ਪ੍ਰਿਅੰਕਾ ਨੂੰ ਪਸੰਦ ਨਹੀਂ ਆਈ ਫਰਹਾਨ ਦੀ ‘ਜੀ ਲੇ ਜ਼ਰਾ’ ਦੀ ਸਕ੍ਰਿਪਟ, ਡੱਬਾਬੰਦ ਹੋਈ ਫ਼ਿਲਮ

10/01/2023 6:29:38 PM

ਮੁੰਬਈ (ਬਿਊਰੋ)– ਫਰਹਾਨ ਅਖਤਰ ਦੀ ਫ਼ਿਲਮ ‘ਜੀ ਲੇ ਜ਼ਰਾ’ ਜਦੋਂ ਤੋਂ 2021 ’ਚ ਐਲਾਨੀ ਗਈ ਸੀ, ਉਦੋਂ ਤੋਂ ਹੀ ਸੁਰਖ਼ੀਆਂ ’ਚ ਹੈ। ਕਦੇ ਇਸ ਦੇ ਸਿਤਾਰਿਆਂ ’ਚ ਬਦਲਾਅ ਦੀ ਚਰਚਾ ਹੁੰਦੀ ਹੈ ਤਾਂ ਕਦੇ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਤਾਰੀਖ਼ ਟਾਲ ਦਿੱਤੀ ਜਾਂਦੀ ਹੈ। ਕਿਹਾ ਜਾ ਰਿਹਾ ਸੀ ਕਿ ਸਿਤਾਰਿਆਂ ਦੀ ਡੇਟ ਨਾ ਮਿਲਣ ਕਾਰਨ ਫ਼ਿਲਮ ਨੂੰ ਟਾਲਿਆ ਜਾ ਰਿਹਾ ਸੀ ਪਰ ਹੁਣ ਪ੍ਰਿਅੰਕਾ ਚੋਪੜਾ ਨੂੰ ਸਕ੍ਰਿਪਟ ਪਸੰਦ ਨਾ ਆਉਣ ਤੇ ਰਚਨਾਤਮਕ ਮਤਭੇਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ।

ਜੂਨ ’ਚ ਖ਼ਬਰ ਆਈ ਸੀ ਕਿ ਪ੍ਰਿਅੰਕਾ ਫ਼ਿਲਮ ਤੋਂ ਪਿੱਛੇ ਹੱਟ ਗਈ ਹੈ ਪਰ ਬਾਅਦ ’ਚ ਕਿਹਾ ਗਿਆ ਕਿ ਸ਼ੂਟਿੰਗ ਡੇਟ ਨਾ ਹੋਣ ਕਾਰਨ ਟਾਲ ਦਿੱਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ ਪ੍ਰਿਅੰਕਾ ਨੂੰ ਸਕ੍ਰਿਪਟ ਪਸੰਦ ਨਹੀਂ ਆਈ ਤੇ ਉਹ ਰਚਨਾਤਮਕ ਮਤਭੇਦਾਂ ਕਾਰਨ ਇਸ ਤੋਂ ਦੂਰ ਚਲੀ ਗਈ। ਸੂਤਰ ਮੁਤਾਬਕ ਪ੍ਰਿਅੰਕਾ ਨੇ ਪਰਿਣੀਤੀ ਚੋਪੜਾ ਦੇ ਵਿਆਹ ਲਈ ਭਾਰਤ ਆ ਕੇ ਫ਼ਿਲਮ ਸਾਈਨ ਕਰਨੀ ਸੀ ਪਰ ਹੁਣ ਗੱਲ ਨਹੀਂ ਬਣੀ।

ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪ੍ਰਿਅੰਕਾ ਦੇ ਫ਼ਿਲਮ ਤੋਂ ਬਾਹਰ ਹੋਣ ਤੋਂ ਬਾਅਦ ‘ਜੀ ਲੇ ਜ਼ਰਾ’ ਦਾ ਕੀ ਬਣੇਗਾ? ਸੂਤਰ ਮੁਤਾਬਕ ਹੁਣ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਫ਼ਿਲਮ ਬਣਨ ਤੱਕ ਕਹਾਣੀ ਢੁਕਵੀਂ ਰਹੇ ਕਿਉਂਕਿ ਇਸ ’ਚ ਪਹਿਲਾਂ ਹੀ ਕਾਫੀ ਦੇਰੀ ਹੋ ਚੁੱਕੀ ਹੈ। ਫ਼ਿਲਮ ਨੂੰ ਫਲੋਰ ’ਤੇ ਆਉਣ ’ਚ ਅਜੇ 2 ਸਾਲ ਲੱਗਣਗੇ। ਅਜਿਹੇ ’ਚ ਫਰਹਾਨ ਨੂੰ ਜ਼ੋਇਆ ਅਖਤਰ ਨਾਲ ਇਸ ਬਾਰੇ ਸੋਚਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਛੋਟੀ ਡਰੈੱਸ ਦੇਖ ਭੜਕੇ ਲੋਕ, ਅਦਾਕਾਰਾ ਨੇ ਕਿਹਾ– ‘ਜੋ ਪਹਿਨਿਆ ਹੈ, ਉਹ ਵੀ ਉਤਾਰ ਦੇਵਾਂਗੀ’

ਕੁਝ ਦਿਨ ਪਹਿਲਾਂ ਫਰਹਾਨ ਨੇ ਵੈਰਾਇਟੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਡੇਟ ਦਾ ਮੁੱਦਾ ਲੇਟ ਹੋਣ ਦਾ ਕਾਰਨ ਹੈ। ਉਸ ਨੇ ਕਿਹਾ ਸੀ, ‘‘ਸਾਨੂੰ ਤਾਰੀਖ਼ਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲੀਵੁੱਡ ’ਚ ਅਦਾਕਾਰਾਂ ਦੀ ਹੜਤਾਲ ਨੇ ਪ੍ਰਿਅੰਕਾ ਦੀਆਂ ਤਾਰੀਖ਼ਾਂ ’ਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ ਕਿ ਕੀ ਕੀਤਾ ਜਾ ਸਕਦਾ ਹੈ ਤੇ ਕੀ ਨਹੀਂ ਕੀਤਾ ਜਾ ਸਕਦਾ। ਮੈਂ ਹੁਣ ਸਵੀਕਾਰ ਕਰ ਲਿਆ ਹੈ ਕਿ ਫ਼ਿਲਮ ਦੀ ਆਪਣੀ ਕਿਸਮਤ ਹੈ। ਹੁਣ ਇਹ ਉਦੋਂ ਹੋਵੇਗਾ ਜਦੋਂ ਇਹ ਹੋਣਾ ਹੈ।’’

ਫ਼ਿਲਮ ‘ਜੀ ਲੇ ਜ਼ਰਾ’ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਇਸ ਫ਼ਿਲਮ ’ਚ ਪ੍ਰਿਅੰਕਾ ਦੇ ਨਾਲ ਕੈਟਰੀਨਾ ਕੈਫ ਤੇ ਆਲੀਆ ਭੱਟ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੀਆਂ ਸਨ। ਇਹ ਫ਼ਿਲਮ ਤਿੰਨ ਔਰਤਾਂ ਦੀ ਦੋਸਤੀ ਦੀ ਕਹਾਣੀ ਦਿਖਾਏਗੀ, ਜੋ ਰੋਡ ਟ੍ਰਿਪ ’ਤੇ ਜਾਣਗੀਆਂ। ਇਹ ਫ਼ਿਲਮ ‘ਦਿਲ ਚਾਹਤਾ ਹੈ’ ਤੇ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਵਰਗੀ ਬਣਨ ਜਾ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਕਦੋਂ ਬਣੇਗੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh