ਹੁਣ ਕਸ਼ਮੀਰ ਦੀ ਰਾਣੀ ਦਿਡਾ ਬਣੇਗੀ ਕੰਗਨਾ ਰਣੌਤ, ‘ਮਣੀਕਰਣਿਕਾ’ ਦੇ ਸੀਕੁਅਲ ਦਾ ਕੀਤਾ ਐਲਾਨ

01/14/2021 6:29:43 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਜੋ ਆਪਣੀਆਂ ਫ਼ਿਲਮਾਂ ਲਈ ਘੱਟ ਤੇ ਹਰ ਤਰ੍ਹਾਂ ਦੇ ਵਿਵਾਦਾਂ ਲਈ ਵੱਧ ਚਰਚਾ ’ਚ ਰਹਿੰਦੀ ਹੈ, ਹੁਣ ਜਲਦ ਹੀ ਇਕ ਵਾਰ ਫਿਰ ਵੱਡੇ ਪਰਦੇ ’ਤੇ ਯੋਧਾ ਦੇ ਰੂਪ ’ਚ ਦਿਖਾਈ ਦੇਵੇਗੀ। ਕੰਗਨਾ ਨੇ ਐਲਾਨ ਕੀਤਾ ਕਿ ਇਹ ਫ਼ਿਲਮ ਸਾਲ 2018 ’ਚ ਰਿਲੀਜ਼ ਹੋਈ ਫ਼ਿਲਮ ‘ਮਣੀਕਰਣਿਕਾ : ਦਿ ਕੁਈਨ ਆਫ ਝਾਂਸੀ’ ਦੀ ਫਰੈਂਚਾਇਜ਼ੀ ਸੀਕੁਅਲ ਹੋਵੇਗੀ ਤੇ ਇਸ ਦਾ ਟਾਈਟਲ ‘ਮਣੀਕਰਣਿਕਾ ਰਿਟਰਨਜ਼ : ਦਿ ਲੈਜੰਡ ਆਫ ਦਿਡਾ’ ਹੋਵੇਗਾ।

ਇਸ ਸਬੰਧੀ ਟਵੀਟ ਕਰਦਿਆਂ ਕੰਗਨਾ ਲਿਖਦੀ ਹੈ, ‘ਸਾਡਾ ਭਾਰਤ ਗਵਾਹ ਰਿਹਾ ਹੈ ਕਿ ਝਾਂਸੀ ਦੀ ਰਾਣੀ ਵਰਗੀਆਂ ਕਈ ਵੀਰਾਂਗਨਾਵਾਂ ਦੀ ਕਹਾਣੀ ਦਾ। ਅਜਿਹੀ ਹੀ ਇਕ ਹੋਰ ਅਣਕਹੀ ਵੀਰਗਾਥਾ ਹੈ ਕਸ਼ਮੀਰ ਦੀ ਇਕ ਰਾਣੀ ਦੀ, ਜਿਸ ਨੇ ਮਹਿਮੂਦ ਗਜਨਵੀ ਨੂੰ ਇਕ ਨਹੀਂ, ਦੋ ਵਾਰ ਹਰਾਇਆ। ਲੈ ਕੇ ਆ ਰਹੇ ਹਾਂ @KamalJain_TheKJ ਤੇ ਮੈਂ, #ManikarnikaReturns: The Legend of Didda.’ 

ਰਾਣੀ ਦਿਡਾ ਅਣਵੰਡੇ ਕਸ਼ਮੀਰ ਦੀ ਬਹਾਦਰ ਰਾਣੀ ਵਜੋਂ ਜਾਣੀ ਜਾਂਦੀ ਹੈ, ਜਿਸ ਨੇ ਇਕ ਪੈਰ ਤੋਂ ਅਪੰਗ ਹੋਣ ਦੇ ਬਾਵਜੂਦ ਮੁਗਲ ਹਮਲਾਵਰ ਸ਼ਾਸਕ ਮਹਿਮੂਦ ਗਜਨਵੀ ਨੂੰ ਦੋ ਵਾਰ ਹਰਾਇਆ। ਉਨ੍ਹਾਂ ਨੂੰ ਅੱਜ ਵੀ ਇਕ ਮਜ਼ਬੂਤ ਦਿਮਾਗ ਦੀ ਰਾਣੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਕੰਗਨਾ ਰਣੌਤ ਦੀ ਅਗਲੀ ਫ਼ਿਲਮ ‘ਥਲਾਈਵੀ’ ਹੋਵੇਗੀ, ਜਿਸ ’ਚ ਉਹ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਭੂਮਿਕਾ ’ਚ ਨਜ਼ਰ ਆਵੇਗੀ।

ਇਸ ਫ਼ਿਲਮ ਦੀ ਸ਼ੂਟਿੰਗ ਹਾਲ ਹੀ ’ਚ ਪੂਰੀ ਹੋ ਗਈ ਹੈ। ਇਸ ਤੋਂ ਇਲਾਵਾ ਉਹ ਇਸ ਸਮੇਂ ਐਕਸ਼ਨ ਫ਼ਿਲਮਾਂ ‘ਧਾਕੜ’ ਤੇ ‘ਤੇਜਸ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਕੰਗਨਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਬਾਕੀ ਫ਼ਿਲਮਾਂ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਹੀ ‘ਮਣੀਕਰਣਿਕਾ ਰਿਟਰਨਜ਼ : ਦਿ ਲੈਜੰਡ ਆਫ ਦਿਡਾ’ ਦੀ ਸ਼ੂਟਿੰਗ ਕਰੇਗੀ। ਸੂਤਰਾਂ ਅਨੁਸਾਰ ਉਹ ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ 2022 ’ਚ ਸ਼ੁਰੂ ਕਰੇਗੀ।

ਇਸ ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਫਰੈਂਚਾਇਜ਼ੀ ਫ਼ਿਲਮ ਦਾ ਸੀਕੁਅਲ ਪਹਿਲੀ ਫ਼ਿਲਮ ਨਾਲੋਂ ਜ਼ਿਆਦਾ ਸ਼ਾਨਦਾਰ ਤੇ ਵੱਡੇ ਬਜਟ ਵਾਲਾ ਹੋਵੇਗਾ ਪਰ ਫਿਲਹਾਲ ਇਹ ਤੈਅ ਨਹੀਂ ਹੋਇਆ ਹੈ ਕਿ ਕੰਗਨਾ ਰਣੌਤ ਖ਼ੁਦ ਇਸ ਫ਼ਿਲਮ ਨੂੰ ਡਾਇਰੈਕਟ ਕਰੇਗੀ ਜਾਂ ਕੋਈ ਹੋਰ ਇਸ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh