ਰਾਜ ਕੁੰਦਰਾ ਕੇਸ: ਇਕ ਹੋਰ ਅਦਾਕਾਰਾ ਨੇ ਦਰਜ ਕਰਵਾਈ FIR, ਮੁਲਜ਼ਮਾਂ ’ਚ  ਗਹਿਣਾ ਵਸ਼ਿਸ਼ਠ ਦਾ ਨਾਂ ਵੀ ਸ਼ਾਮਲ

07/28/2021 10:52:43 AM

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਅਤੇ ਵੱਖ-ਵੱਖ ਐਪਾਂ ਰਾਹੀਂ ਉਸ ਨੂੰ ਰਿਲੀਜ਼ ਕਰਨ ਦੇ ਮਾਮਲੇ ’ਚ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਿਥੇ ਇਸ ਕੇਸ ’ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਉੱਧਰ ਮੰਗਲਵਾਰ ਨੂੰ ਇਕ ਹੋਰ ਅਦਾਕਾਰਾ ਨੇ ਰਾਜ ਕੁੰਦਰਾ ਦੀ ਕੰਪਨੀ ਦੇ 3-4 ਪ੍ਰਡਿਊਸਰਾਂ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। 
ਮੁਲਜ਼ਮਾਂ ’ਚ ਅਦਾਕਾਰਾ ਗਹਿਣਾ ਵਸ਼ਿਸ਼ਠ ਦਾ ਨਾਂ ਵੀ ਸ਼ਾਮਲ ਹੈ। ਰਾਜ ਦੇ ਖ਼ਿਲਾਫ਼ ਜਿਸ ਅਦਾਕਾਰਾ ਨੇ ਕੇਸ ਦਰਜ ਕਰਵਾਇਆ ਹੈ ਉਹ ਇਕ ਨਵੀਂ ਅਦਾਕਾਰਾ ਹੈ। ਇਹ ਕੇਸ ਮੁੰਬਈ ਦੇ ਮਾਲਾਡ ਇਲਾਕੇ ਦੇ ਮਾਲਵਣੀ ਪੁਲਸ ਥਾਣੇ ’ਚ ਦਰਜ ਕਰਵਾਇਆ ਗਿਆ ਹੈ।


ਐੱਫ.ਆਈ.ਆਰ. ਭਾਰਤੀ ਕਾਨੂੰਨ ਕੋਡ (ਆਈ.ਪੀ.ਸੀ. ਦੀ ਧਾਰਾ 392, 393,420 ਅਤੇ 34) ਦੇ ਤਹਿਤ ਦਰਜ ਹੋਇਆ ਹੈ। ਇਸ ਤੋਂ ਇਲਾਵਾ ਆਈ.ਟੀ.ਐਕਟ 66,67 ਦੇ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਇਹ ਮਾਮਲਾ ਪੁਲਸ ਕ੍ਰਾਈਮ ਬ੍ਰਾਂਚ ਦੇ ਪ੍ਰਾਪਟੀ ਸੇਲ ਨੂੰ ਸੁਪੂਰਦ ਕਰ ਦਿੱਤਾ ਜਾਵੇਗਾ। ਅਜਿਹੇ ’ਚ ਪਹਿਲੇ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਹੇ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਫਿਰ ਵਧਦੀਆਂ ਜਾ ਰਹੀਆਂ ਹਨ।


ਮੰਗਲਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੂੰ ਮਿਲੀ ਖ਼ਬਰ ਮੁਤਾਬਕ ਪੁਲਸ ਨੂੰ 120 ਨਵੇਂ ਅਸ਼ਲੀਲ ਵੀਡੀਓ ਬਣੇ ਮਿਲੇ ਹਨ। ਇਹ ਰਾਜ ਕੁੰਦਰਾ ਦੇ ਖ਼ਿਲਾਫ਼ ਵੱਡਾ ਸਬੂਤ ਬਣ ਸਕਦੇ ਹਨ। ਦਰਅਸਲ ਰਾਜ ਕੁੰਦਰਾ ਨੂੰ ਆਪਣੀ ਗਿ੍ਰਫ਼ਤਾਰੀ ਦਾ ਖਦਸ਼ਾ ਸੀ ਇਸ ਲਈ ਉਨ੍ਹਾਂ ਨੇ ਮਾਰਚ ’ਚ ਹੀ ਆਪਣਾ ਫੋਨ ਬਦਲ ਲਿਆ ਸੀ। ਇਨ੍ਹਾਂ ਕਾਰਨਾਂ ਕਰਕੇ ਕ੍ਰਾਈਮ ਬ੍ਰਾਂਚ ਨੂੰ ਇਸ ਮਾਮਲੇ ਨਾਲ ਜੁੜਿਆ ਪੁਰਾਣਾ ਡਾਟਾ ਅਜੇ ਤੱਕ ਨਹੀਂ ਮਿਲਿਆ ਹੈ। ਉਸ ਦੇ ਪੁਰਾਣੇ ਡਾਟੇ ਦੀ ਤਲਾਸ਼ ਜਾਰੀ ਹੈ ਉਹ ਡਾਟਾ ਜੇਕਰ ਹੱਥ ਲੱਗਦਾ ਹੈ ਤਾਂ ਹੋਰ ਵੀ ਕਈ ਸਨਸਨੀਖੇਜ ਖੁਲਾਸੇ ਹੋ ਸਕਦੇ ਹਨ।


ਦੱਸ ਦੇਈਏ ਕਿ ਇਸ ਮਾਮਲੇ ’ਚ ਰਾਜ ਕੁੰਦਰਾ ਨੂੰ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਹਾਲਾਂਕਿ ਮੁੰਬਈ ਪੁਲਸ ਨੇ 7 ਦਿਨਾਂ ਦੀ ਪੁਲਸ ਕਸਡਟੀ ਦੀ ਮੰਗ ਕੀਤੀ ਜਿਸ ਨੂੰ ਜੱਜ ਨੇ ਅਸਵੀਕਾਰ ਕਰ ਦਿੱਤਾ। ਉੱਧਰ ਅੱਜ ਭਾਵ 28 ਜੁਲਾਈ ਨੂੰ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਵਾਲੀ ਹੈ। ਇਸ ਸੁਣਵਾਈ ’ਤੇ ਸਭ ਦੀਆਂ ਨਜ਼ਰਾਂ ਹਨ।

Aarti dhillon

This news is Content Editor Aarti dhillon