ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਨੂੰ ਲੈ ਕੇ MP ''ਚ ਹੋਇਆ ਹੰਗਾਮਾ, ਜਾਣੋ ਪੂਰਾ ਮਾਮਲਾ

12/25/2021 11:10:29 AM

ਮੁੰਬਈ (ਬਿਊਰੋ) - ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦਾ ਇਕ ਪ੍ਰਾਈਵੇਟ ਸਕੂਲ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੇ ਪੁੱਤਰ ਨਾਲ ਜੁੜਿਆ ਸਵਾਲ ਪੁੱਛਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ, ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਨੇ 6ਵੀਂ ਜਮਾਤ ਦੇ ਜਰਨਲ ਨੌਲੇਜ ਦੇ ਪੇਪਰ 'ਚ ਪੁੱਛਿਆ ਸੀ, ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਦਾ ਪੂਰਾ ਨਾਮ ਲਿਖੋ? ਇਸ 'ਤੇ ਗੁੱਸੇ 'ਚ ਆਏ ਮਾਤਾ-ਪਿਤਾ ਬੋਲੇ- ਕੀ ਇਹ ਮਹਾਪੁਰਖ ਹੈ?

ਮਾਪਿਆਂ ਨੇ ਕਾਰਵਾਈ ਦੀ ਕੀਤੀ ਮੰਗ
ਇਹ ਮਾਮਲਾ ਅਕਾਦਮਿਕ ਹਾਈਟਸ ਪਬਲਿਕ ਸਕੂਲ, ਖੰਡਵਾ ਦਾ ਹੈ, ਜਿੱਥੇ ਮਿਡ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ। ਜਦੋਂ ਬੱਚੇ ਪ੍ਰੀਖਿਆ ਦੇ ਕੇ ਘਰ ਪਹੁੰਚੇ ਤਾਂ ਪ੍ਰਸ਼ਨ ਪੱਤਰ 'ਚ ਇਹ ਸਵਾਲ ਦੇਖ ਕੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ। ਨਾਲ ਹੀ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।

ਸਕੂਲ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
ਪੀ. ਟੀ. ਏ. (ਮਾਪੇ-ਅਧਿਆਪਕ ਸੰਘ) ਦੇ ਸਰਪ੍ਰਸਤ ਡਾ: ਅਨੀਸ਼ ਅਰਝਰੇ ਦਾ ਕਹਿਣਾ ਹੈ ਕਿ ਆਮ ਗਿਆਨ ਦੇ ਸਵਾਲ ਮਹਾਪੁਰਖਾਂ ਨਾਲ ਸਬੰਧਤ ਹੋਣੇ ਚਾਹੀਦੇ ਹਨ ਪਰ ਕੀ ਸਕੂਲੀ ਬੱਚਿਆਂ ਨੂੰ ਕਿਸੇ ਫ਼ਿਲਮ ਕਲਾਕਾਰ ਦੇ ਬੱਚੇ ਦਾ ਨਾਂ ਪਤਾ ਹੋਣਾ ਜ਼ਰੂਰੀ ਹੈ। ਖੰਡਵਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ. ਈ. ਓ.) ਸੰਜੀਵ ਭਲੇਰਾਓ ਨੇ ਕਿਹਾ ਹੈ ਕਿ ਅਸੀਂ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸਕੂਲ ਦਾ ਜਵਾਬ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਕਰੀਨਾ ਕਪੂਰ ਇਨ੍ਹੀਂ ਦਿਨੀਂ ਕੁਆਰੰਟੀਨ 'ਚ ਹੈ। ਉਹ ਹਾਲ ਹੀ 'ਚ ਤੈਮੂਰ ਦੇ ਜਨਮਦਿਨ ਸਮਾਰੋਹ 'ਚ ਵੀ ਸ਼ਾਮਲ ਨਹੀਂ ਹੋ ਸਕੀ ਸੀ। ਕਰੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਪਹਿਲੀ ਵਾਰ ਤੈਮੂਰ ਦੇ ਤੁਰਨ ਦਾ ਪਲ ਕੈਦ ਕੀਤਾ ਗਿਆ ਸੀ।

ਤੈਮੂਰ ਦੇ ਨਾਂ ਨੂੰ ਲੈ ਕੇ ਵੀ ਹੋਇਆ ਸੀ ਕਾਫ਼ੀ ਵਿਵਾਦ
ਕਰੀਨਾ ਤੇ ਸੈਫ ਨੂੰ ਆਪਣੇ ਬੇਟੇ ਦਾ ਨਾਂ ਤੈਮੂਰ ਰੱਖਣ ਨੂੰ ਲੈ ਕੇ ਕਈ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੌਰਾਨ ਇਕ ਇੰਟਰਵਿਊ 'ਚ ਸੈਫ ਨੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਦਾ ਨਾਂ ਬਦਲਣ ਬਾਰੇ ਸੋਚ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਲੋਕਪ੍ਰਿਯ ਹੋਵੇ। ਹਾਲਾਂਕਿ, ਕਰੀਨਾ ਇਸ ਗੱਲ ਲਈ ਰਾਜ਼ੀ ਨਹੀਂ ਹੋਈ। ਉਦੋਂ ਕਰੀਨਾ ਨੇ ਕਿਹਾ ਸੀ ਕਿ ਜੇਕਰ ਨਾਂ ਕਾਰਨ ਕੋਈ ਹੋਰ ਪ੍ਰੇਸ਼ਾਨੀ ਹੁੰਦੀ ਹੈ ਤਾਂ ਅਸੀਂ ਨਾਂ ਬਦਲ ਲਵਾਂਗੇ।
ਦੱਸਣਯੋਗ ਹੈ ਕਿ 2016 'ਚ ਪੁੱਤਰ ਤੈਮੂਰ ਦੇ ਨਾਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਕਿਉਂਕਿ ਤੈਮੂਰ ਇੱਕ ਹਮਲਾਵਰ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

sunita

This news is Content Editor sunita