ਮੀਕਾ ਸਿੰਘ ਖ਼ਿਲਾਫ਼ ਗੀਤ ਕੱਢਣਾ ਕੇ. ਆਰ. ਕੇ. ਨੂੰ ਪਿਆ ਭਾਰੀ, ਯੂਟਿਊਬ ਨੇ ਲਿਆ ਵੱਡਾ ਐਕਸ਼ਨ

06/22/2021 12:17:20 PM

ਮੁੰਬਈ (ਬਿਊਰੋ)– ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਤਕ ਖ਼ਤਮ ਨਹੀਂ ਹੋਇਆ ਹੈ। ਹਾਲ ਹੀ ’ਚ ਕਮਾਲ ਆਰ. ਖ਼ਾਨ ਨੇ ਮੀਕਾ ਸਿੰਘ ਦੇ ‘ਕੇ. ਆਰ. ਕੇ. ਕੁੱਤਾ’ ਗੀਤ ਦੇ ਜਵਾਬ ’ਚ ਆਪਣੇ ਯੂਟਿਊਬ ਚੈਨਲ ’ਤੇ ਗੀਤ ਲਾਂਚ ਕੀਤਾ ਸੀ ਪਰ ਇਸ ਗੀਤ ਦਾ ਉਸ ਨੂੰ ਤੇ ਉਸ ਦੇ ਯੂਟਿਊਬ ਚੈਨਲ ਨੂੰ ਖਾਮਿਆਜ਼ਾ ਭੁਗਤਨਾ ਪਿਆ ਹੈ। ਯੂਟਿਊਬ ਨੇ ਉਸ ਦੇ ਗੀਤ ਨੂੰ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ।

ਯੂਟਿਊਬ ਨੇ ਇਸ ਗੀਤ ’ਚ ‘ਹਰਾਸਮੈਂਟ ਤੇ ਬੁਲਿੰਗ’ ਹੋਣ ਦਾ ਆਧਾਰ ਦੱਸਦਿਆਂ ਕੇ. ਆਰ. ਕੇ. ਦੇ ਇਸ ਗੀਤ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇੰਨਾ ਹੀ ਨਹੀਂ ਯੂਟਿਊਬ ਨੇ ਇਕ ਹਫਤੇ ਲਈ ਕੇ. ਆਰ. ਕੇ. ਦੇ ਚੈਨਲ ਨੂੰ ਬਲਾਕ ਕਰ ਦਿੱਤਾ ਹੈ। ਕੇ. ਆਰ. ਕੇ. ਦੇ ਗੀਤ ਨੂੰ ਸੋਮਵਾਰ ਨੂੰ ਯੂਟਿਊਬ ’ਤੇ ਲਾਂਚ ਕੀਤਾ ਗਿਆ ਸੀ। ਗੀਤ ਦਾ ਟਾਈਟਲ ‘ਸੁਅਰ’ ਸੀ। ਦੋਵਾਂ ਵਿਚਾਲੇ ਉਸ ਸਮੇਂ ਵਿਵਾਦ ਸ਼ੁਰੂ ਹੋਇਆ, ਜਦੋਂ ਸਲਮਾਨ ਖ਼ਾਨ ਨੇ ਕੇ. ਆਰ. ਕੇ. ’ਤੇ ਮਾਨਹਾਨੀ ਦਾ ਦੋਸ਼ ਲਗਾਇਆ। ਇਸ ’ਚ ਮੀਕਾ ਨੇ ਸਲਮਾਨ ਖ਼ਾਨ ਦਾ ਪੱਖ ਲਿਆ ਸੀ।

ਯੂਟਿਊਬ ਦੀ ਇਸ ਕਾਰਵਾਈ ’ਤੇ ਕੇ. ਆਰ. ਕੇ. ਨੇ ਇਤਰਾਜ਼ ਜਤਾਇਆ ਹੈ ਤੇ ਉਸ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਕੇ. ਆਰ. ਕੇ. ਨੇ ਸੋਮਵਾਰ ਨੂੰ ਟਵੀਟ ਕੀਤਾ, ‘ਹੁਣ ਇਹ ਸਾਬਿਤ ਕਰਨ ਲਈ ਮੇਰੇ ਕੋਲ ਸਾਰੇ ਸਬੂਤ ਹਨ ਕਿ ਤੁਸੀਂ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਨਿਯਮਾਂ ਦੀ ਵਰਤੋਂ ਕਰਦੇ ਹੋ। ਸੈਂਕੜੇ ਲੋਕਾਂ ਨੇ ਆਪਣੀਆਂ ਵੀਡੀਓਜ਼ ’ਚ ਮੇਰੀ ਤਸਵੀਰ ਤੇ ਵੀਡੀਓ ਦੀ ਵਰਤੋਂ ਕੀਤੀ ਹੈ ਪਰ ਤੁਸੀਂ ਕਦੇ ਮੇਰੀ ਸ਼ਿਕਾਇਤ ਕਬੂਲ ਨਹੀਂ ਕੀਤੀ।

ਕੇ. ਆਰ. ਕੇ. ਨੇ ਅੱਗੇ ਲਿਖਿਆ, ‘ਇਸ ਦਾ ਮਤਲਬ ਹੈ ਕਿ ਤੁਸੀਂ ਸਿੱਧਾ ਮੈਨੂੰ ਪ੍ਰੇਸ਼ਾਨ ਕਰਨ ’ਚ ਉਨ੍ਹਾਂ ਦੀ ਮਦਦ ਕਰਦੇ ਹੋ।’ ਉਸ ਨੇ ਯੂਟਿਊਬ ਤੋਂ ਆਈ ਈ-ਮੇਲ ਦਾ ਇਕ ਸਕ੍ਰੀਨਸ਼ਾਟ ਵੀ ਇਸ ਟਵੀਟ ’ਚ ਸ਼ਾਮਲ ਕੀਤਾ ਹੈ, ਜਿਸ ’ਚ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦੇ ਚੈਨਲ ਦੇ ਕੰਟੈਂਟ ਨੂੰ ਇਕ ਹਫਤੇ ਤਕ ਅਪਲੋਡ ਕਰਨ ਤੋਂ ਰੋਕ ਦਿੱਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh