ਪੰਜਾਬ ਦੇ ਮਸਲਿਆਂ ਨੂੰ ਦਰਸਾਉਂਦੀ ਫ਼ਿਲਮ ''ਕਿੱਸਾ ਪੰਜਾਬ'' ਅੱਜ ਹੋਵੇਗੀ ਰਿਲੀਜ਼

10/16/2015 2:35:35 PM


ਜਲੰਧਰ (ਜ.ਬ.)— ਫਿਲਮ ''ਕਿੱਸਾ ਪੰਜਾਬ''  ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਇਕ ਕਹਾਣੀ ਵਿਚ ਪਰੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਸ਼ੁੱਕਰਵਾਰ 16 ਅਕਤੂਬਰ ਨੂੰ ਦੇਸ਼ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹਾਂ ਮਸਲਿਆਂ ਵਿਚ ਖੁਸ਼ੀਆਂ-ਗ਼ਮੀਆਂ, ਹੱਸਣਾ-ਰੋਣਾ, ਗਾਉਣਾ ਆਦਿ ਰੰਗਾਂ ਦੀ ਪੇਸ਼ਕਾਰੀ ਵੀ ਹੈ ਅਤੇ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਅਮਲ ਦੇ ਧਰਾਤਲ ''ਤੇ ਸਾਕਾਰ ਹੁੰਦਿਆਂ ਵੇਖਣ ਲਈ ਵੱਡੀ ਇੱਛਾ-ਸ਼ਕਤੀ ਅਤੇ ਜੱਦੋ-ਜਹਿਦ ਵੀ ਹੈ।
ਫਿਲਮ ਵਿਚ ਰੁੱਖਾਂ, ਬੂਟਿਆਂ ਅਤੇ ਫੁੱਲਾਂ ''ਚ ਗਾਣਾ ਗਾਉਂਦੇ ਨਾਇਕ ਅਤੇ ਨਾਇਕਾ ਦੀ ਰੋਮਾਂਸ ਕਰਦੀ ਜੋੜੀ ਵਾਲੀ ਪਰੰਪਰਾ ਗਾਇਬ ਹੈ। ਇਥੇ ਤਾਂ ਇਕ-ਦੂਜੇ ਦੀ ਬਰਾਬਰੀ ਵਾਲੇ 6 ਅਦਾਕਾਰ ਹਨ, ਜਿਨ੍ਹਾਂ ਦੁਆਲੇ ਨਿਰਦੇਸ਼ਕ ਜਤਿੰਦਰ ਮੌਹਾਰ ਨੇ ਕਹਾਣੀ ਦੀ ਸਾਰੀ ਗੋਂਦ ਗੁੰਦੀ ਹੈ। ਇਨ੍ਹਾਂ ਅਦਾਕਾਰਾਂ ਰਾਹੀਂ ਪੰਜਾਬ ਦੇ ਸਮਾਜਿਕ-ਆਰਥਿਕ ਵਰਤਾਰੇ ਨੂੰ ਪੇਸ਼ ਕੀਤਾ ਗਿਆ ਹੈ।
ਗੁਰਦਾਸ ਮਾਨ ਵਲੋਂ ਗਾਇਆ ਟਾਈਟਲ ਗੀਤ ਕਲੇਜੇ ਨੂੰ ਧੂਹ ਪਾਉਣ ਵਾਲਾ ਹੈ-''ਜਦੋਂ ਹੱਥਾਂ ਵਿਚ ਤੇਰੇ ਸੀ ਫੁੱਲ ਸੂਹੇ, ਅਸੀਂ ਚੁਣ ਲਏ ਜਿੰਦੜੀਏ ਰੰਗ ਨੀਲੇ, ਬੀਨ ਡੱਸ ਗਈ ਜਿਥੇ ਸਪੇਰਿਆਂ ਨੂੰ, ਉਥੇ ਸੱਪ ਪਟਾਰੀ ਵਿਚ ਕੌਣ ਕੀਲੇ।'''' ਰੋਹਿਤ ਕੌਸ਼ਿਕ ਵਰਗੀਆਂ ਕਲਮਾਂ ਨੂੰ ਆਵਾਜ਼ ਦੇਣ ਵਾਲਿਆਂ ਵਿਚ ਨੂਰਾਂ ਭੈਣਾਂ ਅਤੇ ਮਨ ਮੰਡ ਵੀ ਸ਼ਾਮਿਲ ਹੈ। ਨਿਰਮਾਤਰੀ ਅਨੂ ਬੈਂਸ ਦਾ ਕਹਿਣਾ ਹੈ ਕਿ ਫਿਲਮ ਵਿਚ ਅਜੋਕੇ ਪੰਜਾਬ ਦੇ ਜੀਵਨ ਦੀ ਪੇਸ਼ਕਾਰੀ ਹੈ। ਫਿਲਮ ਦੇ ਕਹਾਣੀਕਾਰ ਉਦੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਫਿਲਮ ਵਿਚ ਇਹ ਸਾਬਤ ਕਰਨ ਦਾ ਯਤਨ ਹੈ ਕਿ ''ਕਲਾ ਜ਼ਿੰਦਗੀ ਲਈ'' ਵੀ ਹੁੰਦੀ ਹੈ।

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Anuradha Sharma

This news is News Editor Anuradha Sharma