮੰਦਰ ਦੇ ਉਦਘਾਟਨ ’ਚ ਸ਼ਾਮਲ ਹੋਵੇਗੀ ਸੀਤਾ ਮਾਤਾ! ਕਿਹਾ- ਇਹ ਬਹੁਤ ਭਾਵੁਕ ਪਲ ਹੋਵੇਗਾ

01/09/2024 12:14:20 PM

ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਲਗਭਗ ਪੂਰਾ ਹੋ ਚੁੱਕਾ ਹੈ ਅਤੇ 22 ਜਨਵਰੀ ਨੂੰ ਇਸ ਸ਼ਾਨਦਾਰ ਮੰਦਰ ਦਾ ਉਦਘਾਟਨ ਹੋਵੇਗਾ। ਇਹ ਦਿਨ ਸਾਡੇ ਲਈ ਬਹੁਤ ਖਾਸ ਹੋਣ ਵਾਲਾ ਹੈ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਰਾਮਾਨੰਦ ਸਾਗਰ ਦੀ ਰਾਮਾਇਣ ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੂੰ ਵੀ ਮਿਲਿਆ ਹੈ। ਰਾਮਾਇਣ ਵਿਚ ਸੀਤਾ ਦਾ ਕਿਰਦਾਰ ਨਿਭਾ ਕੇ ਦੀਪਿਕਾ ਚਿਖਲੀਆ ਇੰਨੀ ਫੇਮਸ ਹੋ ਗਈ ਕਿ ਅੱਜ ਵੀ ਲੋਕ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਨੂੰ ਸੀਤਾ ਮਾਤਾ ਦਾ ਦਰਜਾ ਦਿੰਦੇ ਹਨ। ਇਸ ਸੱਦੇ ਤੋਂ ਦੀਪਿਕਾ ਬਹੁਤ ਖੁਸ਼ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਭਾਵੁਕ ਹੋਣ ਵਾਲਾ ਪਲ ਹੈ। ਇਸ ਸਬੰਧੀ ਅਦਾਕਾਰਾ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਲਈ ਪ੍ਰਤੀਨਿਧੀ ਜਯੋਤਸਨਾ ਰਾਵਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਜਦੋਂ ਤੁਹਾਨੂੰ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ-ਪੱਤਰ ਮਿਲਿਆ ਤਾਂ ਪਹਿਲਾ ਰਿਐਕਸ਼ਨ ਕੀ ਸੀ?
ਮੈਨੂੰ ਇਹ ਤਾਂ ਨਹੀਂ ਪਤਾ ਸੀ ਕਿ ਸੱਦਾ ਆਵੇਗਾ ਜਾਂ ਨਹੀਂ, ਅਸਲ ਵਿਚ ਇੰਨੇ ਵੱਡੇ ਪੱਧਰ ’ਤੇ ਕੁਝ ਹੋਣ ਜਾ ਰਿਹਾ ਹੈ ਤਾਂ ਮੈਂ ਸੋਚਦੀ ਸੀ ਕਿ ਪਤਾ ਨਹੀਂ ਬੁਲਾਉਣਗੇ ਜਾਂ ਨਹੀਂ। ਹਾਂ, ਮੇਰੇ ਪਤੀ ਨੂੰ ਭਰੋਸਾ ਸੀ ਕਿ ਮੈਨੂੰ ਜ਼ਰੂਰ ਬੁਲਾਇਆ ਜਾਵੇਗਾ। ਸਵੇਰੇ-ਸਵੇਰੇ ਮੈਨੂੰ ਸੱਦੇ ਲਈ ਕਾਲ ਆਈ, ਆਮ ਤੌਰ ’ਤੇ ਮੈਂ ਫ਼ੋਨ ਨਹੀਂ ਉਠਾਉਂਦੀ, ਟਰੂ ਕਾਲਰ ’ਤੇ ਚੈੱਕ ਕਰ ਕੇ ਕਾਲ ਬੈਕ ਕਰ ਲੈਂਦੀ ਹਾਂ। ਮੈਂ ਜਦੋਂ ਚੈੱਕ ਕੀਤਾ ਤਾਂ ਮੈਸੇਜ ਆਇਆ ਹੋਇਆ ਸੀ ਕਿ ਜਦੋਂ ਤੁਸੀਂ ਫ੍ਰੀ ਹੋਵੋ ਤਾਂ ਕਾਲ ਕਰਨਾ। ਜਦੋਂ ਮੈਂ ਫ਼ੋਨ ਕੀਤਾ ਤਾਂ ਇਕ ਸੱਜਣ ਨੇ ਫ਼ੋਨ ਚੁੱਕਿਆ ਅਤੇ ਬੜੀ ਸ਼ੁੱਧ ਹਿੰਦੀ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਸੀਤਾ ਮਾਤਾ ਹੋ, ਤੁਹਾਨੂੰ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਆਉਣਾ ਹੀ ਚਾਹੀਦਾ ਹੈ। ਇਹ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਸੀ, ਇਸ ਤੋਂ ਵੱਡੀ ਗੱਲ ਮੇਰੇ ਲਈ ਕੋਈ ਹੋ ਨਹੀਂ ਸਕਦੀ। ਮੈਂ ਕਿਹਾ, ਅੱਛਾ, ਤੁਹਾਨੂੰ ਮੈਂ ਵੀ ਸੀਤਾ ਮਾਤਾ ਲੱਗਦੀ ਹਾਂ, ਉਨ੍ਹਾਂ ਕਿਹਾ, ਮੇਰੇ ਲਈ ਹੀ ਨਹੀਂ, ਤੁਸੀਂ ਪੂਰੀ ਦੁਨੀਆ ਲਈ ਸੀਤਾ ਮਾਤਾ ਹੋ। ਤੁਹਾਡੇ ਬਿਨਾਂ ਤਾਂ ਇਹ ਸਭ ਹੋ ਹੀ ਨਹੀਂ ਸਕਦਾ। ਇਹ ਸਭ ਸੁਣ ਕੇ ਮੈਨੂੰ ਲੱਗਾ ਕਿ ਮੈਨੂੰ ਤਾਂ ਪਦਮ ਵਿਭੂਸ਼ਣ ਮਿਲ ਗਿਆ ਹੈ। ਉਸ ਸਮੇਂ ਮੈਂ ਇਕ ਵੱਖਰੀ ਦੁਨੀਆ ਵਿਚ ਸੀ। ਮੈਂ ਤੁਰੰਤ ਆਪਣੇ ਪਤੀ ਨੂੰ ਫ਼ੋਨ ਕਰ ਕੇ ਦੱਸਿਆ ਅਤੇ ਉਨ੍ਹਾਂ ਦਾ ਜਵਾਬ ਸੀ, ਵੇਖੋ, ਮੈਂ ਕਿਹਾ ਸੀ।

ਕੋਵਿਡ ਦੇ ਸਮੇਂ ਵਿਚ ਰਾਮਾਇਣ ਦਿਖਾਉਣ ਦਾ ਪੀ. ਐੱਮ. ਮੋਦੀ ਦਾ ਫੈਸਲਾ ਤੁਹਾਨੂੰ ਕਿਵੇਂ ਲੱਗਿਆ?
ਅਸੀਂ ਮੋਦੀ ਜੀ ਦੇ ਫੈਨ ਹਾਂ, ਉਹ ਮਨੁੱਖੀ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੂੰ ਸਭ ਕੁਝ ਪਤਾ ਹੈ ਕਿ ਕਿਵੇਂ ਅਤੇ ਕੀ ਮੈਨੇਜ ਕਰਨਾ ਹੈ। ਭਾਵੇਂ ਇਹ ਸਾਡੇ ਦੇਸ਼ ਦੀ ਗੱਲ ਹੋਵੇ ਜਾਂ ਇੰਟਰਨੈਸ਼ਨਲ ਲੈਵਲ ਦੀ। ਕੋਵਿਡ ਦੇ ਸਮੇਂ ਉਨ੍ਹਾਂ ਵੱਲੋਂ ਰਾਮਾਇਣ ਸ਼ੁਰੂ ਕਰਨਾ ਇਕ ਚੰਗਾ ਫੈਸਲਾ ਸੀ, ਜਿਸ ਬਾਰੇ ਕੋਈ ਹੋਰ ਸੋਚ ਵੀ ਨਹੀਂ ਸਕਦਾ ਸੀ।

ਜਦੋਂ ਤੁਸੀਂ ਸੀਤਾ ਮਾਤਾ ਦੀ ਭੂਮਿਕਾ ਨਿਭਾਈ ਸੀ, ਉਦੋਂ ਸਾਰੇ ਤੁਹਾਡੇ ਪੈਰ ਛੂਹਣ ਲਗਦੇ ਸਨ, ਕੋਈ ਕਿੱਸਾ ਸ਼ੇਅਰ ਕਰੋ?
ਹਾਂ, ਬੇਸ਼ਕ ਇਹ ਬਹੁਤ ਆਮ ਸੀ। ਮੈਂ ਕੁਝ ਦਿਨ ਪਹਿਲਾਂ ਦੀ ਗੱਲ ਦੱਸਦੀ ਹਾਂ, ਅਸੀਂ ਬੈਂਗਲੌਰ ਦੇ ਇਕ ਫੈਮਿਲੀ ਫੰਕਸ਼ਨ ਵਿਚ ਜਾਣਾ ਸੀ, ਮੈਂ ਆਪਣੇ ਪਤੀ ਨੂੰ ਕਿਹਾ ਕਿ ਇਸ ਵਾਰ ਮੈਂ ਸੂਟ, ਸਾੜੀ ਅਤੇ ਬਿੰਦੀ ਲਗਾ ਕੇ ਨਹੀਂ ਸਗੋਂ ਸਨੀਕਰਸ ਪਹਿਨ ਕੇ ਜਾਵਾਂਗੀ, ਉਨ੍ਹਾਂ ਕਿਹਾ ਕਿ ਠੀਕ ਹੈ। ਮੈਂ ਕੋਰਡ ਸੈੱਟ ਅਤੇ ਸਨੀਕਰ ਪਹਿਨੇ ਹੋਏ ਸਨ ਅਤੇ ਬਿਲਕੁਲ ਨਾਰਮਲ ਦਿੱਖ ਰਹੀ ਸੀ। ਅਸੀਂ ਏਅਰਪੋਰਟ ’ਤੇ ਸਾਮਾਨ ਲੈਣ ਲਈ ਖੜ੍ਹੇ ਸੀ ਉਦੋਂ ਕੁਝ ਲੋਕ ਸੈਲਫ਼ੀ ਲੈਣ ਆ ਗਏ। ਮੈਂ ਹੈਰਾਨ ਰਹਿ ਗਈ ਕਿ ਇਹ ਕਿਵੇਂ ਹੋ ਗਿਆ।

ਤੁਹਾਡੀ ਖੂਬਸੂਰਤੀ ਤੇ ਮਾਸੂਮੀਅਤ ਅਜੇ ਵੀ ਬਰਕਰਾਰ ਹੈ, ਇਸ ਦਾ ਰਾਜ਼ ਕੀ ਹੈ?
ਸ਼ਾਇਦ ਮੇਰਾ ਦਿਲ ਬਹੁਤ ਸਾਫ਼ ਹੈ, ਇਸ ਲਈ ਮੈਂ ਅਜਿਹੀ ਹਾਂ। ਸੱਚ ਕਹਾਂ ਤਾਂ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਵਿਚ ਖੁਸ਼ੀ ਮਿਲਦੀ ਹੈ, ਨਾਂ, ਸ਼ੋਹਰਤ ਅਤੇ ਪੈਸਾ ਕੋਈ ਮਾਇਨੇ ਨਹੀਂ ਰੱਖਦਾ। ਜੁਲਾਈ ਵਿਚ ਜਦੋਂ ਮੈਂ ਅਯੁੱਧਿਆ ਗਈ ਸੀ ਤਾਂ ਮੈਂ ਰਾਮ ਜੀ ਦੇ ਦਰਸ਼ਨ ਕਰਦੇ ਹੋਏ ਖੁਸ਼ੀ ਨਾਲ ਕੰਬ ਰਹੀ ਸੀ, ਮੈਨੂੰ ਇੰਝ ਲੱਗਾ ਜਿਵੇਂ ਮੈਂ ਸਾਕਸ਼ਾਤ ਰਾਮ ਜੀ ਨੂੰ ਮਿਲੀ ਹਾਂ। ਮੈਂ ਅਜਿਹੀ ਹੀ ਹਾਂ, ਮੇਰੇ ਲਈ ਇਹ ਸਭ ਬਹੁਤ ਮਾਇਨੇ ਰੱਖਦਾ ਹੈ। ਮੈਂ ਬਹੁਤ ਸਕਾਰਾਤਮਕ, ਅਧਿਆਤਮਕ ਹਾਂ ਅਤੇ ਸਕਾਰਾਤਮਕ ਲੋਕਾਂ ਨਾਲ ਗੱਲ ਕਰਨਾ ਹੀ ਪਸੰਦ ਕਰਦੀ ਹਾਂ। ਮੈਨੂੰ ਵੱਡੇ ਬ੍ਰਾਂਡ ਦੇ ਬੈਗ ਅਤੇ ਪੈਰਿਸ ਦੇ ਟ੍ਰਿਪ ਜ਼ਿਆਦਾ ਆਕਰਸ਼ਿਤ ਨਹੀਂ ਕਰਦੇ।

ਤੁਹਾਨੂੰ ਲਗਦਾ ਹੈ ਕਿ ਰਾਮ ਜੀ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ?
ਹਾਂ, ਮੈਨੂੰ ਲਗਦਾ ਹੈ ਕਿ ਰਾਮ ਜੀ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਤੁਸੀਂ ਦੇਖੋ ਨਾ ਜਿੰਦਗੀ ਕਿੰਨੀ ਲੰਬੀ ਅਤੇ ਮੁਸ਼ਕਲਾਂ ਨਾਲ ਭਰੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਸਫ਼ਲਤਾ ਮਿਲਦੀ ਹੈ, ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੈਨੂੰ ਲਗਦਾ ਹੈ ਕਿ ਮੈਂ ਕੁਝ ਕਮਾਲ ਨਹੀਂ ਕੀਤਾ ਹੈ, ਇਹ ਸਭ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਹੈ। ਮੇਰੇ ਚਾਰੇ ਪਾਸੇ ਹਮੇਸ਼ਾ ਸਕਾਰਾਤਮਕਤਾ ਬਣੀ ਰਹਿੰਦੀ ਹੈ।

22 ਜਨਵਰੀ ਨੂੰ ਸੀਤਾ ਮਾਤਾ ਬਣ ਕੇ ਜਾਓਗੇ ਜਾਂ ਦੀਪਿਕਾ?
ਇਹ ਤਾਂ ਸਰਪ੍ਰਾਈਜ਼ ਹੈ, ਇਹ ਮੈਂ ਫਿਲਹਾਲ ਕਿਸੇ ਨੂੰ ਨਹੀਂ ਦੱਸਾਂਗੀ। ਇਸ ਦੇ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ।

ਜਦੋਂ ਤੁਸੀਂ 17 ਸਾਲ ਦੀ ਉਮਰ ਵਿਚ ਵਿਕਰਮ ਬੇਤਾਲ ਵਿਚ ਕੰਮ ਕਰ ਰਹੇ ਸੀ ਅਤੇ ਫਿਰ ਰਾਮਾਇਣ ਵਿਚ, ਕੀ ਤੁਸੀਂ ਸੋਚਿਆ ਸੀ ਕਿ ਤੁਹਾਨੂੰ ਇੰਨੀ ਸਫ਼ਲਤਾ ਮਿਲੇਗੀ?
ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਜਿਸ ਤਰ੍ਹਾਂ ਮੈਂ ਵਿਕਰਮ ਬੇਤਾਲ ਵਿਚ ਕੰਮ ਕੀਤਾ ਉਸੇ ਤਰ੍ਹਾਂ ਮੈਂ ਰਾਮਾਇਣ ਵਿਚ ਕੰਮ ਕੀਤਾ ਸੀ। ਅਜਿਹਾ ਕੁਝ ਵੀ ਸੋਚਿਆ ਨਹੀਂ ਜਾਂਦਾ, ਹੋ ਜਾਂਦਾ ਹੈ। ਬੱਸ ਸਭ ਕੁਝ ਦਿਲ ਨਾਲ ਕੀਤਾ ਸੀ ਅਤੇ ਰੱਬ ਦੀ ਮੇਹਰ ਨਾਲ ਇਹ ਕੁਝ ਹੋਰ ਹੀ ਬਣ ਗਿਆ। ਤੁਸੀਂ ਪਹਿਲਾਂ ਤੋਂ ਨਹੀਂ ਸੋਚ ਸਕਦੇ ਕਿ ਕੀ ਹੋਵੇਗਾ, ਇਹ ਚੀਜ਼ਾਂ ਬਸ ਹੋ ਜਾਂਦੀਆਂ ਹਨ। ਕੋਈ ਵੀ ਵੱਡੀ ਫ਼ਿਲਮ ਲੈ ਲਓ, ਭਾਵੇਂ ਉਹ ‘ਸ਼ੋਲੇ’ ਹੋਵੇ ਜਾਂ ‘ਮੁਗਲ-ਏ-ਆਜ਼ਮ’, ਪਹਿਲਾਂ ਕੁਝ ਸੋਚ ਕੇ ਨਹੀਂ ਬਣਾਈ, ਉਹ ਤਾਂ ਬਣ ਗਈ। ਚੰਗਾ ਬਣਾਉਣ ਦੀ ਕੋਸ਼ਿਸ਼ ਤਾਂ ਸਾਰੇ ਕਰਦੇ ਹਨ ਪਰ ਉਹ ਚੰਗਾ ਬਣ ਜਾਵੇ ਤਾਂ ਇਹ ਵੱਡੀ ਗੱਲ ਹੁੰਦੀ ਹੈ।

sunita

This news is Content Editor sunita