ਗਾਇਕ ਨਵ ਡੋਲੋਰੇਨ ਨੇ ਕਿਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਬਣਾਈ ਵੱਖਰੀ ਪਛਾਣ

06/03/2021 6:51:15 PM

ਜਲੰਧਰ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਬਹੁਤ ਸਾਰੇ ਉੱਭਰਦੇ ਕਲਾਕਾਰ ਹਨ, ਜਿਨ੍ਹਾਂ ’ਚੋਂ ਇਕ ਹੈ ਪੰਜਾਬੀ ਗਾਇਕ ਨਵਦੀਪ ਗਿੱਲ ਉਰਫ ਨਵ ਡੋਲੋਰੇਨ, ਜੋ ਆਪਣੀ ਜਾਦੂਈ ਗਾਇਕੀ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਹੈ। ਉਸ ਦਾ ਜਨਮ 2 ਅਗਸਤ, 1994 ਨੂੰ ਡੋਲੋਰੇਨ ਪਿੰਡ ’ਚ ਹੋਇਆ। ਇਸ ਪੰਜਾਬੀ ਗਾਇਕ ਨੇ ਆਪਣੀ ਮਿਹਨਤ ਨਾਲ ਸੰਗੀਤ ਜਗਤ ’ਚ ਆਪਣੀ ਪਛਾਣ ਬਣਾਈ ਹੈ।

ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ’ਚ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਆਪਣੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਲੋਕਾਂ ’ਚ ਇਕ ਚੰਗੇ ਵਿਅਕਤੀ ਤੇ ਗਾਇਕ ਵਜੋਂ ਪ੍ਰਸਿੱਧ ਹੈ।

ਇਸ ਤਰ੍ਹਾਂ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ

ਗਾਉਣ ਦਾ ਸਫ਼ਰ ਉਸ ਦੇ ਪਿੰਡ ਡੋਲੋਰੇਨ ਤੋਂ ਸ਼ੁਰੂ ਹੋਇਆ। ਪਹਿਲਾਂ ਉਹ ਛੋਟੇ ਪ੍ਰੋਗਰਾਮਾਂ ’ਚ ਗਾਉਂਦਾ ਹੁੰਦਾ ਸੀ। ਉਸ ਨੂੰ ਲੋਕਾਂ ਵਲੋਂ ਤਿਉਹਾਰਾਂ ਤੇ ਹੋਰ ਸਮਾਗਮਾਂ ’ਚ ਗਾਉਣ ਲਈ ਬੁਲਾਇਆ ਜਾਂਦਾ ਸੀ ਪਰ ਉਸ ਸਮੇਂ ਦੇ ਮਸ਼ਹੂਰ ਗਾਇਕਾਂ ਦੀ ਤੁਲਨਾ ’ਚ ਉਸ ’ਚ ਸਟੇਜ ’ਤੇ ਗਾਉਣ ਦਾ ਘੱਟ ਮੌਕਾ ਦਿੱਤਾ ਜਾਂਦਾ ਸੀ। ਜੋ ਲੋਕ ਉਸ ਦੇ ਦਿਲ ਨੂੰ ਦੁਖੀ ਕਰਦੇ ਸਨ, ਇਨ੍ਹਾਂ ਠੋਕਰਾਂ ਤੇ ਦੁਨੀਆ ਦੀਆਂ ਮੁਸੀਬਤਾਂ ਨੇ ਉਸ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ, ਉਹ ਇਨ੍ਹਾਂ ਚੀਜ਼ਾਂ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧਿਆ।

ਆਖਿਰਕਾਰ ਉਸ ਨੂੰ ਸਖ਼ਤ ਮਿਹਨਤ ਦਾ ਫਲ ਮਿਲਿਆ ਤੇ ਉਸ ਦਾ ਪਹਿਲਾ ਗਾਣਾ ‘ਸੇਮ ਸਟੋਰੀ’ 2 ਫਰਵਰੀ, 2016 ਨੂੰ ਦਿੱਲੀ ’ਚ ਰਿਕਾਰਡ ਕੀਤਾ ਗਿਆ, ਜਿਸ ਨੂੰ ਮਿਊਜ਼ੀਕਲ ਰਿਕਾਰਡਰ ਆਰਵ ਸਾਊਂਡਸ ਦੁਆਰਾ ਰਿਕਾਰਡ ਕੀਤਾ ਗਿਆ ਸੀ। ਇਹ ਗਾਣਾ ਸੁੱਖ ਸੇਦੋਵਾਲ ਨੇ ਲਿਖਿਆ ਸੀ। ਇਹ ਗਾਣਾ 7 ਜੁਲਾਈ, 2017 ਨੂੰ ਰਿਲੀਜ਼ ਕੀਤਾ ਗਿਆ ਸੀ।

ਉਸ ਦਾ ਦੂਜਾ ਗਾਣਾ ‘ਚਿੱਟਾ’ 1 ਸਤੰਬਰ, 2018 ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗਾਣਾ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ, ਇਹ ਗਾਣਾ ਪ੍ਰਿੰਸ ਸੈਂਬੀ ਨੇ ਲਿਖਿਆ ਸੀ, ਜਿਸ ਦੀ ਵੀਡੀਓ ਤੇਜੀ ਸੰਧੂ ਤੇ ਹਾਂਜੀ ਮਿਊਜ਼ੀਕਲ ਨੇ ਪਹਿਲੇ ਗਾਣੇ ਵਜੋਂ ਜਾਰੀ ਕੀਤਾ ਸੀ। ਇਸ ਗਾਣੇ ਨੂੰ ਨਵ ਡੋਲੋਰੇਨ ਨੇ ਆਪਣੀ ਖੂਬਸੂਰਤ ਆਵਾਜ਼ ’ਚ ਗਾਇਆ ਸੀ।

ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਪਰ ਇਸ ਦੇ ਨਾਲ ਹੀ ਉਸ ਨੂੰ ਇਸ ਗਾਣੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਗਾਣੇ ਕਾਰਨ ਉਸ ਦੇ ਖ਼ਿਲਾਫ਼ ਪਟਿਆਲਾ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਕਿਉਂਕਿ ਲੋਕਾਂ ਨੂੰ ਇਹ ਗਾਣਾ ਸੁਣ ਕੇ ਲੱਗਦਾ ਸੀ ਕਿ ਇਸ ਗਾਣੇ ਰਾਹੀਂ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਜਦੋਂ ਲੋਕਾਂ ਨੇ ਇਸ ਗਾਣੇ ਦੀ ਵੀਡੀਓ ਵੇਖੀ ਤਾਂ ਉਹ ਸਮਝ ਗਏ ਕਿ ਇਸ ਗਾਣੇ ’ਚ ਨੌਜਵਾਨ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਨਿਕਲ ਰਹੇ ਹਨ ਤੇ ਗੀਤ ਇਕ ਵਧੀਆ ਸੰਦੇਸ਼ ਦੇ ਰਿਹਾ ਹੈ।

ਇਸ ਤੋਂ ਬਾਅਦ ਉਸ ਦੇ ਗਾਣੇ ਸਾਲ 2018 ਤੋਂ 2021 ਤੱਕ ਆਉਂਦੇ ਰਹੇ, ਜੋ ਕਿ ਬਹੁਤ ਪਸੰਦ ਕੀਤੇ ਗਏ ਸਨ। ਇਸ ਸਾਲ ਵੀ ਉਸ ਦੇ ਬਹੁਤ ਸਾਰੇ ਗਾਣੇ ਰਿਲੀਜ਼ ਹੋਣਗੇ। ਕੁਝ ਦਿਨਾਂ ’ਚ ਉਸ ਦਾ ਗਾਣਾ ‘ਮੂਵ ਆਨ’ ਰਿਲੀਜ਼ ਹੋਵੇਗਾ, ਇਸ ਤੋਂ ਬਾਅਦ ਪਹਿਲੀ ਐਲਬਮ ‘ਟਰੂ ਰੂਟਸ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ। ਨਵ ਡੋਲੋਰੇਨ ਗਾਇਕੀ ਵੱਲ ਰੁਖ਼ ਕਰਨ ਤੋਂ ਪਹਿਲਾਂ ਕਬੱਡੀ ਤੇ ਵਾਲੀਬਾਲ ਦਾ ਇਕ ਉੱਤਮ ਖਿਡਾਰੀ ਰਿਹਾ ਹੈ। ਉਸ ਨੇ ਉਸਤਾਦ ਰਾਣਾ ਮਾਧੋ ਜੰਡੀਆ ਦੀ ਦੇਖ-ਰੇਖ ਹੇਠ ਗਾਣੇ ਗਾਉਣੇ ਤੇ ਲਿਖਣੇ ਸਿੱਖੇ। ਉਹ ਮਿਊਜ਼ਿਕ ਇੰਡਸਟਰੀ ’ਚ ਕੁਝ ਵੱਖਰਾ ਕਰਨਾ ਚਾਹੁੰਦਾ ਹੈ ਤਾਂ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਪ੍ਰਤੀ ਲੋਕਾਂ ਦਾ ਰਵੱਈਆ ਬਦਲ ਸਕੇ।

ਇਨ੍ਹਾਂ ਚੀਜ਼ਾਂ ’ਚ ਹੈ ਦਿਲਚਸਪੀ

ਸ਼ੁਰੂ ਤੋਂ ਹੀ ਨਵ ਡੋਲੋਰੇਨ ਲਾਈਵ ਗਾਉਣ ਤੇ ਨਵੀਆਂ ਥਾਵਾਂ ਦੀ ਯਾਤਰਾ, ਖਰੀਦਦਾਰੀ, ਸਕਾਈ ਡਾਈਵਿੰਗ, ਖੇਡਾਂ ਤੇ ਗਾਇਕੀ ’ਚ ਦਿਲਚਸਪੀ ਰੱਖਦਾ ਹੈ, ਜਿਸ ਕਾਰਨ ਉਹ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕਿਆ। ਨਵ ਡੋਲੋਰੇਨ ਇਕ ਚੰਗਾ ਗਾਇਕ ਹੋਣ ਦੇ ਨਾਲ-ਨਾਲ ਇਕ ਵਧੀਆ ਦਿਲ ਦਾ ਵਿਅਕਤੀ ਵੀ ਹੈ। ਉਹ ਸਮਾਜਿਕ ਕਾਰਜ ਵੀ ਕਰਦਾ ਹੈ। ਉਹ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ, ਜੋ ਗਾਇਕੀ ਦੇ ਖੇਤਰ ’ਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ, ਜੋ ਉਸ ਨੇ ਗਾਇਕੀ ਯਾਤਰਾ ਦੀ ਸ਼ੁਰੂਆਤ ’ਤੇ ਝੱਲੀ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh