ਮੂਸੇਵਾਲਾ ਕਤਲ ਮਾਮਲੇ 'ਚ ਅਪਰਾਧ ਸਥਾਨ ਦੇ 1 km ਖੇਤਰ ਦੇ ਡੰਪ ਡਾਟਾ ਦੀ ਹੋਵੇਗੀ ਜਾਂਚ

05/30/2022 1:22:09 PM

ਨਵੀਂ ਦਿੱਲੀ (ਏਜੰਸੀ) : ਗਾਇਕ ਤੋਂ ਅਦਾਕਾਰ-ਰਾਜਨੇਤਾ ਬਣੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਇੱਕ ਤਾਜ਼ਾ ਘਟਨਾਕ੍ਰਮ ਵਿੱਚ, ਸੂਤਰਾਂ ਨੇ ਆਈ.ਏ.ਐੱਨ.ਐੱਸ. ਨੂੰ ਦੱਸਿਆ ਕਿ ਪੁਲਸ ਅਪਰਾਧ ਸਥਾਨ ਦੇ 1 ਕਿਲੋਮੀਟਰ ਦੇ ਖੇਤਰ ਵਿੱਚ ਡੰਪ ਡਾਟਾ ਇਕੱਠਾ ਕਰ ਰਹੀ ਹੈ, ਜੋ ਲਗਭਗ 1 ਲੱਖ ਮੋਬਾਈਲ ਫ਼ੋਨ ਨੰਬਰਾਂ ਦਾ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਇਸ ਨਾਲ ਪੁਲਸ ਨੂੰ ਸ਼ੱਕੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਹੁਣ ਤੱਕ 6 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਪੰਜਾਬ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

ਦੱਸ ਦੇਈਏ ਕਿ ਸਰਕਾਰ ਵੱਲੋਂ ਸਿੱਧੂ ਦੀ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 29 ਸਾਲਾ ਮੂਸੇਵਾਲਾ ਦਾ ਐਤਵਾਰ ਨੂੰ ਦਿਨ ਦਿਹਾੜੇ ਮਾਨਸਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਨੇੜੇ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਮਹਿੰਦਰਾ ਥਾਰ ਐੱਸ.ਯੂ.ਵੀ. ਵਿੱਚ ਸਵਾਰ ਸੀ, ਜਦੋਂ 10-12 ਮੰਨੇ ਜਾਂਦੇ ਹਮਲਾਵਰਾਂ ਨੇ ਗਾਇਕ ਅਤੇ ਉਸ ਦੇ 2 ਦੋਸਤਾਂ 'ਤੇ 20 ਤੋਂ ਵੱਧ ਰਾਉਂਡ ਫਾਇਰ ਕੀਤੇ। ਇਸ ਹਮਲੇ ਵਿਚ ਸਿੱਧੂ ਦੇ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੂਸੇਵਾਲਾ ਨੂੰ 7-8 ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਕਤਲ ਨੇ ਇੱਕ ਵੱਡਾ ਸਿਆਸੀ ਵਿਵਾਦ ਛੇੜ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਦਾ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਨੇ ਭਾਰਤੀ ਕ੍ਰਿਕਟ ਭਾਈਚਾਰੇ ਨੂੰ ਵੀ ਝੰਜੋੜਿਆ, ਟਵੀਟ ਕਰ ਪ੍ਰਗਟਾਇਆ ਅਫ਼ਸੋਸ

 

cherry

This news is Content Editor cherry