ਖੇਤਾਂ ’ਚ 8 ਘੰਟੇ ਕੰਮ ਕਰਦੀ ਹੈ ਕੰਗਨਾ ਰਣੌਤ ਦੀ ਮਾਂ, ਅਦਾਕਾਰਾ ਨੇ ਲਿਖਿਆ, ‘ਲੋਕਾਂ ਨੂੰ ਸਮਝਣਾ ਚਾਹੀਦਾ...’

02/28/2023 10:56:27 AM

ਮੁੰਬਈ (ਬਿਊਰੋ)– ਕੰਗਨਾ ਰਣੌਤ ਦੇ ਅੱਗ ਦੇ ਬੋਲ ਅਕਸਰ ਬਾਲੀਵੁੱਡ ’ਚ ਗੂੰਜਦੇ ਹਨ। ਕੰਗਨਾ ਹਮੇਸ਼ਾ ਆਪਣੇ ਵਿਚਾਰਾਂ ਨੂੰ ਲੈ ਕੇ ਸਪੱਸ਼ਟ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇਕ ਲੰਮਾ ਨੋਟ ਲਿਖਿਆ ਤੇ ਦੱਸਿਆ ਕਿ ਇਸ ਦੇ ਪਿੱਛੇ ਉਸ ਦੀ ਪ੍ਰੇਰਣਾ ਕੌਣ ਹੈ। ਕੰਗਨਾ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਹ ਅਜੇ ਵੀ ਲਾਈਮਲਾਈਟ ਤੋਂ ਦੂਰ ਹੈ। ਖੇਤਾਂ ’ਚ ਕੰਮ ਕਰਦੀ ਹੈ। ਸਭ ਨੂੰ ਪਿਆਰ ਨਾਲ ਮਿਲਦੀ ਹੈ। ਲੋਕ ਕਈ ਵਾਰ ਉਸ ਨੂੰ ਗਲਤ ਸਮਝਦੇ ਹਨ ਪਰ ਉਹ ਫਿਰ ਵੀ ਨਿਮਰਤਾ ਨਾਲ ਪੇਸ਼ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੁਲਵਿੰਦਰ ਕੈਲੀ ਨੇ ਪਤਨੀ ਗੁਰਲੇਜ ਅਖ਼ਤਰ ਤੇ ਧੀ ਦਾ ਕੀਤਾ ਯਾਦਗਾਰ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ

ਕੰਗਨਾ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਬਾਰੇ ਦੱਸਦੀ ਰਹਿੰਦੀ ਹੈ। ਇਸ ਵਾਰ ਉਸ ਨੇ ਆਪਣੀ ਮਾਂ ਆਸ਼ਾ ਰਣੌਤ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਖੇਤਾਂ ’ਚ ਕੰਮ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਨੇ ਲਿਖਿਆ, ‘‘ਇਹ ਮੇਰੀ ਮਾਂ ਹੈ। ਉਹ ਰੋਜ਼ਾਨਾ 7-8 ਘੰਟੇ ਖੇਤੀ ਕਰਦੀ ਹੈ। ਲੋਕ ਅਕਸਰ ਘਰ ਜਾ ਕੇ ਪੁੱਛਦੇ ਹਨ ਕਿ ਅਸੀਂ ਕੰਗਨਾ ਦੀ ਮਾਂ ਨੂੰ ਮਿਲਣਾ ਚਾਹੁੰਦੇ ਹਾਂ, ਉਹ ਨਿਮਰਤਾ ਨਾਲ ਆਪਣੇ ਹੱਥ ਧੋ ਕੇ ਉਨ੍ਹਾਂ ਨੂੰ ਚਾਹ ਦਿੰਦੀ ਹੈ ਤੇ ਕਹਿੰਦੀ ਹੈ, ਮੈਂ ਉਸ ਦੀ ਮਾਂ ਹਾਂ। ਧੰਨ ਹੈ ਮੇਰੀ ਮਾਂ ਤੇ ਉਨ੍ਹਾਂ ਦਾ ਕਿਰਦਾਰ।’’

ਇਸ ਦੇ ਨਾਲ ਹੀ ਕੰਗਨਾ ਨੇ ਆਪਣੀ ਮਾਂ ਦੀ ਇਕ ਹੋਰ ਤਸਵੀਰ ਪੋਸਟ ਕੀਤੀ, ਇਸ ਨੂੰ ਸਟੋਰੀ ’ਚ ਅਪਡੇਟ ਕੀਤਾ ਤੇ ਲਿਖਿਆ, ‘‘ਮੇਰੀ ਮਾਂ ਸੰਸਕ੍ਰਿਤ ਭਾਸ਼ਾ ਦੀ ਸਰਕਾਰੀ ਅਧਿਆਪਕ ਰਹੀ ਹੈ। ਇਕ ਹੀ ਸ਼ਿਕਾਇਤ ਹੈ, ਫ਼ਿਲਮ ਸੈੱਟ ’ਤੇ ਨਹੀਂ ਆਉਣਾ ਚਾਹੁੰਦੀ। ਬਾਹਰ ਦਾ ਖਾਣਾ ਨਹੀਂ ਖਾਵਾਂਗੀ, ਘਰ ਦਾ ਖਾਣਾ ਹੀ ਖਾਵਾਂਗੀ। ਮਾਂ ਮੁੰਬਈ ਨਹੀਂ ਰਹਿਣਾ ਚਾਹੁੰਦੀ, ਵਿਦੇਸ਼ ਨਹੀਂ ਜਾਣਾ ਚਾਹੁੰਦੀ। ਅਸੀਂ ਜੇਕਰ ਧੱਕੇ ਨਾਲ ਆਖੀਏ ਤਾਂ ਬਹੁਤ ਝਾੜ ਪੈਂਦੀ ਹੈ। ਇਨ੍ਹਾਂ ਦੇ ਚਰਨਾਂ ’ਚ ਰਹੀਏ ਵੀ ਤਾਂ ਕਿਵੇਂ ਰਹੀਏ।’’

ਇਸ ਦੇ ਨਾਲ ਹੀ ਕੰਗਨਾ ਨੇ ਪੋਸਟ ’ਚ ਅੱਗੇ ਲਿਖਿਆ, ‘‘ਕਿਰਪਾ ਕਰਕੇ ਧਿਆਨ ਦਿਓ ਕਿ ਮੇਰੀ ਮਾਂ ਮੇਰੇ ਕਾਰਨ ਅਮੀਰ ਨਹੀਂ ਹੈ। ਮੈਂ ਸਿਆਸਤਦਾਨਾਂ, ਨੌਕਰਸ਼ਾਹਾਂ ਤੇ ਕਾਰੋਬਾਰੀਆਂ ਦੇ ਪਰਿਵਾਰ ’ਚੋਂ ਹਾਂ। ਮਾਂ 25 ਸਾਲ ਤੋਂ ਵੱਧ ਸਮੇਂ ਤੋਂ ਅਧਿਆਪਕ ਹੈ, ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੇਰਾ ਰਵੱਈਆ ਕਿਥੋਂ ਆਉਂਦਾ ਹੈ ਤੇ ਮੈਂ ਉਨ੍ਹਾਂ ਵਾਂਗ ਵਿਆਹਾਂ ’ਚ ਮਾੜੇ ਕੰਮ ਤੇ ਡਾਂਸ ਕਿਉਂ ਨਹੀਂ ਕਰ ਸਕਦੀ। ਜੋ ਥੋੜ੍ਹੇ ਪੈਸਿਆਂ ਲਈ ਵਿਆਹਾਂ ਤੇ ਪਾਰਟੀਆਂ ’ਚ ਨੱਚ ਸਕਦੇ ਹਨ। ਉਹ ਕਦੇ ਨਹੀਂ ਸਮਝਣਗੇ ਕਿ ਅਸਲੀ ਕਿਰਦਾਰ ਕੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh