ਸਲਮਾਨ ਖ਼ਾਨ ਤੇ ਉਸ ਦੀ ਕੰਪਨੀ ਬੀਂਗ ਹਿਊਮਨ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ

11/16/2021 10:29:51 AM

ਚੰਡੀਗੜ੍ਹ (ਬਿਊਰੋ)– ਸ਼ਹਿਰ ਦੇ ਇਕ ਕਾਰੋਬਾਰੀ ਅਰੁਣ ਗੁਪਤਾ ਨੇ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਤੇ ਬੀਂਗ ਹਿਊਮਨ ਕੰਪਨੀ ’ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਅਦਾਲਤ ’ਚ ਧਾਰਾ 156 (3) ਤਹਿਤ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਇਨ੍ਹਾਂ ’ਤੇ ਮਾਮਲਾ ਦਰਜ ਕਰਨ ਲਈ ਅਦਾਲਤ ਨੂੰ ਹੁਕਮ ਦੇਣ ਦੀ ਮੰਗ ਕੀਤੀ ਹੈ। ਗੁਪਤਾ ਦਾ ਕਹਿਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਪੁਲਸ ਨੂੰ ਸ਼ਿਕਾਇਤ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਇਸ ਲਈ ਉਹ ਚਾਹੁੰਦੇ ਹਨ ਕਿ ਅਦਾਲਤ ਇਸ ਕੇਸ ’ਚ ਦਖ਼ਲ ਦੇਵੇ ਤੇ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇਵੇ। ਉਨ੍ਹਾਂ ਦੀ ਪਟੀਸ਼ਨ ’ਤੇ ਅਦਾਲਤ ਨੇ ਪੁਲਸ ਨੂੰ ਸਟੇਟਸ ਰਿਪੋਰਟ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਪੁਲਸ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਨੇ ਹੁਣ ਤੱਕ ਕੇਸ ’ਚ ਕੀ ਕਾਰਵਾਈ ਕੀਤੀ ਹੈ। ਮਾਮਲੇ ਦੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। ਗੁਪਤਾ ਦਾ ਦੋਸ਼ ਹੈ ਕਿ ਸਲਮਾਨ ਦੀ ਕੰਪਨੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ 2.21 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਹੁਣ ਉਹ ਇਸ ਦੀ ਭਰਪਾਈ ਚਾਹੁੰਦੇ ਹਨ। ਗੁਪਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਨੇ ਮਨੀਮਾਜਰਾ ’ਚ ਤਿੰਨ ਕਰੋੜ ਰੁਪਏ ਲਗਾ ਕੇ ਬੀਂਗ ਹਿਊਮਨ ਜਿਊਲਰੀ ਸ਼ੋਅਰੂਮ ਖੋਲ੍ਹਿਆ ਸੀ।

ਇਹ ਖ਼ਬਰ ਵੀ ਪੜ੍ਹੋ : ਧੋਖਾਧੜੀ ਦੇ ਕੇਸ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਸ਼ਿਲਪਾ ਸ਼ੈੱਟੀ, ਕਿਹਾ- ‘ਦੁੱਖ ਹੁੰਦਾ ਹੈ ਕਿੰਨੀ ਆਸਾਨੀ ਨਾਲ...’

ਇਸ ਬਿਜ਼ਨੈੱਸ ਲਈ ਉਨ੍ਹਾਂ ਦਾ ਬੀਂਗ ਹਿਊਮਨ ਨਾਲ ਹੀ ਸਬੰਧਤ ਇਕ ਕੰਪਨੀ ਸਟਾਈਲ ਕਵਿਟੈਂਟ ਨਾਲ ਸਮਝੌਤਾ ਹੋਇਆ ਸੀ। ਸਮਝੌਤੇ ਵੇਲੇ ਗੱਲ ਹੋਈ ਸੀ ਕਿ ਸਲਮਾਨ ਖ਼ਾਨ ਖ਼ੁਦ ਇਸ ਸ਼ੋਅਰੂਮ ਦਾ ਉਦਘਾਟਨ ਕਰਨ ਆਉਣਗੇ ਪਰ ਉਹ ਉਦਘਾਟਨ ’ਚ ਨਹੀਂ ਪਹੁੰਚੇ। ਇਸ ਤੋਂ ਇਲਾਵਾ ਕੰਪਨੀ ਨੇ ਉਨ੍ਹਾਂ ਨੂੰ ਸਮਝੌਤੇ ਮੁਤਾਬਕ ਮਦਦ ਵੀ ਨਹੀਂ ਦਿੱਤੀ। ਦੋਸ਼ ਮੁਤਾਬਕ ਕੰਪਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਆਊਟਲੈੱਟ ਦੀ ਮਾਰਕੀਟਿੰਗ, ਪਬਲਿਸਿਟੀ ਤੇ ਪ੍ਰਮੋਸ਼ਨ ਕਰਨਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਇਥੋਂ ਤਕ ਕਿ ਜੋ ਆਰਟੀਕਲ ਡਿਮਾਂਡ ’ਚ ਸਨ, ਉਹ ਉਨ੍ਹਾਂ ਨੂੰ ਸਪਲਾਈ ਨਹੀਂ ਕੀਤੇ ਗਏ। ਇਸ ਕਾਰਨ ਉਨ੍ਹਾਂ ਦਾ ਸਟੋਰ ਘਾਟੇ ’ਚ ਚਲਾ ਗਿਆ ਪਰ ਕੰਪਨੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਦੋਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਤਾਂ ਉਨ੍ਹਾਂ ਨੇ ਅਦਾਲਤ ’ਚ ਕੇਸ ਫਾਈਲ ਕਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh