ਪਿਤਾ ਤੋਂ ਗਾਇਕੀ ਦੀ ਗੁੜ੍ਹਤੀ ਲੈ ਗਾਇਕ ਦਿਲਜਾਨ ਇੰਝ ਬਣੇ ਸਨ ''ਸੁਰਾਂ ਦੇ ਸਰਤਾਜ''

03/30/2021 2:35:11 PM

ਚੰਡੀਗੜ੍ਹ (ਬਿਊਰੋ) : ਨੌਜਵਾਨ ਪੰਜਾਬੀ ਗਾਇਕ ਦਿਲਜਾਨ ਬੁਲੰਦ ਆਵਾਜ਼ ਵਾਲਾ ਗਾਇਕ ਸੀ, ਜੋ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਅੱਜ ਤੜਕੇ ਦਿਲਜਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ 'ਤੇ ਹੀ ਹੋ ਗਈ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਗਾਇਕ ਦੀ ਕਾਰ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ। 
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਸਵੇਰ ਕਰੀਬ ਪੌਣੇ ਚਾਰ ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ 'ਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋਂ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ, ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਕਾਫ਼ੀ ਤੇਜ਼ ਰਫਤਾਰ ਸੀ, ਜਿਸ ਕਾਰਨ ਬੇਕਾਬੂ ਹੋਕੇ ਡਿਵਾਇਡਰ ਨਾਲ ਟਕਰਾ ਗਈ ਤੇ ਪਲਟ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਲਈ। 

ਪਿਤਾ ਤੋਂ ਹੀ ਮਿਲੀ ਸੀ ਗਾਇਕੀ ਦੀ ਗੁੜ੍ਹਤੀ 
ਛੋਟੀ ਉਮਰ 'ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ 'ਚ ਚੰਗੀ ਪੈਠ ਬਣਾ ਲਈ ਸੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਲੇਖਕ ਤੇ ਗਾਇਕ ਮਦਨ ਮਾਡਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ। 

ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। 

ਇੰਝ ਬਣੇ ਸੁਰਾਂ ਦੇ ਸਰਤਾਜ 
ਸਾਲ 2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ। ਸਾਲ 2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਅਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ 'ਚ ਜੱਜ ਸੀ, ਇੰਨੀ ਭਾਵੁਕ ਹੋਏ ਕਿ ਅੱਖਾਂ 'ਚ ਅਥਰੂ ਆ ਗਏ। 'ਸੁਰ ਕਸ਼ੇਤਰ' ਗਾਇਕੀ ਮੁਕਾਬਲੇ 'ਚ ਵੀ ਦਿਲਜਾਨ ਰਨਰਅੱਪ ਰਿਹਾ। 

ਲਾਈਵ ਇੰਟਰਵਿਊ ਦੌਰਾਨ ਆਖੀਆਂ ਸਨ ਇਹ ਗੱਲਾਂ
ਨਿੱਜੀ ਚੈਨਲ ਨਾਲ ਹੋਈ ਲਾਈਵ ਗੱਲਬਾਤ ਦੌਰਾਨ ਦਿਲਜਾਨ ਨੇ ਦੱਸਿਆ ਕਿ ਉਸ ਨੇ ਸ਼ੋਅ ਦੌਰਾਨ ਪਹਿਲਾ ਗੀਤ 'ਆਵੋ ਨੀ ਸਈਓ ਰਲ਼ ਦੇਵੋ ਨੀ ਵਧਾਈਆਂ', ਨੀ ਮੈਂ ਵਰ ਪਾਇਆ ਰਾਂਝਾ ਮਾਹੀ' ਗਾਇਆ ਸੀ। ਪਿਛਲੇ ਸਾਲ ਹੀ ਉਸ ਨੇ ਸਰਦਾਰ ਅਲੀ ਨਾਲ ਮਿਲ ਕੇ 'ਰੱਬ ਨੂੰ ਮਨਾਉਣ ਵਾਲਿਆ' ਗੀਤ ਗਾਇਆ ਸੀ, ਜੋ ਕਿ ਕਾਫ਼ੀ ਮਕਬੂਲ ਹੋਇਆ ਸੀ। ਇਸ ਸਾਲ ਵੀ ਉਸ ਨੇ ਕੁਲਦੀਪ ਮਾਣਕ ਦਾ ਗੀਤ ਆਪਣੀ ਆਵਾਜ਼ 'ਚ ਗਾਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ। 


ਦਿਲਜਾਨ ਦੇ ਅਚਨਚੇਤੀ ਤੁਰ ਜਾਣ ਨਾਲ ਗਾਇਕੀ ਦੇ ਅੰਬਰ ਦਾ ਚਮਕਦਾ ਤਾਰਾ ਟੁੱਟ ਗਿਆ ਹੈ। ਉਸ ਦੀ ਮੌਤ ਨਾਲ ਗਾਇਕੀ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ।


 

sunita

This news is Content Editor sunita