16 ਸਾਲ ਦੀ ਬੱਚੀ ਨੂੰ ਇਨਸਾਫ਼ ਦਿਵਾਉਣ ਦੀ ਕਹਾਣੀ ਹੈ ‘ਸਿਰਫ਼ ਏਕ ਬੰਦਾ ਕਾਫ਼ੀ ਹੈ’

05/21/2023 12:12:59 PM

ਚੰਡੀਗੜ੍ਹ (ਬਿਊਰੋ)– ਅਦਾਕਾਰ ਮਨੋਜ ਬਾਜਪਾਈ ਇੰਨੇ ਵਧੀਆ ਕਲਾਕਾਰ ਹਨ ਕਿ ਉਹ ਜਿਸ ਪ੍ਰਾਜੈਕਟ ਨਾਲ ਜੁੜ ਜਾਂਦੇ ਹਨ, ਉਸ ਨੂੰ ਹਿੱਟ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਇਸ ਕੜੀ ਨੂੰ ਅੱਗੇ ਵਧਾਉਂਦਿਆਂ ਮਨੋਜ ‘ਸਿਰਫ਼ ਏਕ ਬੰਦਾ ਕਾਫ਼ੀ ਹੈ’ ਲੈ ਕੇ ਆ ਰਹੇ ਹਨ। ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਹੈ, ਜਿਸ ’ਚ ਮਨੋਜ ਵਕੀਲ ਪੀ. ਕੇ. ਸੋਲੰਕੀ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫ਼ਿਲਮ ਇਕ ਕੋਰਟ ਰੂਮ ਡਰਾਮਾ ਹੈ, ਜੋ ਇਕ ਬਹੁਤ ਹੀ ਸੈਂਸੇਟਿਵ ਮੁੱਦੇ ’ਤੇ ਬਣਾਈ ਗਈ ਹੈ। ਫ਼ਿਲਮ ਇਕ 16 ਸਾਲ ਦੀ ਬੱਚੀ ਨੂੰ ਇਨਸਾਫ਼ ਦਿਵਾਉਣ ਦੀ ਕਹਾਣੀ ਹੈ, ਜਿਸ ਦੀ ਲੜਾਈ ਸਿਰਫ਼ ਇਕ ਬੰਦੇ ਪੀ. ਕੇ. ਸੋਲੰਕੀ (ਮਨੋਜ ਵਾਜਪੇਈ) ਨੇ ਲੜੀ ਹੈ। ਇਹ ਫ਼ਿਲਮ 23 ਮਈ ਨੂੰ ਓ. ਟੀ. ਟੀ. ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਲੀਡ ਅਦਾਕਾਰ ਮਨੋਜ ਬਾਜਪਾਈ, ਡਾਇਰੈਕਟਰ ਅਪੂਰਵ ਸਿੰਘ ਕਰਕੀ, ਪ੍ਰੋਡਿਊਸਰ ਵਿਨੋਦ ਭਾਨੂਸ਼ਾਲੀ ਨੇੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਹੁਣ ਮੈਂ ਸੁਧਰ ਗਿਆ : ਮਨੋਜ ਬਾਜਪਾਈ

ਤੁਹਾਨੂੰ ਇੰਡਸਟਰੀ ’ਚ 30 ਸਾਲ ਹੋ ਗਏ, ਇਨ੍ਹਾਂ 30 ਸਾਲਾਂ ’ਚ ਤੁਹਾਡੇ ’ਚ ਕੀ ਬਦਲਾਅ ਆਏ ਹਨ?
ਹਰ ਆਦਮੀ ਬਦਲਦਾ ਹੈ, ਹਰ ਆਦਮੀ ਖ਼ੁਦ ਨੂੰ ਸੰਭਾਲਦਾ ਹੈ, ਸੁਧਾਰਦਾ ਹੈ ਪਰ ਅੰਦਰੋਂ ਇਨਸਾਨ ਉਹੀ ਰਹਿੰਦਾ ਹੈ। ਆਪਣੇ ਅੰਦਰ ਉਸ ਨੂੰ ਜੋ ਕਮੀ ਲੱਗਦੀ ਹੈ, ਉਸ ਨੂੰ ਠੀਕ ਕਰਦਾ ਹੈ। ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਪਹਿਲਾਂ ਮੈਂ ਬਹੁਤ ਗੁੱਸੇ ਵਾਲਾ ਆਦਮੀ ਸੀ, ਹੁਣ ਮੈਂ ਸੁਧਰ ਗਿਆ। (ਹੱਸਦਿਆਂ ਕਹਿੰਦੇ ਹਨ) ਹੁਣ ਮੈਂ ਇਕਦਮ ਸੰਤ ਹੋਣ ਦੀ ਕਗਾਰ ’ਤੇ ਹਾਂ।

ਤੁਸੀਂ ਇਹ ਫ਼ਿਲਮ ਕਿਉਂ ਚੁਣੀ? ਤੁਸੀਂ ਫ਼ਿਲਮਾਂ ਨੂੰ ਲੈ ਕੇ ਕਿੰਨੇ ਚੂਜ਼ੀ ਹੋ?
ਚੂਜ਼ੀ ਤਾਂ ਮੈਂ ਹਾਂ, ਪਹਿਲਾਂ ਵੀ ਸੀ ਤੇ ਹੁਣ ਵੀ ਹਾਂ। ਅਜਿਹਾ ਇਸ ਲਈ ਹੈ ਕਿ ਜੋ ਦਿਲ ਨੂੰ ਪਸੰਦ ਆਉਂਦਾ ਹੈ, ਉਹ ਤਾਂ ਮੈਂ ਕਰਦਾ ਹੀ ਹਾਂ। ਜੇਕਰ ਕੁਝ ਮੇਰੇ ਦਿਲ ਨੂੰ ਨਹੀਂ ਵੀ ਪਸੰਦ ਆ ਰਿਹਾ ਤੇ ਮੈਂ ਉਸ ਨੂੰ ਕਰਾਂਗਾ ਤਾਂ ਮੈਂ ਆਪਣਾ ਵੀ ਨੁਕਸਾਨ ਕਰਵਾਵਾਂਗਾ ਤੇ ਸਾਹਮਣੇ ਵਾਲੇ ਦਾ ਵੀ, ਤਾਂ ਜੋ ਚੀਜ਼ ਮੈਨੂੰ ਐਕਸਾਈਟ ਕਰਦੀ ਹੈ, ਮੈਂ ਉਸ ’ਚ ਪੂਰੇ ਤਰੀਕੇ ਨਾਲ ਡੁੱਬ ਜਾਂਦਾ ਹਾਂ। ਫਿਰ ਉਹ ਫ਼ਿਲਮ ਮੇਰੀ ਹੋ ਜਾਂਦੀ ਹੈ ਤੇ ਮੈਂ ਉਸ ਫ਼ਿਲਮ ਦੇ ਨਾਲ ਪੂਰਾ ਨਿਆਂ ਕਰਦਾ ਹਾਂ।

ਕੀ ਕੋਈ ਇਸ ਤਰ੍ਹਾਂ ਦੀ ਫ਼ਿਲਮ ਜਾਂ ਕਹਾਣੀ ਹੈ, ਜਿਸ ਨਾਲ ਤੁਸੀਂ ਖ਼ੁਦ ਨੂੰ ਕਦੇ ਐਸੋਸੀਏਟ ਨਹੀਂ ਕਰਨਾ ਚਾਹੋਗੇ?
ਜੋ ਸਕ੍ਰਿਪਟ ਨਹੀਂ ਪਸੰਦ ਆਉਂਦੀ, ਮੈਨੂੰ ਐਕਸਾਈਟ ਨਹੀਂ ਕਰਦੀ ਹੈ, ਫਿਰ ਮੈਂ ਉਸ ਨੂੰ ਨਹੀਂ ਕਰਦਾ। ਇਸ ਤੋਂ ਇਲਾਵਾ ਜੇਕਰ ਕੋਈ ਮੈਨੂੰ ਜਿਵੇਂ ਅਪੂਰਵ ਜਾਂ ਵਿਨੋਦੀ ਹੈ, ਸਕ੍ਰਿਪਟ ਪੜ੍ਹਾਉਣ ਆਏ ਤੇ ਪਸੰਦ ਨਾ ਆਵੇ, ਮੈਨੂੰ ਲੱਗੇ ਕਿ ਫ਼ਿਲਮ ਬਣਾਉਣੀ ਹੀ ਨਹੀਂ ਚਾਹੀਦੀ ਤਾਂ ਮੈਂ ਮਨਾ ਕਰ ਦੇਵਾਂਗਾ ਤੇ ਕਾਰਨ ਵੀ ਦੱਸਾਂਗਾ।

ਇਹ ਫ਼ਿਲਮ ਗੌਡ ਵਰਸਿਜ਼ ਮੈਨ ’ਤੇ ਬਣੀ ਹੈ ਤਾਂ ਕੀ ਤੁਸੀਂ ਕਦੇ ਆਪਣੀ ਲਾਈਫ਼ ’ਚ ਕਿਸੇ ਗੌਡਮੈਨ ਨੂੰ ਫਾਲੋਅ ਕੀਤਾ ਹੈ?
ਮੇਰਾ ਮੰਨਣਾ ਹੈ ਕਿ ਅਸੀਂ ਗੁਰੂ ਨੂੰ ਨਹੀਂ ਚੁਣਦੇ, ਸਗੋਂ ਗੁਰੂ ਤੁਹਾਡੀ ਚੋਣ ਕਰਦੇ ਹਨ। ਮੇਰੇ ਗੁਰੂ ਨੇ ਸਾਨੂੰ ਤਰਾਸ਼ਿਆ, ਅਨੁਸ਼ਾਸਨ ਦਿੱਤਾ ਤੇ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ। ਅਸੀਂ ਉਸ ਨੂੰ ਫਾਲੋਅ ਕਰਦੇ ਰਹਿੰਦੇ ਹਾਂ। ਮੈਂ ਉਨ੍ਹਾਂ ਨੂੰ ਗੌਡਮੈਨ ਤਾਂ ਬਿਲਕੁਲ ਨਹੀਂ ਕਹਾਂਗਾ। ਉਹ ਤੁਹਾਨੂੰ ਸਿਰਫ ਸਹੀ ਦਿਸ਼ਾ ਦਿਖਾ ਸਕਦੇ ਹਨ, ਕਰਨਾ ਤੁਹਾਨੂੰ ਹੀ ਪਵੇਗਾ।

ਕੀ ਅਸੀਂ ਤੁਹਾਨੂੰ ਰੋਮਾਂਟਿਕ ਜਾਂ ਕਾਮੇਡੀ ਫ਼ਿਲਮ ਕਰਦਿਆਂ ਕਦੇ ਦੇਖਾਂਗੇ?
ਬਿਲਕੁਲ, ਜੇਕਰ ਸਕ੍ਰਿਪਟ ਚੰਗੀ ਹੋਵੇ, ਧਮਾਲ ਹੋਵੇ ਤਾਂ ਕਿਉਂ ਨਹੀਂ ਕਰਾਂਗਾ। ਇਸ ਤੋਂ ਪਹਿਲਾਂ ਮੈਂ ਫ਼ਿਲਮ ‘ਸੂਰਜ ਪਰ ਮੰਗਲ ਭਾਰੀ’ ਕੀਤੀ ਸੀ, ਜੋ ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਉਹ ਫ਼ਿਲਮ 15 ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਥੀਏਟਰ ’ਚ ਰਹੀ ਸੀ।

ਸਾਡੀ ਰਿਸਰਚ ਬਿਲਕੁਲ ਪੱਕੀ ਹੈ : ਅਪੂਰਵ ਸਿੰਘ

ਤੁਹਾਡੀ ਫ਼ਿਲਮ ਦੇ ਟਰੇਲਰ ਨੂੰ ਨਿਊਯਾਰਕ ਫ਼ਿਲਮ ਫੈਸਟੀਵਲ ’ਚ ਸਟੈਂਡਿੰਗ ਓਵੇਸ਼ਨ ਮਿਲਿਆ। ਕੀ ਤੁਸੀਂ ਇਸ ਤਰ੍ਹਾਂ ਦਾ ਰਿਸਪਾਂਸ ਐਕਸਪੈਕਟ ਕੀਤਾ ਸੀ?
ਸਾਨੂੰ ਇਹ ਪਤਾ ਸੀ ਕਿ ਚੰਗੀ ਫ਼ਿਲਮ ਬਣਾਈ ਹੈ ਪਰ ਉਸ ਤੋਂ ਬਾਅਦ ਕਿਹੋ ਜਿਹਾ ਰਿਸਪਾਂਸ ਹੋਵੇਗਾ, ਇਹ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ। ਇਕੱਠੇ 200 ਲੋਕ ਫ਼ਿਲਮ ਵੇਖ ਰਹੇ ਹੋਣ ਤੇ ਇਕ ਸੁਰ ’ਚ ਬੋਲਣ ਕਿ ਫ਼ਿਲਮ ਚੰਗੀ ਹੈ, ਉਸ ਨੂੰ ਅਸੀਂ ਕਮਾਲ ਦਾ ਰਿਸਪਾਂਸ ਮੰਨਦੇ ਹਾਂ।

ਤੁਹਾਡੀ ਫ਼ਿਲਮ ਸੱਚੀ ਘਟਨਾ ’ਤੇ ਆਧਾਰਿਤ ਹੈ ਤਾਂ ਇਸ ਨੂੰ ਡਾਇਰੈਕਟ ਕਰਨਾ ਤੁਹਾਡੇ ਲਈ ਕਿੰਨਾ ਆਸਾਨ ਜਾਂ ਕਿੰਨਾ ਮੁਸ਼ਕਿਲ ਸੀ।
ਵੇਖੋ ਮੁਸ਼ਕਿਲ ਤਾਂ ਹੁੰਦਾ ਹੈ ਕਿਉਂਕਿ ਤੁਸੀਂ ਇਕ ਸੈਂਸੇਟਿਵ ਟੌਪਿਕ ’ਤੇ ਕਹਾਣੀ ਕਹਿ ਰਹੇ ਹੋ ਪਰ ਉਸ ਮੁਸ਼ਕਿਲ ਨੂੰ ਤੁਸੀਂ ਇਕ ਹੀ ਤਰੀਕੇ ਨਾਲ ਹੱਲ ਕਰ ਸਕਦੇ ਹੋ ਤਾਂ ਤੁਸੀਂ ਆਪਣਾ ਰਿਸਰਚ ਸਟ੍ਰਾਂਗ ਕਰ ਸਕਦੇ ਹੋ। ਸਾਡੀ ਰਿਸਰਚ ਬਿਲਕੁਲ ਪੱਕੀ ਹੈ, ਜਿਸ ’ਚ ਸਾਡੀ ਮਦਦ ਪੀ. ਕੇ. ਸੋਲੰਕੀ ਨੇ ਕੀਤੀ।

ਫ਼ਿਲਮ ’ਚ ਕ੍ਰੈਡੀਬਲ ਅਦਾਕਾਰ ਮਨੋਜ ਬਾਜਪਾਈ ਹਨ ਪਰ ਕਈ ਕਲਾਕਾਰ ਅਜਿਹੇ ਹੁੰਦੇ ਹਨ, ਜੋ ਡਾਇਰੈਕਟਰ ਮੁਤਾਬਕ ਅਦਾਕਾਰੀ ਨਹੀਂ ਕਰਦੇ ਤਾਂ ਉਨ੍ਹਾਂ ਨਾਲ ਤੁਸੀਂ ਦੋਵੇਂ ਕਿਵੇਂ ਡੀਲ ਕਰਦੇ ਹੋ?
ਮਨੋਜ–
ਨਹੀਂ ਮੈਂ ਡੀਲ ਨਹੀਂ ਕਰਦਾ ਹਾਂ। ਮੈਂ ਸਿੱਧਾ ਜਾਂਦਾ ਹਾਂ ਤੇ ਸ਼ੂਟਿੰਗ ਰੁਕਵਾ ਦਿੰਦਾ ਹਾਂ। ਫਿਰ ਅਦਾਕਾਰ ਦੇ ਨਾਲ ਵੈਨ ’ਚ ਜਾਂਦਾ ਹਾਂ ਤੇ ਬੈਠ ਕੇ ਉਸ ਦੇ ਨਾਲ ਰਿਹਰਸਲ ਕਰਦਾ ਹਾਂ ਤੇ ਸਮਝਾਉਂਦਾ ਹਾਂ ਕਿ ਅਜਿਹਾ ਕਰਨਾ ਹੈ। ਐਕਟਰ ਸਮਝ ਜਾਂਦੇ ਹਨ।
ਅਪੂਰਵ– ਉਹ ਅਦਾਕਾਰ ਸਮਝ ਜਾਂਦੇ ਹਨ, ਜਿਨ੍ਹਾਂ ’ਚ ਘਮੰਡ ਨਹੀਂ ਹੈ, ਜੋ ਇਕ ਚੰਗੀ ਫ਼ਿਲਮ ਲਈ ਕੰਮ ਕਰ ਰਹੇ ਹਨ। ਐਂਡ ਗੋਲ ਲਈ ਜੋ ਕੰਮ ਕਰ ਰਿਹਾ ਹੈ, ਉਹ ਬਿਲਕੁਲ ਸਮਝੇਗਾ।

Rahul Singh

This news is Content Editor Rahul Singh