ਅਦਾਕਾਰੀ ’ਚ ਜੁਗਾੜਬਾਜ਼ੀ ਨਹੀਂ ਚੱਲਦੀ : ਨਵਾਜ਼ੂਦੀਨ ਸਿੱਦੀਕੀ

05/10/2023 12:01:02 PM

ਚੰਡੀਗੜ੍ਹ (ਬਿਊਰੋ)– ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਹੋਏ ਸਨ ਪਰ ਨਿੱਜੀ ਜ਼ਿੰਦਗੀ ਤੋਂ ਹੱਟ ਕੇ ਗੱਲ ਜਦੋਂ ਉਨ੍ਹਾਂ ਦੇ ਕੰਮ ਦੀ ਹੁੰਦੀ ਹੈ ਤਾਂ ਦਰਸ਼ਕ ਹਮੇਸ਼ਾ ਤੋਂ ਉਨ੍ਹਾਂ ਨੂੰ ਸਕ੍ਰੀਨ ’ਤੇ ਵੇਖਣਾ ਚਾਹੁੰਦੇ ਹਨ। ਉਹ ਆਪਣੀ ਅਦਾਕਾਰੀ ਨਾਲ ਹਰ ਕਿਰਦਾਰ ਨੂੰ ਖ਼ਾਸ ਬਣਾ ਦਿੰਦੇ ਹਨ ਤੇ ਹੁਣ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਵੀ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ 12 ਮਈ ਨੂੰ ਉਨ੍ਹਾਂ ਦੀ ਆਗਾਮੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਰਿਲੀਜ਼ ਹੋਣ ਵਾਲੀ ਹੈ, ਜਿਸ ’ਚ ਉਨ੍ਹਾਂ ਦੇ ਨਾਲ ਨੇਹਾ ਸ਼ਰਮਾ, ਸੰਜੇ ਮਿਸ਼ਰਾ ਤੇ ਮਹਾਕਸ਼ੇ ਚੱਕਰਵਰਤੀ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਦੱਸ ਦੇਈਏ ਕਿ ਮਹਾਕਸ਼ੇ ਸੁਪਰਸਟਾਰ ਮਿਥੁਨ ਚੱਕਰਵਰਤੀ ਦੇ ਪੁੱਤਰ ਹਨ, ਜਿਨ੍ਹਾਂ ਨੂੰ ਮਿਮੋਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਫ਼ਿਲਮ ਦਾ ਨਿਰਦੇਸ਼ਨ ਕੁਸ਼ਾਨ ਨੰਦੀ ਨੇ ਕੀਤਾ ਹੈ। ਫ਼ਿਲਮ ਨੂੰ ਲੈ ਕੇ ਨਵਾਜ਼ੂਦੀਨ ਸਿੱਦੀਕੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼–

ਸਭ ਦਾ ਬਦਲਾ ਲੈਣ ਤੋਂ ਬਾਅਦ ਤੁਸੀਂ ਜੁਗਾੜੂ ਜੋਗੀ ਕਿਵੇਂ ਬਣ ਗਏ?
ਬਦਲਾ ਉਥੇ ਹੀ ਖ਼ਤਮ ਹੋ ਗਿਆ ਸੀ, ਜਿਥੇ ਉਹ ਫ਼ਿਲਮ ਖ਼ਤਮ ਹੋ ਗਈ ਸੀ। ਉਂਝ ਬਦਲਾ ਲੈਣ ਵਾਲਾ ਆਦਮੀ ਮੈਂ ਹਾਂ ਨਹੀਂ, ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਰੋਮਾਂਸ ਕਰਾਂ ਤਾਂ ਇਕ-ਦੋ ਫ਼ਿਲਮਾਂ ’ਚ ਕੋਸ਼ਿਸ਼ ਕੀਤੀ ਸੀ ਤੇ ਹੁਣ ਇਕ ਕੋਸ਼ਿਸ਼ ਇਹ ਹੈ।

ਤੁਹਾਨੂੰ ਰੋਮਾਂਸ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ ਜਾਂ ਬਦਲਾ ਲੈਣਾ?
ਰੋਮਾਂਸ ’ਚ ਬਦਲਾ ਲੈਣਾ।

ਤੁਸੀਂ ਕਿਵੇਂ ਬਣੇ ਜੁਗਾੜੂ ਜੋਗੀ?
ਕੁਸ਼ਾਨ ਦੇ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਸੀ ਤੇ ਫਿਰ ਇਹ ਸਕ੍ਰਿਪਟ ਆਈ, ਅਸਦ ਭੋਪਾਲੀ ਇਸ ਦੇ ਡਾਇਲਾਗ ਰਾਈਟਰ ਹਨ। ਬਹੁਤ ਚੰਗੀ ਸਕ੍ਰਿਪਟ ਹੈ ਉਨ੍ਹਾਂ ਦੀ। ਜਦੋਂ ਮੈਂ ਇਹ ਪੜ੍ਹ ਰਿਹਾ ਸੀ ਤਾਂ ਉਂਝ ਹੀ ਹਾਸਾ ਆ ਰਿਹਾ ਸੀ ਤਾਂ ਮੈਂ ਸੋਚਿਆ ਕਿ ਉਂਝ ਵੀ ਲੋਕ ਅੱਜ-ਕੱਲ ਘੱਟ ਹੱਸਦੇ ਹਨ ਤਾਂ ਕਿਉਂ ਨਾ ਇਸ ਫ਼ਿਲਮ ਨੂੰ ਕੀਤਾ ਜਾਵੇ ਤਾਂ ਇਸ ਤਰ੍ਹਾਂ ਇਹ ਫ਼ਿਲਮ ਹੋ ਗਈ।

ਅਸਲ ਜ਼ਿੰਦਗੀ ’ਚ ਕਦੇ ਜੁਗਾੜ ਕੀਤੇ ਹਨ?
ਛੋਟੀਆਂ-ਛੋਟੀਆਂ ਚੀਜ਼ਾਂ ’ਚ ਜੁਗਾੜ ਕੀਤਾ ਹੈ, ਮੈਂ ਵੱਡੀਆਂ ’ਚ ਨਹੀਂ।

ਕੀ ਅਦਾਕਾਰੀ ’ਚ ਜੁਗਾੜਬਾਜ਼ੀ ਚੱਲਦੀ ਹੈ?
ਅਦਾਕਾਰੀ ’ਚ ਜੁਗਾੜਬਾਜ਼ੀ ਨਹੀਂ ਚੱਲਦੀ। ਹਾਂ, ਕੁਝ ਲੋਕਾਂ ਦੀ ਚੱਲਦੀ ਹੈ ਤੇ ਕੁਝ ਦਿਨਾਂ ਤਕ ਚੱਲਦੀ ਹੈ।

ਤੁਸੀਂ ਕਦੇ ਅਦਾਕਾਰੀ ’ਚ ਜੁਗਾੜ ਲਾਇਆ ਹੈ?
ਸ਼ੁਰੂਆਤੀ ਦਿਨਾਂ ’ਚ ਮੈਂ ਤੇ ਰਾਜਪਾਲ ਇਕ ਦਫ਼ਤਰ ਗਏ ਸੀ, ਉਥੇ ਸੀ ਗ੍ਰੇਡ ਦੀ ਫ਼ਿਲਮ ਬਣ ਰਹੀ ਸੀ ਤਾਂ ਰਾਜਪਾਲ ਨੇ ਮੇਰਾ ਜੁਗਾੜ ਫਿੱਟ ਕਰਵਾ ਦਿੱਤਾ ਸੀ। ਉਸ ਨੇ ਮੇਰੀ ਉਥੇ ਕਾਫ਼ੀ ਤਾਰੀਫ਼ ਕੀਤੀ ਕਿ ਇਹ ਕਮਾਲ ਦਾ ਅਦਾਕਾਰ ਹੈ, ਤੁਸੀਂ ਇਕ ਸੀਨ ਦਿਓਗੇ ਤਾਂ ਤੁਹਾਡਾ ਮਨ ਕਰੇਗਾ ਕਿ ਦੋ ਸੀਨ ਇਸ ਨੂੰ ਦਿਓ। ਇਹ ਕੋਈ 17-18 ਸਾਲ ਪੁਰਾਣੀ ਗੱਲ ਹੈ। ਸਾਨੂੰ ਦੋਵਾਂ ਨੂੰ ਫ਼ਿਲਮ ’ਚ ਲੈ ਲਿਆ ਗਿਆ, ਅਸੀਂ ਲੋਕ ਉਨ੍ਹਾਂ ਦੇ ਦਫ਼ਤਰ ਪੈਸੇ ਦੀ ਗੱਲ ਕਰਨ ਗਏ ਸੀ ਤਾਂ ਜਿਥੇ ਅਸੀਂ ਬੈਠੇ ਸੀ, ਉਥੇ ’ਚ ਇਕ ਕਮਰਾ ਸੀ ਤੇ ਸਾਡੇ ਨੇੜੇ ਹੀ ਇਕ ਸੈੱਟ ਤੇ ਕਾਸਟਿਊਮ ਡਿਜ਼ਾਈਨਰ ਵੀ ਬੈਠਾ ਸੀ। ਉਨ੍ਹਾਂ ਨੇ ਵੀ ਪੈਸੇ ਦੀ ਹੀ ਗੱਲ ਕਰਨੀ ਸੀ ਤਾਂ ਇਕਦਮ ਦਫ਼ਤਰ ਦੇ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਆਈ, ਚੀਕਣ ਦੀ ਆਵਾਜ਼ ਆਈ। ਮੈਂ ਕਿਹਾ ਇਹ ਕੀ ਹੈ? ਤਾਂ ਬੰਦਾ ਬਾਹਰ ਨਿਕਲਿਆ ਤੇ ਰੋਂਦਾ-ਰੋਂਦਾ ਬਾਹਰ ਚਲਿਆ ਗਿਆ। ਉਸ ਦੇ ਪਿੱਛੇ ਅਸਿਸਟੈਂਟ ਵੀ ਨਿਕਲਿਆ, ਅਸੀਂ ਉਸ ਕੋਲੋਂ ਪੁੱਛਿਆ ਕੀ ਹੋਇਆ, ਇਹ ਰੋ ਕਿਉਂ ਰਿਹਾ ਸੀ ਤਾਂ ਇੰਨਾ ਬੋਲਿਆ ਕਿ ਪੈਸੇ ਜ਼ਿਆਦਾ ਮੰਗ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਕਿਹਾ ਆਓ ਜੀ ਹੁਣ ਤੁਹਾਡੀ ਵਾਰੀ ਹੈ। ਜਿਉਂ ਹੀ ਇਹ ਕਿਹਾ ਅਸੀਂ ਉਥੋਂ ਭੱਜ ਗਏ ਤੇ ਅਸੀਂ ਫ਼ਿਲਮ ਨਹੀਂ ਕੀਤੀ।

ਇਸ ਫ਼ਿਲਮ ਦੀ ਸ਼ੂਟਿੰਗ ਕਾਫ਼ੀ ਲੰਬੀ ਚੱਲੀ? ਕੀ ਕਾਰਨ ਸੀ?
ਅਸੀਂ ਕੋਵਿਡ ਦੌਰਾਨ ਸ਼ੂਟਿੰਗ ਕਰ ਰਹੇ ਸੀ ਤਾਂ ਕੁਝ ਲੋਕਾਂ ਨੂੰ ਕੋਵਿਡ ਹੋ ਗਿਆ ਸੀ, ਜਿਸ ਕਾਰਨ ਸ਼ੂਟਿੰਗ ਰੁਕ ਗਈ ਸੀ। ਹਾਲੇ ਕੁਝ ਮਹੀਨੇ ਪਹਿਲਾਂ ਹੀ ਸ਼ੂਟਿੰਗ ਖ਼ਤਮ ਕੀਤੀ ਹੈ। ਹੁਣ ਫ਼ਿਲਮ ਰਿਲੀਜ਼ ਲਈ ਤਿਆਰ ਹੈ।

ਤੁਸੀਂ ਆਪਣੇ ਕਿਰਦਾਰਾਂ ਲਈ ਕਿਸ ਤਰ੍ਹਾਂ ਅਪ੍ਰੋਚ ਕਰਦੇ ਹੋ? ਕਿ ਕਿਹੜਾ ਕਿਰਦਾਰ ਕਰਨਾ ਹੈ ਤੇ ਕਿਹੜਾ ਨਹੀਂ?
ਫ਼ਿਲਮ ਦੀ ਚੋਣ ਡਿਪੈਂਡ ਕਰਦੀ ਹੈ ਕਿ ਫ਼ਿਲਮ ਨੂੰ ਡਾਇਰੈਕਟ ਕੌਣ ਕਰ ਰਿਹਾ ਹੈ? ਸਟੋਰੀ ਕਿਵੇਂ ਦੀ ਹੈ ਤੇ ਮੇਰਾ ਕਿਰਦਾਰ ਕਿਵੇਂ ਹੈ? ਮੈਂ ਜ਼ਿਆਦਾਤਰ ਆਪਣੇ ਕਿਰਦਾਰ ’ਤੇ ਧਿਆਨ ਦਿੰਦਾ ਹਾਂ ਕਿਉਂਕਿ ਕਹਾਣੀ ਦਾ ਮੈਨੂੰ ਜ਼ਿਆਦਾ ਤਜਰਬਾ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਕਿਰਦਾਰ ’ਚ ਬਹੁਤ ਸਾਰੀਆਂ ਬੁਰਾਈਆਂ ਵੀ ਹੋਣ ਤੇ ਬਹੁਤ ਸਾਰੀਆਂ ਚੰਗਿਆਈਆਂ ਵੀ। ਬਿਲਕੁਲ ਹੀ ਖ਼ਰਾਬ ਤੇ ਬਹੁਤ ਹੀ ਚੰਗਾ ਕਿਰਦਾਰ ਮੈਂ ਨਹੀਂ ਕਰਨਾ ਚਾਹੁੰਦਾ।

ਇਸ ਕਿਰਦਾਰ ਨੂੰ ਤੁਸੀਂ ‘ਹਾਂ’ ਕਿਉਂ ਕਿਹਾ?
ਇਹ ਬਹੁਤ ਹੀ ਸਾਫ਼-ਸੁਥਰਾ ਕਿਰਦਾਰ ਨਹੀਂ ਹੈ, ਜਿਵੇਂ ਕਮਰਸ਼ੀਅਲ ਫ਼ਿਲਮਾਂ ’ਚ ਹੁੰਦਾ ਹੈ ਕਿ ਇਕ ਹੀਰੋ ’ਚ ਸਿਰਫ ਚੰਗਿਆਈਆਂ ਹੀ ਹੋਣ ਬੁਰਾਈ ਨਾ ਹੋਵੇ। ਇਸ ’ਚ ਬੁਰਾਈ ਤੇ ਚੰਗਿਆਈ ਦੋਵੇਂ ਹਨ ਤੇ ਅਖੀਰ ਤਕ ਉਹੋ ਜਿਹਾ ਹੀ ਰਹਿੰਦਾ ਹੈ, ਜਿਵੇਂ ਸ਼ੁਰੂਆਤ ’ਚ ਵਿਖਾਇਆ ਗਿਆ ਹੈ।

ਤੁਹਾਡੀ ਜ਼ਿੰਦਗੀ ’ਚ ਕਦੇ ਅਫਵਾਹਾਂ ਉੱਡੀਆਂ ਹਨ?
ਬਹੁਤ ਸਾਰੀਆਂ, ਕਈ ਵਾਰ ਤਾਂ ਮੈਨੂੰ ਪੜ੍ਹ ਕੇ ਪਤਾ ਲੱਗਦਾ ਸੀ ਕਿ ਮੈਂ ਇਥੇ ਵੀ ਸੀ।

Rahul Singh

This news is Content Editor Rahul Singh