ਬਾਕਸ ਆਫਿਸ ’ਤੇ ‘ਪੁਆੜਾ’ ਨੂੰ ਮਿਲ ਰਿਹੈ ਜ਼ਬਰਦਸਤ ਹੁੰਗਾਰਾ, ਜਾਣੋ ਹੁਣ ਤਕ ਕਿੰਨੇ ਕਰੋੜ ਦੀ ਕੀਤੀ ਕਮਾਈ

08/21/2021 2:38:19 PM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਪੁਆੜਾ’ 10 ਦਿਨ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ ਤੇ ਉਦੋਂ ਤੋਂ ਇਹ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਾਊਸਫੁੱਲ ਚੱਲ ਰਹੀ ਹੈ। ‘ਪੁਆੜਾ’ ਨੇ 9 ਦਿਨਾਂ ’ਚ 11.50 ਕਰੋੜ ਰੁਪਏ ਕਮਾਏ ਹਨ। ਐਮੀ ਵਿਰਕ ਤੇ ਸੋਨਮ ਬਾਜਵਾ ਦੋਵੇਂ ਹੀ ਫ਼ਿਲਮ ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਤੇ ਤਾਰੀਫ਼ ਤੋਂ ਖ਼ੁਸ਼ ਹਨ।

ਐਮੀ ਕਹਿੰਦੇ ਹਨ, ‘‘ਪੁਆੜਾ’ ਨੇ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਵੀ ਚੰਗਾ ਕੰਟੈਂਟ ਆਉਂਦਾ ਹੈ ਤਾਂ ਦਰਸ਼ਕ ਸਿਨੇਮਾਘਰਾਂ ਵੱਲ ਖਿੱਚੇ ਚਲੇ ਆਉਂਦੇ ਹਨ। ਪੂਰੀ ਪੰਜਾਬੀ ਇੰਡਸਟਰੀ ਤਾਲਾਬੰਦੀ ਤੋਂ ਬਾਅਦ ਮੁੜ ਤੋਂ ਬਾਕਸ ਆਫਿਸ ’ਤੇ ਕਿਸੇ ਫ਼ਿਲਮ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਸੀ ਤੇ ‘ਪੁਆੜਾ’ ਨੇ ਸਾਰਿਆਂ ਨੂੰ ਰਾਹ ਦਿਖਾ ਦਿੱਤਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਫ਼ਿਲਮ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਤੇ ਇਹ ਅਸਲ ’ਚ ਇਕ ਆਸ਼ੀਰਵਾਦ ਹੈ।’

‘ਪੁਆੜਾ’ ਪੰਜਾਬੀ ਇੰਡਸਟਰੀ ’ਚ ਤਾਲਾਬੰਦੀ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਵੱਡੇ ਬਜਟ ਦੀ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੈ। ਡੇਢ ਸਾਲ ਤੋਂ ਵੱਧ ਸਮੇਂ ਤੋਂ ਦਰਸ਼ਕ ਸਿਨੇਮਾਘਰਾਂ ’ਚ ਵਾਪਸ ਆਉਣ ਤੇ ਚੰਗੀ ਕਾਮੇਡੀ ਦੀ ਖੁਰਾਕ ਹਾਸਲ ਕਰਨ ਦੇ ਇੰਤਜ਼ਾਰ ’ਚ ਸਨ। ਸੋਨਮ ਬਾਜਵਾ ਕਹਿੰਦੀ ਹੈ, ‘ਕਾਮੇਡੀ ਦੇਖਣ ’ਚ ਸੌਖੀ ਲੱਗਦੀ ਹੈ ਪਰ ਲੋਕਾਂ ਨੂੰ ਹਸਾਉਣਾ ਤੇ ਚੰਗਾ ਸਮਾਂ ਬਤੀਤ ਕਰਨਾ ਸੌਖਾ ਨਹੀਂ ਹੈ ਕਿਉਂਕਿ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਸਭ ਤੋਂ ਮੁਸ਼ਕਿਲ ਕੰਮਾਂ ’ਚੋਂ ਇਕ ਹੈ। ਅਸੀਂ ਅਜਿਹੇ ਸਮੇਂ ਲਈ ਧੰਨਵਾਦੀ ਹਾਂ ਕਿ ਅਸੀਂ ਦਰਸ਼ਕਾਂ ਨੂੰ ਉਹੀ ਦਿੱਤਾ, ਜੋ ਉਹ ਚਾਹੁੰਦੇ ਸਨ। ਕੁਝ ਅਜਿਹਾ, ਜਿਸ ਦਾ ਉਹ ਆਪਣੇ ਪੂਰੇ ਪਰਿਵਾਰ ਨਾਲ ਸਿਨੇਮਾਘਰਾਂ ’ਚ ਆ ਕੇ ਆਨੰਦ ਮਾਣ ਸਕਣ।’

ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਨਿਰਮਾਤਾ ਇਸ ਗੱਲ ਤੋਂ ਖ਼ੁਸ਼ ਹਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨੇ ਹੁਣ ਉਨ੍ਹਾਂ ਦੇ ਤੇ ਪੂਰੇ ਪੰਜਾਬੀ ਫ਼ਿਲਮ ਇੰਡਸਟਰੀ ਲਈ ਸਾਕਾਰਾਤਮਕ ਕੰਮ ਕੀਤਾ ਹੈ। ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ‘ਦਰਸ਼ਕਾਂ ਨੂੰ ਚੰਗੀ ਕੁਆਲਿਟੀ ਦਾ ਮਨੋਰੰਜਨ ਦੇਣ ਦੇ ਨਾਲ-ਨਾਲ ਉਨ੍ਹਾਂ ’ਤੇ ਲੋਕਾਂ ਨੂੰ ਸਿਨੇਮਾਘਰਾਂ ’ਚ ਵਾਪਸ ਲਿਆਉਣ ਦਾ ਵੀ ਬਹੁਤ ਦਬਾਅ ਸੀ। ‘ਪੁਆੜਾ’ ਦੀ ਸਫਲਤਾ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਆਪਣੀਆਂ ਫ਼ਿਲਮਾਂ ਨੂੰ ਰਿਲੀਜ਼ ਲਈ ਤਿਆਰ ਕਰ ਰਹੀ ਹੈ ਤੇ ਇਹ ਸਾਡੇ ਸਾਰਿਆਂ ਲਈ ਇਕ ਬਹੁਤ ਚੰਗਾ ਸੰਕੇਤ ਹੈ। ਪੰਜਾਬੀ ਦਰਸ਼ਕ ਇਕ ਵਾਰ ਮੁੜ ਵੱਡੇ ਪਰਦੇ ’ਤੇ ਫ਼ਿਲਮਾਂ ਦਾ ਆਨੰਦ ਲੈ ਸਕਦੇ ਹਨ।’

ਨਿਰਮਾਤਾ ਅਤੁਲ ਭੱਲਾ ਨੇ ਕਿਹਾ, ‘ਨਿਰਮਾਤਾਵਾਂ ਨੇ ਦਿਲਜੀਤ ਦੋਸਾਂਝ ਨਾਲ ‘ਛੜਾ’ ਦੇ ਨਾਲ ਪਿਛਲੀ ਵਾਰ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਤੇ ਹੁਣ ਉਹ ਆਪਣੇ ‘ਪੁਆੜਾ’ ਨਾਲ ਵੀ ਅਜਿਹਾ ਹੀ ਕਰ ਰਹੇ ਹਨ। ਦਰਸ਼ਕਾਂ ਨੂੰ ਲਗਾਤਾਰ ਮਨੋਰੰਜਨ ਦੇਣਾ ਬਹੁਤ ਚੰਗਾ ਲੱਗਦਾ ਹੈ ਤੇ ਅਸੀਂ ਭਵਿੱਖ ’ਚ ਵੀ ਆਪਣੇ ਦਰਸ਼ਕਾਂ ਲਈ ਅਜਿਹਾ ਹੀ ਮਨੋਰੰਜਨ ਅੱਗੇ ਵੀ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।’ ‘ਪੁਆੜਾ’ ਹੁਣ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਸਫਲਤਾਪੂਰਵਕ ਚੱਲ ਰਹੀ ਹੈ।

ਨੋਟ– ਇਸ ਫ਼ਿਲਮ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh