ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ

05/25/2023 1:52:12 PM

ਜਲੰਧਰ (ਸੁਨੀਲ ਮਹਾਜਨ)– ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਦੀਆਂ ਮੁਸ਼ਕਿਲਾਂ ਇਕ ਵਾਰ ਮੁੜ ਵਧਣ ਜਾ ਰਹੀਆਂ ਹਨ ਤੇ ਜਲਦ ਹੀ ਇਨ੍ਹਾਂ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੰਜਾਬ ਦੇ ਜਲੰਧਰ ਤੋਂ ਕੈਮਿਸਟਰੀ ਗੁਰੂ ਮਨਦੀਪ ਸਿੰਘ (ਐੱਮ. ਪੀ. ਸਿੰਘ) ਇਨ੍ਹਾਂ ਦੋਵਾਂ ਗਾਇਕਾਂ ਲਈ ਮੁਸੀਬਤ ਬਣਨ ਜਾ ਰਹੇ ਹਨ। ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਪੁਲਸ ਦੇ ਥਾਣਾ ਡਿਵੀਜ਼ਨ 2 ’ਚ ਦੋਵਾਂ ਗਾਇਕਾਂ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਹਨ। ਉਥੇ ਪੁਲਸ ਅਧਿਕਾਰੀ ਨੇ ਦੋਵਾਂ ਗਾਇਕਾਂ ਨੂੰ ਜਲਦ ਇਨ੍ਹਾਂ ਖ਼ਿਲਾਫ਼ ਮਿਲੀ ਸ਼ਿਕਾਇਤ ਦੇ ਚਲਦਿਆਂ ਤਫਤੀਸ਼ ’ਚ ਬੁਲਾਉਣ ਦਾ ਬਿਆਨ ਦਿੱਤਾ ਹੈ ਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ।

ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਪਹਿਲਾਂ ਹੈਪੀ ਰਾਏਕੋਟੀ ਦੇ ਗੀਤ ‘ਫੋਟੋਸ਼ੂਟ’ ’ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਖ਼ਿਲਾਫ਼ ਸ਼ਿਕਾਇਤ ਜਲੰਧਰ ਪੁਲਸ ਕਮਿਸ਼ਨਰ ਨੂੰ ਦਿੱਤੀ ਸੀ, ਉਥੇ ਅਪ੍ਰੈਲ ਮਹੀਨੇ ’ਚ ਮਨਕੀਰਤ ਔਲਖ ਖ਼ਿਲਾਫ਼ ਉਨ੍ਹਾਂ ਦੇ ਗੀਤ ‘ਰਾਈਜ਼ ਐਂਡ ਸ਼ਾਈਨ’ ’ਚ ਗੰਨ ਕਲਚਰ ਨੂੰ ਪੂਰੀ ਤਰ੍ਹਾਂ ਦਿਖਾਉਣ ’ਤੇ ਪੰਜਾਬ ਦੇ ਡੀ. ਜੀ. ਪੀ. ਨੂੰ ਸ਼ਿਕਾਇਤ ਭੇਜੀ ਸੀ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਅੱਜ ਪੁਲਸ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੂੰ ਬੁਲਾ ਕੇ ਦੋਵਾਂ ਗਾਇਕਾਂ ਖ਼ਿਲਾਫ਼ ਬਿਆਨ ਕਲਮਬੱਧ ਕਰਵਾਏ ਹਨ। ਕੈਮਿਸਟਰੀ ਗੁਰੂ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਣਯੋਗ ਹਾਈਕੋਰਟ ਤੇ ਪੰਜਾਬ ਸਰਕਾਰ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਦੋਵਾਂ ਗਾਇਕਾਂ ਨੇ ਹਥਿਆਰਾਂ ਨੂੰ ਆਪਣੇ ਗੀਤਾਂ ’ਚ ਪ੍ਰਮੋਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਪੰਜਾਬ ਦੇ ਹੁਕਮਾਂ ’ਤੇ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਹਨ। ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਹੁਕਮ ਮੁਤਾਬਕ ਜੇਕਰ ਕੋਈ ਗਾਇਕ ਵਾਇਲੈਂਸ ਜਾਂ ਹਥਿਆਰਾਂ ਦੀ ਨੁਮਾਇਸ਼ ਕਰਦਾ ਹੈ ਤਾਂ ਉਸ ’ਤੇ ਤੁਰੰਤ ਮਾਮਲਾ ਦਰਜ ਕੀਤਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਅਜੇ ਤਕ ਗੀਤਾਂ ਨੂੰ ਸੋਸ਼ਲ ਮੀਡੀਆ ਤੋਂ ਕਿਉਂ ਨਹੀਂ ਹਟਾਇਆ ਗਿਆ। ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਕਿਹਾ ਕਿ ਪੁਲਸ ਨੇ ਭਰੋਸਾ ਦਿੱਤਾ ਹੈ ਕਿ ਦੋਵਾਂ ਗਾਇਕਾਂ ਨੂੰ ਜਲਦ ਬੁਲਾ ਕੇ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਪੰਜਾਬ ਪੁਲਸ ਥਾਣਾ 2 ਦੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੂੰ ਅੱਜ ਬੁਲਾ ਕੇ ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਖ਼ਿਲਾਫ਼ ਬਿਆਨ ਕਲਮਬੱਧ ਕੀਤੇ ਹਨ। ਮਨਕੀਰਤ ਤੇ ਹੈਪੀ ਦੇ ਨੰਬਰ ਲੈ ਕੇ ਉਨ੍ਹਾਂ ਨੂੰ ਸੂਚਿਤ ਕਰਕੇ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ। ਉੱਚ ਅਧਿਕਾਰੀਆਂ ਤੇ ਡੀ. ਏ. ਲੀਗਲ ਨਾਲ ਗੱਲਬਾਤ ਕਰਕੇ ਜੁਰਮ ਦੇ ਹਿਸਾਬ ਨਾਲ ਮਾਮਲਾ ਦਰਜ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh