ਕੰਗਨਾ ਨੂੰ ਮਿਲਿਆ ਬੈਸਟ ਐਕਟ੍ਰੈੱਸ ਦਾ ਨੈਸ਼ਨਲ ਐਵਾਰਡ, ਮਨੋਜ ਬਾਜਪਾਈ ਤੇ ਧਾਨੁਸ਼ ਚੁਣੇ ਗਏ ਬੈਸਟ ਐਕਟਰ

03/22/2021 5:20:23 PM

ਮੁੰਬਈ (ਬਿਊਰੋ)– 67ਵੇਂ ਨੈਸ਼ਨਲ ਐਵਾਰਡਸ ਦੇ ਐਲਾਨ ਦੇ ਨਾਲ ਹੀ ਕੰਗਨਾ ਰਣੌਤ ਨੂੰ ਉਸ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਤੋਹਫ਼ਾ ਮਿਲ ਗਿਆ ਹੈ। ਕੰਗਨਾ ਰਣੌਤ ਨੂੰ ‘ਮਣੀਕਰਣਿਕਾ’ ਤੇ ‘ਪੰਗਾ’ ਫ਼ਿਲਮ ਲਈ ਬੈਸਟ ਐਕਟ੍ਰੈੱਸ ਦਾ ਨੈਸ਼ਨਲ ਐਵਾਰਡ ਮਿਲਿਆ ਹੈ, ਜਦਕਿ ਮਨੋਜ ਬਾਜਪਾਈ ਨੂੰ ਉਸ ਦੀ ਫ਼ਿਲਮ ‘ਭੋਂਸਲੇ’ ਤੇ ਧਾਨੁਸ਼ ਨੂੰ ‘ਅਸੁਰਨ’ ਲਈ ਸਾਂਝੇ ਤੌਰ ’ਤੇ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ।

ਇਸ ਸਾਲ ਬੈਸਟ ਫੀਚਰ ਫ਼ਿਲਮ (ਹਿੰਦੀ) ਦਾ ਐਵਾਰਡ ਸੁਸ਼ਾਂਤ ਸਿੰਘ ਰਾਜਪੂਤ ਦੀ ਸਿਨੇਮਾਘਰਾਂ ’ਚ ਰਿਲੀਜ਼ ਹੋਈ ਆਖਰੀ ਫ਼ਿਲਮ ‘ਛਿਛੋਰੇ’ ਨੂੰ ਮਿਲਿਆ ਹੈ। ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ।

ਨਾਨ ਫੀਚਰ ਫ਼ਿਲਮ ਕੈਟਾਗਰੀ ’ਚ ਸਰਵਸ੍ਰੇਸ਼ਠ ਫ਼ਿਲਮ ਦਾ ਐਵਾਰਡ ਹਿੰਦੀ ਭਾਸ਼ਾ ਦੀ ਫ਼ਿਲਮ ‘ਐਨ ਇੰਜੀਨੀਅਰਡ ਡ੍ਰੀਮ’ ਨੂੰ ਮਿਲਿਆ ਹੈ। ਇਸ ਦਾ ਨਿਰਦੇਸ਼ਨ ਹੇਮੰਤ ਗਾਬਾ ਨੇ ਕੀਤਾ ਹੈ। ਸਪੈਸ਼ਲ ਮੈਂਸ਼ਨ ਐਵਾਰਡ ਚਾਰ ਫ਼ਿਲਮਾਂ ‘ਬਿਰਿਆਨੀ’, ‘ਜੋਨਾ ਕੀ ਪੋਰਬਾ’ (ਆਸਮੀਆ), ‘ਲਤਾ ਭਗਵਾਨ ਕਰੇ’ (ਮਰਾਠੀ) ਤੇ ‘ਪਿਕਾਸੋ’ (ਮਰਾਠੀ) ਨੂੰ ਮਿਲਿਆ ਹੈ।

ਦੱਸਣਯੋਗ ਹੈ ਕਿ ਇਸ ਸਾਲ ਕੁਲ 461 ਫੀਚਰ ਫ਼ਿਲਮਜ਼ ਨੈਸ਼ਨਲ ਐਵਾਰਡਸ ਦੀ ਦਾਅਵੇਦਾਰੀ ਲਈ ਪਹੁੰਚੀਆਂ ਸਨ। 2019 ਦਾ ‘ਮੋਸਟ ਫ਼ਿਲਮ ਫ੍ਰੈਂਡਲੀ ਸਟੇਟ’ ਕੈਟਾਗਰੀ ’ਚ 13 ਸੂਬਿਆਂ ਨੇ ਹਿੱਸਾ ਲਿਆ ਸੀ। ਇਹ ਐਵਾਰਡ ਸਿੱਕਿਮ ਨੂੰ ਮਿਲਿਆ ਹੈ।

ਨੋਟ– ਕੰਗਨਾ ਨੂੰ ਨੈਸ਼ਨਲ ਐਵਾਰਡ ਮਿਲਣ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh