ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਤੇ ਭੜਕੀ ਕੰਗਨਾ, ਕਿਹਾ- 'ਗਲਤ ਸਾਬਤ ਹੋਣ 'ਤੇ ਮੋੜਾਂਗੀ ਪਦਮ ਸ਼੍ਰੀ'

11/13/2021 4:25:49 PM

ਮੁੰਬਈ- ਭਾਰਤ ਨੂੰ 1947 'ਚ ਮਿਲੀ ਆਜ਼ਾਦੀ ਨੂੰ 'ਭੀਖ' ਦੱਸਣ ਵਾਲੀ ਟਿੱਪਣੀ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਵਿਵਾਦਾਂ 'ਚ ਘਿਰ ਗਈ ਹੈ। ਕੰਗਨਾ ਰਣੌਤ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ 1947 'ਚ ਹੋਈ ਘਟਨਾ ਦੇ ਬਾਰੇ 'ਚ ਦੱਸ ਸਕਦਾ ਹੈ ਤਾਂ ਉਹ ਆਪਣਾ ਪਦਮ ਸ਼੍ਰੀ ਵਾਪਸ ਕਰਨ ਲਈ ਤਿਆਰ ਹੈ। ਦਰਅਸਲ ਕੰਗਨਾ ਨੇ ਆਪਣੇ ਵਿਵਾਦਿਤ ਬਿਆਨ 'ਚ ਕਿਹਾ ਸੀ ਕਿ ਭਾਰਤ ਨੂੰ 2014 'ਚ ਆਜ਼ਾਦੀ ਮਿਲੀ ਸੀ ਜਦੋਂ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ 'ਚ ਆਈ ਸੀ। 1947 'ਚ ਦੇਸ਼ ਦੀ ਆਜ਼ਾਦੀ ਨੂੰ 'ਭੀਖ' ਦਾ ਰੂਪ ਦੱਸਿਆ ਸੀ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਕਿਤਾਬ ਦੇ ਕੁਝ ਅੰਸ਼ ਸ਼ੇਅਰ ਕਰਦੇ ਹੋਏ ਲਿਖਿਆ, ਉਸ ਇੰਟਰਵਿਊ 'ਚ ਸਭ ਬਹੁਤ ਸਪੱਸ਼ਟ ਰੂਪ ਨਾਲ ਦੱਸਿਆ ਗਿਆ ਹੈ। 1857 'ਚ ਸੁਤੰਤਰਤਾ ਦੇ ਲਈ ਪਹਿਲੀ ਸਮੂਹਿਕ ਲੜਾਈ ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀਬਾਈ ਅਤੇ ਵੀਰ ਸਾਵਰਕਰ ਜੀ ਵਰਗੇ ਮਹਾਨ ਲੋਕਾਂ ਦੇ ਬਲਿਦਾਨ ਦੇ ਨਾਲ ਸ਼ੁਰੂ ਹੋਈ। 1857 ਦੀ ਲੜਾਈ ਮੈਨੂੰ ਪਤਾ ਹੈ ਪਰ 1947 'ਚ ਕਿਹੜਾ ਯੁੱਧ ਹੋਇਆ ਸੀ, ਮੈਨੂੰ ਪਤਾ ਨਹੀਂ ਹੈ। ਜੇਕਰ ਕੋਈ ਮੈਨੂੰ ਦੱਸ ਸਕਦਾ ਹੈ ਤਾਂ ਮੈਂ ਆਪਣਾ ਪਦਮ ਸ਼੍ਰੀ ਵਾਪਸ ਕਰ ਦੇਵਾਂਗੀ ਅਤੇ ਮਾਫ਼ੀ ਵੀ ਮੰਗਾਂਗੀ...ਕਿਰਪਾ ਕਰਕੇ ਇਸ 'ਚ ਮੇਰੀ ਮਦਦ ਕਰੋ।


ਕੰਗਨਾ ਦੇ ਬਿਆਨ 'ਤੇ ਛਿੜਿਆ ਵਿਵਾਦ
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਕੰਗਨਾ ਰਣੌਤ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ 'ਭਾਰਤ ਨੂੰ 1947 'ਚ ਆਜ਼ਾਦੀ ਨਹੀਂ ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ ਉਹ 2014 'ਚ ਮਿਲੀ' ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ 'ਚ ਆਈ। ਪਹਿਲਾਂ ਵੀ ਵਿਵਾਦਿਤ ਬਿਆਨ ਦੇ ਚੁੱਕੀ ਕੰਗਨਾ ਆਪਣੇ ਇਸ ਬਿਆਨ ਨਾਲ ਇਕ ਵਾਰ ਫਿਰ ਵਿਵਾਦ 'ਚ ਘਿਰ ਗਈ ਹੈ। ਆਮ ਆਦਮੀ ਪਾਰਟੀ ਨੇ ਮੁੰਬਈ ਪੁਲਸ 'ਚ ਅਰਜ਼ੀ ਦਾਖਲ ਕਰਕੇ ਕੰਗਨਾ ਦੇ ਖਿਲਾਫ 'ਰਾਜਧ੍ਰੋਹ ਅਤੇ ਭੜਕਾਊ' ਬਿਆਨ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਸਮੇਤ ਕਈ ਨੇਤਾਵਾਂ, ਸੋਸ਼ਲ ਮੀਡੀਆ ਉਪਯੋਗਕਰਤਾਵਾਂ ਅਤੇ ਹੋਰ ਲੋਕਾਂ ਨੇ ਬੁੱਧਵਾਰ ਸ਼ਾਮ ਨੂੰ ਇਕ ਪ੍ਰੋਗਰਾਮ 'ਚ ਦਿੱਤੇ ਗਏ ਅਦਾਕਾਰਾ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਦੀ ਮੈਂਬਰ ਪ੍ਰੀਤੀ ਸ਼ਰਮਾ ਮੇਨਨ ਨੇ ਕਿਹਾ ਕਿ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ) ਦੀਆਂ ਧਾਰਾਵਾਂ 504,505,12ਏ ਦੇ ਤਹਿਤ ਕਾਰਵਾਈ ਦੇ ਲਈ ਅਨੁਰੋਧ ਕੀਤਾ ਗਿਆ ਹੈ।


ਉਨ੍ਹਾਂ ਨੇ ਕਿਹਾ ਕਿ 'ਸ਼ਾਂਤੀ ਭੰਗ ਕਰਨ ਦੇ ਮਕਸਦ ਨਾਲ ਜਾਣਬੁੱਝ ਕੇ ਅਪਮਾਨ'। ਮੇਨਨ ਨੇ ਮੁੰਬਈ ਦੇ ਪੁਲਸ ਕਮਿਸ਼ਨਰ ਅਤੇ ਮਹਾਰਾਸ਼ਟਰ ਦੇ ਪੁਲਸ ਮਹਾਨਿਰਦੇਸ਼ਕ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, 'ਉਮੀਦ ਹੈ ਕਿ ਕੁਝ ਕਾਰਵਾਈ ਹੋਵੇਗੀ'। ਆਈਪੀਸੀ ਦੀ ਧਾਰਾ 504 'ਸ਼ਾਂਤੀ ਭੰਗ ਦੀ ਮੰਸ਼ਾ ਨਾਲ ਇਰਾਦਤਨ ਅਪਮਾਨ',502 'ਜਨਤਕ ਹਾਨੀ' ਨਾਲ ਸਬੰਧਤ ਬਿਆਨਾਂ ਨਾਲ ਜੁੜੀ ਹੈ, ਉਧਰ 124ਏ ਰਾਜਧ੍ਰੋਹ ਨਾਲ ਸਬੰਧਿਤ ਹੈ। ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਆਪਣੇ ਟਵਿਟਰ ਹੈਂਡਲ 'ਤੇ ਕੰਗਨਾ ਦੇ ਬਿਆਨ ਵਾਲੀ ਵੀਡੀਓ ਕਲਿੱਪ ਵੀ ਸਾਂਝੀ ਕੀਤੀ। 24 ਸੈਕਿੰਡ ਦੇ ਇਸ ਕਲਿੱਪ 'ਚ ਕੰਗਨਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, '1947 'ਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ ਉਹ 2014 'ਚ ਮਿਲੀ। ਉਹ ਇਕ ਸਮਾਚਾਰ ਚੈਨਲ ਦੇ ਪ੍ਰੋਗਰਾਮ 'ਚ ਬੋਲ ਰਹੀ ਸੀ ਜਿਸ 'ਚ ਉਸ ਦੀ ਗੱਲ 'ਤੇ ਕੁਝ ਸਰੋਤਿਆਂ ਵਲੋਂ ਤਾੜੀ ਵਜਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ।

Aarti dhillon

This news is Content Editor Aarti dhillon