ਕੰਗਨਾ ਰਣੌਤ ਦਾ ਵਿਵਾਦਿਤ ਬਿਆਨ, ਪੰਜਾਬ ਨੂੰ ਦੱਸਿਆ ਅੱਤਵਾਦੀ ਸਰਗਰਮੀਆਂ ਦਾ ਗੜ੍ਹ

01/06/2022 11:05:24 AM

ਮੁੰਬਈ (ਬਿਊਰੋ)– ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਸੈਨੀਵਾਲਾ ਵਿਖੇ ਕਿਸਾਨਾਂ ਨੇ ਰਸਤਾ ਰੋਕ ਲਿਆ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਦਾ ਕਾਫਲਾ 15-20 ਮਿੰਟਾਂ ਤਕ ਇਕ ਪੁਲ ’ਤੇ ਰੁਕਿਆ ਰਿਹਾ। ਹਾਲਾਤ ਇਹ ਬਣ ਗਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰੋਜ਼ਪੁਰ ’ਚ ਰੈਲੀ ਕੀਤੇ ਬਿਨਾਂ ਵਾਪਸ ਦਿੱਲੀ ਪਰਤਣਾ ਪਿਆ। ਹਾਲਾਂਕਿ ਦਿੱਲੀ ਜਾਣ ਤੋਂ ਪਹਿਲਾਂ ਬਠਿੰਡਾ ਵਿਖੇ ਉਹ ਇਕ ਅਧਿਕਾਰੀ ਨੂੰ ਇਹ ਕਹਿ ਗਏ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿਉਂਕਿ ਉਹ ਇਥੋਂ ਜ਼ਿੰਦਾ ਵਾਪਸ ਪਰਤ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਵਰਗੀ ਪਹਿਲਵਾਨ ਤੇ ਅਦਾਕਾਰ ਦਾਰਾ ਸਿੰਘ ਦੇ ਭਤੀਜੇ ਨਾਲ ਹੋਇਆ ਧੋਖਾ, ਪੜ੍ਹੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਜਿਵੇਂ ਹੀ ਸਾਹਮਣੇ ਆਇਆ ਤਾਂ ਪੂਰੇ ਦੇਸ਼ ’ਚ ਚਰਚਾਵਾਂ ਤੇਜ਼ ਹੋ ਗਈਆਂ। ਜਿਥੇ ਕੁਝ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹਾ ਬਿਆਨ ਫਿਰੋਜ਼ਪੁਰ ਦੀ ਅਸਫਲ ਰੈਲੀ ਦੇ ਚਲਦਿਆਂ ਦਿੱਤਾ ਹੈ, ਉਥੇ ਕੁਝ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਸਤਾ ਰੋਕੇ ਜਾਣ ਤੋਂ ਨਾਰਾਜ਼ ਹਨ ਤੇ ਦੇਸ਼ ਦੀ ਸੁਰੱਖਿਆ ’ਤੇ ਸਵਾਲ ਚੁੱਕ ਰਹੇ ਹਨ।

ਇਸ ਮਾਮਲੇ ’ਤੇ ਅਦਾਕਾਰਾ ਕੰਗਨਾ ਰਣੌਤ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਪੰਜਾਬ ’ਚ ਜੋ ਹੋਇਆ ਉਹ ਸ਼ਰਮਨਾਕ ਹੈ। ਮਾਣਯੋਗ ਪ੍ਰਧਾਨ ਮੰਤਰੀ ਸੁਤੰਤਰਤਾ ਨਾਲ ਚੁਣੇ ਗਏ ਲੀਡਰ, ਆਗੂ ਤੇ 140 ਕਰੋੜ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ’ਤੇ ਹਮਲਾ ਹੋਣਾ, ਹਰ ਭਾਰਤੀ ’ਤੇ ਹਮਲਾ ਹੋਣ ਬਰਾਬਰ ਹੈ।’

ਕੰਗਨਾ ਨੇ ਅੱਗੇ ਲਿਖਿਆ, ‘ਇਹ ਇਕ ਤਰ੍ਹਾਂ ਨਾਲ ਸਾਡੀ ਆਜ਼ਾਦੀ ’ਤੇ ਹਮਲਾ ਹੈ। ਪੰਜਾਬ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਜੇਕਰ ਅਸੀਂ ਇਨ੍ਹਾਂ ਨੂੰ ਹੁਣ ਨਾ ਰੋਕਿਆ ਤਾਂ ਦੇਸ਼ ਨੂੰ ਵੱਡਾ ਘਾਟਾ ਸਹਿਣਾ ਪਵੇਗਾ।’

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਸਮੇਂ-ਸਮੇਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ’ਚ ਪੋਸਟਾਂ ਸਾਂਝੀਆਂ ਕਰਦੀ ਰਹੀ ਹੈ। ਕੰਗਨਾ ਵਲੋਂ ਕਿਸਾਨ ਅੰਦੋਲਨ ਦਾ ਵੀ ਤਿੱਖੇ ਸ਼ਬਦਾਂ ’ਚ ਵਿਰੋਧ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਅੱਤਵਾਦੀ ਦੱਸਿਆ ਸੀ। ਹੁਣ ਉਸ ਦੇ ਇਸ ਬਿਆਨ ’ਤੇ ਲੋਕਾਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ– ਕੰਗਨਾ ਰਣੌਤ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh