Year Ender 2022 : ਗੀਤਾਂ ਦੇ ਬਾਈਕਾਟ ਤੋਂ ਪਾਨ ਮਸਾਲਾ ਦੀ ਐਡ ਤਕ, ਜਾਣੋ ਬਾਲੀਵੁੱਡ ਦੇ ਵੱਡੇ ਵਿਵਾਦ

12/31/2022 12:21:30 PM

ਜਲੰਧਰ (ਬਿਊਰੋ)– ਬਾਲੀਵੁੱਡ ’ਚ ਇਸ ਸਾਲ ਕਈ ਵਿਵਾਦ ਦੇਖਣ ਨੂੰ ਮਿਲੇ ਹਨ। ਫਿਰ ਭਾਵੇਂ ਉਹ ਗੀਤਾਂ ਦੇ ਬਾਈਕਾਟ ਦਾ ਹੋਵੇ ਜਾਂ ਪਾਨ ਮਸਾਲਾ ਦੀ ਮਸ਼ਹੂਰੀ ਦਾ। ਜਿਥੇ ਇਕ ਪਾਸੇ ਅਕਸ਼ੇ ਕੁਮਾਰ ਨੂੰ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਲਈ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ, ਉਥੇ ਹੀ ਦੂਜੇ ਪਾਸੇ ਆਪਣੇ ਨਿਊਡ ਫੋਟੋਸ਼ੂਟ ਨਾਲ ਰਣਵੀਰ ਸਿੰਘ ਵੀ ਲੋਕਾਂ ਦੇ ਨਿਸ਼ਾਨੇ ’ਤੇ ਰਹੇ। ਆਓ ਜਾਣਦੇ ਹਾਂ ਸਾਲ 2022 ਦੇ ਕੁਝ ਵੱਡੇ ਵਿਵਾਦਾਂ ਬਾਰੇ–

‘ਬੇਸ਼ਰਮ ਰੰਗ’ ਗੀਤ ਦਾ ਵਿਵਾਦ
ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫ਼ਿਲਮ 25 ਜਨਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫ਼ਿਲਮ ਵਿਵਾਦਾਂ ’ਚ ਘਿਰ ਗਈ ਹੈ। ਫ਼ਿਲਮ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੰਤਰੀ ਨਰੋਤਮ ਮਿਸ਼ਰਾ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਵਿਰੋਧ ਭਗਵੇ ਰੰਗ ਦੀ ਬਿਕਨੀ ਨੂੰ ਲੈ ਕੇ ਹੈ, ਜੋ ਗੀਤ ’ਚ ਦੀਪਿਕਾ ਪਾਦੂਕੋਣ ਨੇ ਪਹਿਨੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸੀਨ ਨੂੰ ਨਾ ਹਟਾਇਆ ਗਿਆ ਤਾਂ ਉਹ ਮੱਧ ਪ੍ਰਦੇਸ਼ ’ਚ ਫ਼ਿਲਮ ’ਤੇ ਪਾਬੰਦੀ ਲਗਾ ਦੇਣਗੇ। ਵਿਵਾਦ ਅਜੇ ਵੀ ਜਾਰੀ ਹੈ ਤੇ ਸ਼ਾਹਰੁਖ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।

ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਆਊਟਫਿਟਸ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ ਪਰ ਜਦੋਂ ਉਨ੍ਹਾਂ ਨੇ ਆਪਣਾ ਨਿਊਡ ਫੋਟੋਸ਼ੂਟ ਕਰਵਾਇਆ ਤਾਂ ਸੋਸ਼ਲ ਮੀਡੀਆ ’ਤੇ ਮੀਮਜ਼ ਤੇ ਟਰੋਲਜ਼ ਦਾ ਹੜ੍ਹ ਆ ਗਿਆ। ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਕਈ ਲੋਕਾਂ ਨੇ ਉਨ੍ਹਾਂ ’ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਵੀ ਲਗਾਇਆ।

‘ਦਿ ਕਸ਼ਮੀਰ ਫਾਈਲਜ਼’ ’ਤੇ ਵਿਵਾਦ
ਕਸ਼ਮੀਰੀ ਪੰਡਿਤਾਂ ਦੇ ਮੁੱਦੇ ’ਤੇ ਬਣੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਦੇਸ਼ ਭਰ ’ਚ ਕਾਫੀ ਪਸੰਦ ਕੀਤਾ ਗਿਆ। ਫ਼ਿਲਮ ਦੀ ਸਫਲਤਾ ਨਾਲ ਹੀ ਕੁਝ ਸਮੂਹਾਂ ਵਲੋਂ ਇਸ ਦਾ ਭਾਰੀ ਵਿਰੋਧ ਵੀ ਦੇਖਣ ਨੂੰ ਮਿਲਿਆ। ਇਕ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਇਜ਼ਰਾਇਲੀ ਫ਼ਿਲਮ ਨਿਰਮਾਤਾ ਨਡਾਵ ਲਾਪਿਦ ਨੇ ਫ਼ਿਲਮ ਨੂੰ ‘ਵਲਗਰ’ ਕਰਾਰ ਦਿੱਤਾ। ਇਸ ਤੋਂ ਬਾਅਦ ਮਾਮਲਾ ਕਾਫੀ ਵਧਿਆ ਪਰ ਵਿਵੇਕ ਅਗਨੀਹੋਤਰੀ ਲਗਾਤਾਰ ਆਪਣੀ ਫ਼ਿਲਮ ਦਾ ਬਚਾਅ ਕਰਦੇ ਨਜ਼ਰ ਆਏ।

ਬਾਲੀਵੁੱਡ ਅਦਾਕਾਰਾਂ ’ਤੇ ਮਨੀ ਲਾਂਡਰਿੰਗ ਦਾ ਮਾਮਲਾ
ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਨੇ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਜੈਕਲੀਨ ਫਰਨਾਂਡੀਜ਼ ਤੇ ਨੌਰਾ ਫਤੇਹੀ ਤੋਂ ਪੁੱਛਗਿੱਛ ਕੀਤੀ। ਦੋਵਾਂ ਅਦਾਕਾਰਾਂ ਦੀਆਂ ਮੁਸ਼ਕਿਲਾਂ ਇਸ ਦੌਰਾਨ ਵਧਦੀਆਂ ਨਜ਼ਰ ਆਈਆਂ। ਜੈਕਲੀਨ ਦੀਆਂ ਮੁਸ਼ਕਿਲਾਂ ਉਦੋਂ ਵਧੀਆਂ, ਜਦੋਂ ਸੁਕੇਸ਼ ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਗਈਆਂ। ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ’ਚ ਕੁਝ ਹੋਰ ਅਦਾਕਾਰਾਂ ਦੇ ਨਾਂ ਵੀ ਸਾਹਮਣੇ ਆਏ।

ਅਕਸ਼ੇ ਕੁਮਾਰ ਦੀ ਪਾਨ ਮਸਾਲਾ ਐਡ
ਜਦੋਂ ਅਜੇ ਦੇਵਗਨ ਨੇ ਪਾਨ ਮਸਾਲਾ ਦਾ ਐਡ ਕੀਤੀ ਸੀ ਤਾਂ ਕਾਫੀ ਹੰਗਾਮਾ ਹੋਇਆ ਸੀ ਪਰ ਉਸ ਤੋਂ ਬਾਅਦ ਸ਼ਾਹਰੁਖ ਖ਼ਾਨ ਜੁੜੇ ਤੇ ਫਿਰ ਉਨ੍ਹਾਂ ਨਾਲ ਅਕਸ਼ੇ ਕੁਮਾਰ ਵੀ ਜੁੜੇ। ਐਡ ’ਚ ਤਿੰਨੇ ਵੱਡੇ ਸੁਪਰਸਟਾਰ ਇਕੱਠੇ ਨਜ਼ਰ ਆਏ ਸਨ ਪਰ ਦਰਸ਼ਕ ਇਸ ਗੱਲ ਨਾਲ ਸਹਿਮਤ ਨਹੀਂ ਹੋਏ। ਲੋਕਾਂ ਨੇ ਅਕਸ਼ੇ ਕੁਮਾਰ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ ਰਾਸ਼ਟਰ ਦੇ ਅਹਿਮ ਮੁੱਦੇ ’ਤੇ ਫ਼ਿਲਮ ਬਣਾਉਣ ਵਾਲੇ ਅਕਸ਼ੇ ਕੁਮਾਰ ਨੂੰ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਦੀ ਕੀ ਲੋੜ ਪੈ ਗਈ? ਜਦੋਂ ਅਕਸ਼ੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਲੋਕਾਂ ਤੋਂ ਮੁਆਫੀ ਮੰਗੀ।

‘ਲਾਲ ਸਿੰਘ ਚੱਢਾ’ ਦਾ ਬਾਈਕਾਟ
ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਫ਼ਿਲਮ ਨੂੰ ਲੈ ਕੇ ਵਿਵਾਦ ਨੇ ਤੂਲ ਉਦੋਂ ਫੜੀ, ਜਦੋਂ ਆਮਿਰ ਖ਼ਾਨ ਦਾ ਸਾਲ 2015 ਦਾ ਭਾਸ਼ਣ ਲੀਕ ਹੋ ਗਿਆ, ਜਿਸ ’ਚ ਉਨ੍ਹਾਂ ਨੇ ਆਪਣੀ ਪਤਨੀ ਨਾਲ ਦੇਸ਼ ਛੱਡਣ ਦੀ ਗੱਲ ਆਖੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਪੀਕੇ’ ਨੂੰ ਵੀ ਟਾਰਗੇਟ ਕੀਤਾ ਗਿਆ। ਲੋਕਾਂ ਦਾ ਮੰਨਣਾ ਸੀ ਕਿ ਫ਼ਿਲਮ ’ਚ ਆਮਿਰ ਖ਼ਾਨ ਨੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ। ਇਸ ਤੋਂ ਬਾਅਦ ਆਮਿਰ ਨੇ ਇਸ ’ਤੇ ਮੁਆਫੀ ਵੀ ਮੰਗੀ ਪਰ ਇਸ ਦਾ ਕੁਝ ਖ਼ਾਸ ਅਸਰ ਨਹੀਂ ਪਿਆ। ਫ਼ਿਲਮ ਬਾਕਸ ਆਫਿਸ ’ਤੇ ਮੂਧੇ ਮੂੰਹ ਡਿੱਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh