ਮੁਸ਼ਕਿਲਾਂ ’ਚ ਮਣੀਰਤਨਮ, ਫ਼ਿਲਮ ਦੀ ਸ਼ੂਟਿੰਗ ਦੌਰਾਨ ਘੋੜੇ ਦੀ ਮੌਤ, ਦਰਜ ਹੋਇਆ ਕੇਸ

09/03/2021 3:11:28 PM

ਮੁੰਬਈ (ਬਿਊਰੋ)– ਫ਼ਿਲਮ ਮੇਕਰ ਮਣੀਰਤਨਮ ਆਪਣੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਘੋੜੇ ਦੀ ਮੌਤ ਹੋਣ ਕਾਰਨ ਮੁਸ਼ਕਿਲਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਪੇਟਾ ਮੁਤਾਬਕ ਭਾਰਤੀ ਪਸ਼ੂ ਕਲਿਆਣ ਬੋਰਡ (AWBI) ਨੇ ਫ਼ਿਲਮ ਨਿਰਮਾਤਾ ਮਣੀਰਤਨਮ ਦੀ ਤਾਮਿਲ ਇਤਿਹਾਸਕ ਫ਼ਿਲਮ ‘ਪੋਨੀਯਿਨ ਸੇਲਵਾਨ’ ਦੀ ਸ਼ੂਟਿੰਗ ਦੌਰਾਨ ਇਥੇ ਕਥਿਤ ਤੌਰ ’ਤੇ ਇਕ ਘੋੜੇ ਦੀ ਮੌਤ ਦੇ ਮਾਮਲੇ ’ਚ ਜਾਂਚ ਦੀ ਮੰਗ ਕੀਤੀ ਹੈ।

ਰਿਪੋਰਟ ਮੁਤਾਬਕ ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 18 ਅਗਸਤ ਨੂੰ ਪੇਟਾ ਇੰਡੀਆ ਦੇ ਇਕ ਸਵੈ-ਸੇਵਕ ਵਲੋਂ ਇਕ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ। ਇਸ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ 11 ਅਗਸਤ ਨੂੰ ਇਕ ਫ਼ਿਲਮ ਸਟੂਡੀਓ ਨੇੜੇ ਇਕ ਨਿੱਜੀ ਜ਼ਮੀਨ ’ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਘੋੜੇ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ

ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਦੱਸਿਆ ਕਿ ਪ੍ਰੋਡਕਸ਼ਨ ਹਾਊਸ ਮਦਰਾਸ ਟਾਕੀਜ਼ ਦੇ ਪ੍ਰਬੰਧਨ ਤੇ ਘੋੜੇ ਦੇ ਮਾਲਕ ਖ਼ਿਲਾਫ਼ ਜਾਨਵਰਾਂ ਪ੍ਰਤੀ ਕਰੂਰਤਾ ਰੋਕਥਾਮ (PCA) ਕਾਨੂੰਨ ਤੇ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ।

ਅਬਦੁੱਲਾਪੁਰਮੇਟ ਪੁਲਸ ਸਟੇਸ਼ਨ ਨਾਲ ਜੁੜੇ ਪੁਲਸ ਅਧਿਕਾਰੀ ਨੇ ਕਿਹਾ ਕਿ ਇਕ ਪਸ਼ੂ ਮਾਹਿਰ ਨੇ ਪੋਸਟਮਾਰਟਮ ਕੀਤਾ ਹੈ। ਫਿਲਹਾਲ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਘਟਨਾ ਸਬੰਧੀ ਵ੍ਹਿਸਲਬਲੋਅਰ ਰਿਪੋਰਟ ਦੇ ਆਧਾਰ ’ਤੇ ਪੇਟਾ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਏ. ਡਬਲਯੂ. ਬੀ. ਆਈ. ਨੇ ਹੈਦਰਾਬਾਦ ਦੇ ਜ਼ਿਲ੍ਹਾ ਕਲੈਕਟਰ ਤੇ ਤੇਲੰਗਾਨਾ ਸੂਬਾ ਪਸ਼ੂ ਕਲਿਆਣ ਬੋਰਡ ਨੂੰ ਮੌਤ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh