ਵਿਵਾਦਾਂ ’ਚ ਰਾਮ ਗੋਪਾਲ ਵਰਮਾ, ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ’ਤੇ ਲੱਗੀ ਪਾਬੰਦੀ

01/12/2021 7:10:09 PM

ਮੁੰਬਈ (ਬਿਊਰੋ)– ਮਸ਼ਹੂਰ ਬਾਲੀਵੁੱਡ ਪ੍ਰੋਡਿਊਸਰ-ਡਾਇਰੈਕਟਰ ਰਾਮ ਗੋਪਾਲ ਵਰਮਾ ਅਕਸਰ ਵਿਵਾਦਾਂ ’ਚ ਰਹਿੰਦੇ ਹਨ। ਉਹ ਕਈ ਵਾਰ ਵਿਵਾਦਿਤ ਬਿਆਨ ਵੀ ਦੇ ਚੁੱਕੇ ਹਨ ਪਰ ਇਸ ਵਾਰ ਉਹ ਮੁਲਾਜ਼ਮਾਂ ਦੀ ਤਨਖ਼ਾਹ ਨਾ ਦੇਣ ਕਾਰਨ ਵਿਵਾਦਾਂ ’ਚ ਘਿਰ ਗਏ ਹਨ। ਰਾਮ ਗੋਪਾਲ ਵਰਮਾ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਮੁਲਾਜ਼ਮਾਂ ਦੀ ਕਰੀਬ 1.25 ਕਰੋੜ ਰੁਪਏ ਦੀ ਤਨਖ਼ਾਹ ਨਹੀਂ ਦਿੱਤੀ ਹੈ, ਜਿਸ ਕਾਰਨ ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਾਮ ਗੋਪਾਲ ਵਰਮਾ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਰਾਮ ਗੋਪਾਲ ਵਰਮਾ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਦਾ ਕਰੀਬ 1.25 ਕਰੋੜ ਰੁਪਏ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਹੀਂ ਕੀਤਾ ਹੈ। ਫੈੱਡਰੇਸ਼ਨ ਦੇ ਮੁਖੀ ਬੀ. ਐੱਨ. ਤਿਵਾੜੀ ਤੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਇਹ ਗੱਲ ਮੀਡੀਆ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਗੋਪਾਲ ਵਰਮਾ ਨੂੰ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਪਰ ਡਾਇਰੈਕਟਰ ਵਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਫੈੱਡਰੇਸ਼ਨ ਅਨੁਸਾਰ ਰਾਮ ਗੋਪਾਲ ਵਰਮਾ ਨੂੰ ਸਤੰਬਰ 2017 ’ਚ ਇਕ ਨੋਟਿਸ ਭੇਜਿਆ ਗਿਆ ਸੀ। ਇਸ ’ਚ ਦੱਸਿਆ ਗਿਆ ਸੀ ਕਿ ਟੈਕਨੀਸ਼ੀਅਨਜ਼ ਦੀ ਤਨਖ਼ਾਹ ਬਾਕੀ ਹੈ, ਜਿਸ ਨੂੰ ਕਲੀਅਰ ਕੀਤਾ ਜਾਣਾ ਹੈ। ਇਸ ਨੋਟਿਸ ਤੋਂ ਬਾਅਦ ਵੀ ਫੈੱਡਰੇਸ਼ਨ ਵਲੋਂ ਲਗਾਤਾਰ ਕਈ ਵਾਰ ਰਾਮ ਗੋਪਾਲ ਵਰਮਾ ਨੂੰ ਨੋਟਿਸ ਭੇਜੇ ਗਏ ਤੇ ਕਿਹਾ ਗਿਆ ਕਿ ਉਹ ਮੁਲਾਜ਼ਮਾਂ ਦੀ ਤਨਖ਼ਾਹ ਕਲੀਅਰ ਕਰਨ ਪਰ ਰਾਮ ਗੋਪਾਲ ਵਰਮਾ ਨੇ ਨੋਟਿਸ ਮਿਲਣ ਦੀ ਗੱਲ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਇੰਨਾ ਹੀ ਨਹੀਂ, ਫੈੱਡਰੇਸ਼ਨ ਨੇ ਰਾਮ ਗੋਪਾਲ ਵਰਮਾ ’ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ ’ਚ ਵੀ ਸ਼ੂਟਿੰਗ ਜਾਰੀ ਰੱਖੀ ਸੀ। ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਮੁਖੀ ਬੀ. ਐੱਨ. ਤਿਵਾੜੀ ਨੇ ਦੱਸਿਆ ਕਿ ਰਾਮ ਗੋਪਾਲ ਵਰਮਾ ਵਲੋਂ ਗੋਆ ’ਚ ਸ਼ੂਟਿੰਗ ਕਰਨ ਦਾ ਪਤਾ ਚੱਲਣ ਤੋਂ ਬਾਅਦ ਫੈੱਡਰੇਸ਼ਨ ਨੇ ਉਥੋਂ ਦੇ ਮੁੱਖ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ, ‘ਸਾਡੇ ਵਲੋਂ ਸੀ. ਐੱਮ. ਅਰਵਿੰਦ ਸਾਵੰਤ ਨੂੰ 10 ਸਤੰਬਰ, 2020 ਨੂੰ ਪੱਤਰ ਲਿਖਿਆ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਗ਼ਰੀਬ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਮਿਲ ਜਾਵੇ ਪਰ ਰਾਮ ਗੋਪਾਲ ਵਰਮਾ ਨੇ ਮੰਗਾਂ ਨੂੰ ਅਣਸੁਣਿਆ ਕਰ ਦਿੱਤਾ। ਅਜਿਹੇ ’ਚ ਹੁਣ ਅਸੀਂ ਉਨ੍ਹਾਂ ਨਾਲ ਭਵਿੱਖ ’ਚ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh