ਭਾਰਤ ''ਚ ''ਮਦਰਸ ਆਫ ਡਾਂਸ'' ਦੇ ਨਾਂ ਨਾਲ ਜਾਣੀ ਜਾਂਦੀ ਸੀ ਸਰੋਜ ਖਾਨ, ਜਾਣੋ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ

07/03/2020 11:13:08 AM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਦੀ ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖਾਨ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਜ਼ਿੰਦਗੀ 'ਚ ਕਈ ਮੁਸ਼ਕਿਲਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਪਹਿਲਾਂ ਬੈਕਗ੍ਰਾਊਂਡ ਡਾਂਸਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਪਹਿਲੀ ਵਾਰ ਸਾਲ 1974 'ਚ ਰਿਲੀਜ਼ ਹੋਈ ਫ਼ਿਲਮ 'ਗੀਤਾ ਮੇਰਾ ਨਾਂ' ਦੇ ਗਾਣੇ ਕੋਰੀਓਗ੍ਰਾਫ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।

ਸਰੋਜ ਖਾਨ ਦਾ ਜਨਮ 22 ਨਵੰਬਰ 1948 'ਚ ਕਿਸ਼ਨਚੰਦ ਸੰਧੂ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲੀ ਨਾਂ ਨਿਰਮਲਾ ਕਿਸ਼ਨਚੰਦਰ ਸੰਧੂ ਸਿੰਘ ਨਾਗਪਾਲ ਹੈ। ਪਾਰਟੀਸ਼ਨ ਤੋਂ ਬਾਅਦ ਸਰੋਜ ਖਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ। ਲਗਭਗ 3 ਸਾਲ ਦੀ ਉਮਰ 'ਚ ਬਤੌਰ ਚਾਈਲਡ ਆਰਟਿਸਟ ਸਰੋਜ ਖਾਨ ਨੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਨਜਰਾਨਾ' ਨਾਲ ਕੀਤੀ ਸੀ।

ਸਰੋਜ ਖਾਨ ਨੂੰ ਭਾਰਤ 'ਚ 'ਮਦਰਸ ਆਫ ਡਾਂਸ' ਕਿਹਾ ਜਾਣ ਲੱਗਾ। ਉਨ੍ਹਾਂ ਸਾਲ 1986 'ਚ ਫ਼ਿਲਮ 'ਨਗੀਨਾ', 1987 'ਚ 'ਮਿਸਟਰ ਇੰਡੀਆ', 1988 'ਚ 'ਤੇਜ਼ਾਬ' ਅਤੇ 1989 'ਚ ਆਈ ਫ਼ਿਲਮ 'ਚਾਂਦਨੀ' ਸਮੇਤ ਕਈ ਬਿਹਤਰੀਨ ਫ਼ਿਲਮਾਂ ਦੇ ਗਾਣਿਆਂ ਨੂੰ ਕੋਰੀਓਗ੍ਰਾਫ਼ ਕੀਤਾ।

ਉਨ੍ਹਾਂ ਨੂੰ ਕਈ ਐਵਾਰਡ ਅਤੇ ਸਨਮਾਨ ਮਿਲੇ। ਸਾਲ 2003 'ਚ ਆਈ ਫ਼ਿਲਮ 'ਦੇਵਦਾਸ' ਦੇ ਗੀਤ 'ਢੋਲਾ ਰੇ ਢੋਲਾ' ਲਈ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਇਸ ਤੋਂ ਇਲਾਵਾ 2006 'ਚ ਆਈ ਫ਼ਿਲਮ 'ਸ਼੍ਰੀਨਗਰਮ' ਦੇ ਸਾਰੇ ਗਾਣਿਆਂ ਅਤੇ ਸਾਲ 2008 'ਚ ਆਈ 'ਜਬ ਵੀ ਮੈੱਟ' ਦੇ ਗੀਤ 'ਯੇ ਇਸ਼ਕ ਹਾਏ' ਲਈ ਵੀ ਨੈਸ਼ਨਲ ਐਵਾਰਡ ਮਿਲਿਆ।

ਦੱਸ ਦਈਏ ਕਿ ਸਰੋਜ ਖਾਨ ਸਾਲ 2000 ਤੋਂ ਵੀ ਜ਼ਿਆਦਾ ਗੀਤਾਂ ਨੂੰ ਕੋਰੀਓਗ੍ਰਾਫ ਕਰ ਚੁੱਕੇ ਹਨ ਅਤੇ 3 ਸਾਲ ਦੀ ਉਮਰ 'ਚ ਉਨ੍ਹਾਂ ਨੇ ਬਤੌਰ ਚਾਈਲਡ ਆਰਟਿਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕਿਆਂ ਦੇ ਆਪਣੇ ਕੋਰੀਓਗਰਾਫ਼ੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ 2000 ਤੋਂ ਵੱਧ ਗਾਣਿਆਂ 'ਚ ਡਾਂਸ ਡਾਇਰੈਕਸ਼ਨ ਦਿੱਤੀ। ਉਨ੍ਹਾਂ ਨੂੰ ਤਿੰਨ ਵਾਰ ਆਪਣੇ ਕੰਮ ਲਈ ਨੈਸ਼ਨਲ ਪੁਰਸਕਾਰ ਮਿਲਿਆ। ਉਨ੍ਹਾਂ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋਂ ਬਣਾਈ ਗਈ ਫ਼ਿਲਮ 'ਕਲੰਕ' ਸੀ, ਜੋ ਕਿ ਸਾਲ 2019 'ਚ ਸਿਨੇਮਾ ਘਰਾਂ 'ਚ ਆਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਰੋਜ ਖਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਨੇਗੈਟਿਵ ਆਈ ਸੀ। 24 ਜੂਨ ਨੂੰ ਸਰੋਜ ਖਾਨ ਦੇ ਪਰਿਵਾਰਕ ਸੂਤਰਾਂ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਸਾਹ ਲੈਣ 'ਚ ਕਾਫ਼ੀ ਔਖ ਹੋ ਰਹੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਰੋਜ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਧੀ ਨੇ ਕੀਤੀ।

sunita

This news is Content Editor sunita