ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਵਾਇਰਲ ਹੋਈ ਮੌਤ ਦੀ ਖ਼ਬਰ ਦਾ ਸੱਚ ਆਇਆ ਸਾਹਮਣੇ

11/23/2022 10:32:46 AM

ਜਲੰਧਰ (ਬਿਊਰੋ) : ਆਏ ਦਿਨ ਪੰਜਾਬੀ ਕਲਾਕਾਰ ਨੂੰ ਨਵੀਆਂ-ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਅਤੇ ਉਸ ਦੇ ਅਕਾਊਂਟ ਤੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ, ਜਿਸ ਨੂੰ ਦੇਖ ਉਸ ਦੇ ਫੈਨਜ਼ ਹੈਰਾਨ ਪਰੇਸ਼ਾਨ ਹੋ ਗਏ ਸਨ। ਦਰਅਸਲ, ਨਿਕੀਤ ਢਿੱਲੋਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੀ ਮੌਤ ਬਾਰੇ ਪੋਸਟ ਸਾਂਝੀ ਕੀਤੀ ਗਈ ਸੀ। ਇਸ ਪੋਸਟ ਨਾਲ ਲਿਖਿਆ ਸੀ ਕਿ ਨਿਕੀਤ ਹੁਣ ਇਸ ਦੁਨੀਆ 'ਚ ਨਹੀਂ ਰਹੀ।


ਇਸ ਤੋਂ ਬਾਅਦ ਨਿਕੀਤ ਢਿੱਲੋਂ ਦੇ ਇੰਸਟਾਗ੍ਰਾਮ ਪੇਜ 'ਤੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਉਸ ਦੇ ਸਹੀ ਸਲਾਮਤ ਤੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਫੈਨਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ। ਕਿਰਪਾ ਕਰਕੇ ਅਗਲੀ ਕਾਰਵਾਈ ਤੱਕ ਉਸ ਦੀ ਕਿਸੇ ਵੀ ਪੋਸਟ ਤੇ ਮੈਸੇਜ ਜਾਂ ਕੁਮੈਂਟ ਨਾ ਕੀਤੇ ਜਾਣ। 


ਇਸ ਤੋਂ ਇਲਾਵਾ ਨਿਕੀਤ ਢਿੱਲੋਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ, ‘‘ਨਿਕੀਤ ਢਿੱਲੋਂ ਬਿਲਕੁਲ ਸਹੀ ਸਲਾਮਤ, ਜ਼ਿੰਦਾ ਤੇ ਸੁਰੱਖਿਅਤ ਹੈ। ਕਿਰਪਾ ਕਰਕੇ ਅਫਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਕਿਸੇ ਹੈਕਰ ਨੇ ਮੇਰਾ ਅਕਾਊਂਟ ਹੈਕ ਕਰ ਲਿਆ ਸੀ ਤੇ ਇੰਸਟਾਗ੍ਰਾਮ ਸਟੋਰੀ ’ਤੇ ਮੌਤ ਦੀ ਝੂਠੀ ਖ਼ਬਰ ਪਾ ਦਿੱਤੀ ਸੀ। ਇਸ ਮਾਮਲੇ ’ਤੇ ਕਾਰਵਾਈ ਹੋਣੀ ਚਾਹੀਦੀ ਹੈ।’’ ਇਸ ਦੇ ਨਾਲ ਹੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਖ਼ੁਦ ਸਾਰੀ ਗੱਲ ਦੱਸੀ ਹੈ।

ਦੱਸਣਯੋਗ ਹੈ ਕਿ ਨਿਕੀਤ ਢਿੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਤਮ ਹੁਨਰਾਂ 'ਚੋਂ ਇੱਕ ਹੈ। ਅਦਾਕਾਰਾ ਨੇ ਪਾਲੀਵੁੱਡ ਇੰਡਸਟਰੀ 'ਚ ਆਪਣੀ ਸ਼ੁਰੂਆਤ ਫ਼ਿਲਮ 'ਸਿਕੰਦਰ 2' ਨਾਲ ਕੀਤੀ, ਜਿਸ 'ਚ ਗੁਰੀ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਨਿਕੀਤ ਦਰਸ਼ਕਾਂ ਤੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ 'ਚ ਕਾਮਯਾਬ ਰਹੀ।

ਨਿਕੀਤ ਢਿੱਲੋਂ ਨੇ ਪਰਮੀਸ਼ ਵਰਮਾ, ਯੁਵਰਾਜ ਹੰਸ, ਅਤੇ ਹੋਰਾਂ ਦੇ ਸਹਿਯੋਗ ਨਾਲ ਕਈ ਪੰਜਾਬੀ ਸੰਗੀਤ ਵੀਡੀਓਜ਼ 'ਚ ਵੀ ਕੰਮ ਕੀਤਾ ਹੈ। ਉਹ ਆਖ਼ਰੀ ਵਾਰ ਪੰਜਾਬੀ ਵੈੱਬ ਸੀਰੀਜ਼ 'ਸ਼ਾਹੀ ਮਾਜਰਾ' 'ਚ ਨਜ਼ਰ ਆਈ ਸੀ, ਜੋ ਦਰਸ਼ਕਾਂ 'ਚ ਕਾਫੀ ਹਿੱਟ ਰਹੀ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 

sunita

This news is Content Editor sunita