ਆਸਕਰਸ ’ਚ ‘ਨਾਟੂ ਨਾਟੂ’ ’ਤੇ ਨੱਚੇਗਾ ਅਮਰੀਕਾ, ਐਵਾਰਡ ਸ਼ੋਅ ’ਚ ਹੋਵੇਗੀ ਲਾਈਵ ਪੇਸ਼ਕਾਰੀ

03/01/2023 1:39:04 PM

ਮੁੰਬਈ (ਬਿਊਰੋ)– ਐੱਸ. ਐੱਸ. ਰਾਜਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਦਾ ਡੰਕਾ ਪੂਰੀ ਦੁਨੀਆ ’ਚ ਗੂੰਜ ਰਿਹਾ ਹੈ। ‘ਆਰ. ਆਰ. ਆਰ.’ ਹੀ ਨਹੀਂ, ਸਗੋਂ ‘ਨਾਟੂ ਨਾਟੂ’ ਗੀਤ ਵੀ ਦੁਨੀਆ ਦੇ ਹਰ ਕੋਨੇ ’ਚ ਪਹੁੰਚ ਗਿਆ ਹੈ। ਇਸ ਗੀਤ ਦੇ ਵਾਇਰਲ ਐਕਰੋਬੈਟਿਕ ਡਾਂਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਜਿਥੇ ਇਹ ਗੀਤ ਯੂਟਿਊਬ ’ਤੇ 122 ਮਿਲੀਅਨ ਵਿਊਜ਼ ਨੂੰ ਪਾਰ ਕਰ ਚੁੱਕਾ ਹੈ, ਉਥੇ ਹੀ ਇੰਸਟਾਗ੍ਰਾਮ ‘ਨਾਟੂ ਨਾਟੂ’ ਦੇ ਮਸ਼ਹੂਰ ਡਾਂਸ-ਆਫ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀਆਂ ਰੀਲਾਂ ਨਾਲ ਵੀ ਖ਼ੁਸ਼ ਹੈ। ਹੁਣ ਪੂਰਾ ਅਮਰੀਕਾ ‘ਨਾਟੂ ਨਾਟੂ’ ’ਤੇ ਨੱਚੇਗਾ। ਦਰਅਸਲ, ਇਸ ਗੀਤ ਨੂੰ ਲਾਸ ਏਂਜਲਸ ’ਚ ਹੋਣ ਵਾਲੇ ਆਸਕਰਸ 2023 ’ਚ ਗਾਇਕ ਰਾਹੁਲ ਸਿਪਲੀਗੁੰਜ ਕਾਲ ਭੈਰਵ ਲਾਈਵ ਪ੍ਰਫਾਰਮ ਕਰਨਗੇ। ਇਹ ਗੀਤ ਉਨ੍ਹਾਂ ਨੇ ਹੀ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

‘ਨਾਟੂ ਨਾਟੂ’ ਦਾ ਸੰਗੀਤ ਐੱਮ. ਐੱਮ. ਕੀਰਾਵਨੀ ਵਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕੀਰਾਵਨੀ ਨੇ ਕਈ ਹਿੰਦੀ ਤੇ ਸਾਊਥ ਫ਼ਿਲਮਾਂ ’ਚ ਸ਼ਾਨਦਾਰ ਸੰਗੀਤ ਦਿੱਤਾ ਹੈ। ਇਸ ਗੀਤ ਦਾ ਗਾਇਕ ਕਾਲ ਭੈਰਵ ਹੈ, ਜੋ ਕਿ ਐੱਮ. ਐੱਮ. ਕੀਰਾਵਨੀ ਦਾ ਪੁੱਤਰ ਹੈ। ‘ਨਾਟੂ ਨਾਟੂ’ ਨੇ ਗੋਲਡਨ ਗਲੋਬ ਐਵਾਰਡਸ ’ਚ ਸਰਵੋਤਮ ਮੂਲ ਗੀਤ ਜਿੱਤਿਆ ਤੇ ਆਸਕਰਸ ’ਚ ‘ਸਰਵੋਤਮ ਮੂਲ ਗੀਤ’ ਸ਼੍ਰੇਣੀ ਲਈ ਸ਼ਾਰਟਲਿਸਟ ਕੀਤਾ ਗਿਆ। ਗੀਤ ਨੂੰ ਜੂਨੀਅਰ ਐੱਨ. ਟੀ. ਆਰ. ਤੇ ਰਾਮਚਰਨ ’ਤੇ ਫ਼ਿਲਮਾਇਆ ਗਿਆ ਸੀ। ਦੋਵਾਂ ਦੇ ਡਾਂਸ ਤੇ ਸ਼ਾਨਦਾਰ ਊਰਜਾ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਸ਼ੋਅ ਦੇ ਨਿਰਮਾਤਾਵਾਂ ਨੇ ਖ਼ੁਲਾਸਾ ਕੀਤਾ ਕਿ ਗਾਇਕ ਰਾਹੁਲ ਸਿਪਲੀਗੁੰਜ ਤੇ ਕਾਲ ਭੈਰਵ ਲਾਸ ਏਂਜਲਸ ਦੇ ਡਾਲਬੀ ਥੀਏਟਰ ’ਚ ਗੀਤ ਦਾ ਲਾਈਵ ਪ੍ਰਦਰਸ਼ਨ ਕਰਨਗੇ। ਇਹ ਗੀਤ ‘ਸਰਵੋਤਮ ਮੂਲ ਗੀਤ’ ਸ਼੍ਰੇਣੀ ’ਚ ਰਿਹਾਨਾ, ਲੇਡੀ ਗਾਗਾ, ਮਿਟਸਕੀ, ਡੇਵਿਡ ਬਾਇਰਨ ਤੇ ਡਾਇਨ ਵਾਰੇਨ ਵਿਰੁੱਧ ਹੈ। ਰਿਹਾਨਾ ਡਾਲਬੀ ਥੀਏਟਰ ’ਚ ਆਪਣਾ ਗੀਤ ‘ਲਿਫਟ ਮੀ ਅੱਪ’ ਵੀ ਪੇਸ਼ ਕਰੇਗੀ। ਆਸਕਰਸ ਦਾ ਆਯੋਜਨ 13 ਮਾਰਚ ਨੂੰ ਹੋਵੇਗਾ।

ਦੱਸ ਦੇਈਏ ਕਿ ‘ਨਾਟੂ ਨਾਟੂ’ ਗੀਤ ਦੀ ਸ਼ੂਟਿੰਗ ਯੂਕ੍ਰੇਨ ’ਚ ਹੋਈ ਸੀ। ਜਦੋਂ ਇਹ ਗੀਤ ਉਥੇ ਸ਼ੂਟ ਹੋਇਆ ਸੀ, ਉਦੋਂ ਯੂਕ੍ਰੇਨ ਤੇ ਰੂਸ ਵਿਚਾਲੇ ਜੰਗ ਛਿੜ ਗਈ ਸੀ। ਫ਼ਿਲਮ ‘ਆਰ. ਆਰ. ਆਰ.’ ਦੀ ਟੀਮ ਕੁਝ ਮਹੱਤਵਪੂਰਨ ਸੀਨਜ਼ ਦੀ ਸ਼ੂਟਿੰਗ ਲਈ ਯੂਕ੍ਰੇਨ ਗਈ ਸੀ ਤੇ ਉਥੇ ਹੀ ਫੱਸ ਗਈ। ਫਿਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਮਹਿਲ ’ਚ ‘ਨਾਟੂ ਨਾਟੂ’ ਗੀਤ ਦੀ ਸ਼ੂਟਿੰਗ ਕੀਤੀ ਗਈ। ਵੋਲੋਦੀਮੀਰ ਜ਼ੇਲੇਂਸਕੀ ਖ਼ੁਦ ਵੀ ਇਕ ਅਦਾਕਾਰ ਰਹਿ ਚੁੱਕੇ ਹਨ। ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਲਗਭਗ ਇਕ ਮਹੀਨੇ ਤੱਕ ‘ਨਾਟੂ ਨਾਟੂ’ ਲਈ ਰਿਹਰਸਲ ਕੀਤੀ।

ਗਾਣੇ ਦੇ ਸਾਰੇ ਡਾਂਸ ਸਟੈੱਪਸ ਪ੍ਰੇਮ ਰਕਸ਼ਿਤ ਵਲੋਂ ਕੋਰੀਓਗ੍ਰਾਫ ਕੀਤੇ ਗਏ ਸਨ, ਜੋ ਕਈ ਫ਼ਿਲਮਾਂ ’ਚ ਐੱਸ. ਐੱਸ. ਰਾਜਾਮੌਲੀ ਨਾਲ ਕੰਮ ਕਰ ਚੁੱਕੇ ਹਨ ਤੇ ‘ਨਾਟੂ ਨਾਟੂ’ ਦੇ ਸੰਗੀਤਕਾਰ ਐੱਮ. ਐੱਮ. ਕੀਰਾਵਨੀ, ਐੱਸ. ਐੱਸ. ਰਾਜਾਮੌਲੀ ਦੇ ਚਚੇਰੇ ਭਰਾ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ‘ਨਾਟੂ ਨਾਟੂ’ ਦੇ ਐਕਰੋਬੈਟਿਕ ਡਾਂਸ ਲਈ ਪ੍ਰੇਮ ਰਕਸ਼ਿਤ ਵਲੋਂ 80 ਵੈਰੀਏਸ਼ਨਜ਼ ਤਿਆਰ ਕੀਤੀਆਂ ਗਈਆਂ ਸਨ। ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਇਸ ਲਈ 18 ਰੀਟੇਕ ਦਿੱਤੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh