ਸਰਹੱਦਾਂ ਅੰਦਰ ਕੈਦ ਮੁਹੱਬਤ ਦੀ ਦਾਸਤਾਨ ਬਿਆਨ ਕਰਦੀ ਹੈ ''ਲ਼ਹੌਰੀਏ''

05/11/2017 5:13:59 PM

ਮੈਲਬੌਰਨ (ਮਨਦੀਪ ਸਿੰਘ ਸੈਣੀ)- ''ਗੋਰਿਆਂ ਨੂੰ ਦਫਾ ਕਰੋ'',''ਅੰਗਰੇਜ਼'' ਅਤੇ ''ਲਵ ਪੰਜਾਬ'' ਤੋਂ ਬਾਅਦ ਪੰਜਾਬੀ ਸਿਨੇ ਜਗਤ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਪੰਜਾਬੀ ਦਰਸ਼ਕਾਂ ਦੀ ਕਚਹਿਰੀ ਵਿੱਚ ''ਲਹੌਰੀਏ'' ਫਿਲਮ ਨਾਲ ਦਸਤਕ ਦੇ ਰਹੇ ਹਨ। 12 ਮਈ ਤੋਂ ਵਿਸ਼ਵ ਭਰ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਇਸ ਫਿਲਮ ਦਾ ਵਿਸ਼ੇਸ਼ ਪ੍ਰੀਮੀਅਰ ਵੀਰਵਾਰ ਨੂੰ ਮੈਲਬੋਰਨ ਵਿੱਚ ਆਯੋਜਿਤ ਕੀਤਾ ਗਿਆ। ਹਿੰਦੋਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਜੁੜੀ ਇਸ ਫਿਲਮ ਵਿੱਚ ਪਿਆਰ ਮੁਹੱਬਤ, ਵਿਛੋੜੇ ਅਤੇ ਆਪਸੀ ਸਾਝਾਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। 1947 ਦੇ ਬਟਵਾਰੇ ਤੋਂ ਬਾਅਦ ਆਬਾਦ ਹੋਏ ਪਰਿਵਾਰਾਂ ਨੂੰ ਉਹਨਾਂ ਦੇ ਪੁਰਾਣੇ ਸ਼ਹਿਰਾਂ ਨਾਲ ਜੋੜਕੇ ਸੰਬੋਧਨ ਕੀਤਾ ਜਾਂਦਾ ਹੈ ਤੇ ਇਸ ਫਿਲਮ ਦਾ ਕੇਂਦਰ ਧੁਰਾ ਲਹੌਰੀਏ ਅਤੇ ਫਿਰੋਜ਼ਪੁਰੀਏ ਪਰਿਵਾਰਾਂ ਨਾਲ ਜੁੜਿਆ ਹੋਇਆ ਹੈ।

ਅਮਰਿੰਦਰ ਗਿੱਲ ਹਿੰਦੋਸਤਾਨੀ ਗੱਭਰੂ ਦੇ ਕਿਰਦਾਰ ਵਿੱਚ ਹੈ ਅਤੇ ਫਿਲਮ ਦੀ ਮੁੱਖ ਅਦਾਕਾਰਾ ਸਰਗੁਣ ਮਹਿਤਾ ਨੇ ਪਾਕਿਸਤਾਨੀ ਕੁੜੀ ਦਾ ਭੁਮਿਕਾ ਨਿਭਾਈ ਹੈ। ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਅੰਬਰਦੀਪ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨਾ ਅੰਬਰਦੀਪ ਸਿੰਘ ਦੀ ਹੈ ਅਤੇ ਗੁੱਗੂ ਗਿੱਲ, ਸਰਦਾਰ ਸੋਹੀ, ਯੁਵਰਾਜ ਹੰਸ, ਨਿਮਰਤ ਖਹਿਰਾ, ਸੰਦੀਪ ਮੱਲੀ, ਨਿਰਮਲ ਰਿਸ਼ੀ ਅਤੇ ਹੌਬੀ ਧਾਲੀਵਾਲ ਸਮੇਤ ਕਈ ਕਲਾਕਾਰਾਂ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਆਸਟ੍ਰੇਲੀਆ-ਨਿਊਜ਼ੀਲ਼ੈਂਡ ਦੇ ਫਿਲ਼ਮ ਪ੍ਰਬੰਧਕ ਰਣਜੋਧ ਸਿੰਘ ਨੇ ਦੱਸਿਆ ਕਿ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਇਹ ਤੀਜੀ ਫਿਲਮ ਹੈ ਤੇ ਪੰਜਾਬੀ ਦਰਸ਼ਕ ਦੋਹਾਂ ਕਲਾਕਾਰਾਂ ਦੀ ਪਰਦੇ ਤੇ ਅਦਾਕਾਰੀ ਵੇਖਣ ਲਈ ਉਤਾਵਲੇ ਹਨ। ਉਹਨਾਂ ਕਿਹਾ ਸੱਭਿਆਚਾਰਕ ਰੰਗਾਂ ਅਤੇ ਪਰਿਵਾਰਕ ਮਾਹੌਲ਼ ਨਾਲ ਲਬਰੇਜ਼ ਫਿਲਮ ''ਲਹੌਰੀਏ'' ਪੰਜਾਬੀ ਸਿਨੇਮੇ ਵਿੱਚ ਨਵਾਂ ਇਤਿਹਾਸ ਸਿਰਜੇਗੀ।