ਸਲਮਾਨ ਖ਼ਾਨ ਨਾਲ ਟੱਕਰ ਲੈਣੀ ਸੀ, ਇਸ ਲਈ ‘ਟਾਈਗਰ 3’ ਲਈ ਭਾਰ ਵਧਾਇਆ : ਇਮਰਾਨ ਹਾਸ਼ਮੀ

11/26/2023 12:07:55 PM

ਜਲੰਧਰ (ਬਿਊਰੋ)– ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਟਾਟੀਗਰ 3’ ਦੁਨੀਆ ਭਰ ’ਚ 400 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਭਾਰਤ ’ਚ ਵੀ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮਨੀਸ਼ ਸ਼ਰਮਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਟਾਈਗਰ ਫ੍ਰੈਂਚਾਇਜ਼ੀ ਦੀ ਤੀਜੀ ਫ਼ਿਲਮ ਹੈ, ਜਿਸ ’ਚ ਵਿਲੇਨ ਦੇ ਰੂਪ ’ਚ ਇਮਰਾਨ ਹਾਸ਼ਮੀ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਹੈ। ਦਰਸ਼ਕ ਵੀ ਅਦਾਕਾਰ ਨੂੰ ਨਵੇਂ ਅੰਦਾਜ਼ ’ਚ ਦੇਖ ਕੇ ਕਾਫ਼ੀ ਖ਼ੁਸ਼ ਹਨ। ਇਸ ਬਾਰੇ ਇਮਰਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਦੇ ਨਾਲ ਖ਼ਾਸ ਗੱਲਬਾਤ ਕੀਤੀ। ਆਓ ਜਾਣਦੇ ਹਾਂ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਇਸ ਵਾਰ ਤੁਸੀਂ ਨੈਗੇਟਿਵ ਕਿਰਦਾਰ ’ਚ ਨਜ਼ਰ ਆ ਰਹੇ ਹੋ, ਇਹ ਕਿੰਝ ਹੋਇਆ?
ਜਵਾਬ–
ਸੱਚ ਕਹਾਂ ਤਾਂ ਆਤਿਸ਼ ਨੂੰ ਲੋਕਾਂ ਤੋਂ ਇੰਨਾ ਪਿਆਰ ਮਿਲੇਗਾ, ਇਹ ਤਾਂ ਮੈਂ ਵੀ ਨਹੀਂ ਸੋਚਿਆ ਸੀ। ਦਰਸ਼ਕਾਂ ਵਲੋਂ ਇਸ ਤੋਂ ਚੰਗਾ ਦੀਵਾਲੀ ਗਿਫ਼ਟ ਹੋਰ ਕੀ ਮਿਲ ਸਕਦਾ ਸੀ। ਮੈਂ ਜਿੰਨਾ ਵੀ ਕਰ ਰਿਹਾ ਸੀ, ਉਝ ਤਾਂ ਉਹ ਘੱਟ ਹੀ ਸੀ। ਇਸ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਦਰਸ਼ਕਾਂ ਨੂੰ ਫ਼ਿਲਮ ਪਸੰਦ ਆਵੇ। ਬਾਕਸ ਆਫ਼ਿਸ ’ਤੇ ਫ਼ਿਲਮ ਚੰਗੀ ਕਲੈਕਸ਼ਨ ਕਰੇ। ਇਥੇ ਮੈਂ ਕਲੈਕਸ਼ਨ ਦੀ ਗੱਲ ਇਸ ਲਈ ਕੀਤੀ ਹੈ ਕਿਉਂਕਿ ਜਦੋਂ ਫ਼ਿਲਮ ਚੰਗੀ ਕਮਾਈ ਕਰਦੀ ਹੈ ਤਾਂ ਪ੍ਰੋਡਿਊਸਰ ਨੂੰ ਵੀ ਮੁਨਾਫ਼ਾ ਹੁੰਦਾ ਹੈ ਤੇ ਸਾਡੇ ਕੰਮ ਦੀ ਵੀ ਸ਼ਲਾਘਾ ਕੀਤੀ ਜਾਂਦੀ ਹੈ।

ਸਵਾਲ– ਤੁਸੀਂ ਆਪਣੇ ਕਿਰਦਾਰ ਲਈ ਕਿੰਨੀ ਮਿਹਨਤ ਕੀਤੀ?
ਜਵਾਬ–
ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਮੈਂ ਬਹੁਤ ਪਤਲਾ ਸੀ, ਇਸ ਲਈ ਮੈਨੂੰ ਥੋੜ੍ਹਾ ਭਾਰ ਵਧਾਉਣਾ ਪਿਆ। ਇਸ ਦੇ ਪਿੱਛੇ ਕਾਰਨ ਇਹ ਨਹੀਂ ਸੀ ਕਿ ਫਾਈਟ ’ਚ ਟੀ-ਸ਼ਰਟ ਉਤਾਰ ਰਿਹਾ ਹਾਂ ਜਾਂ ਬਾਡੀ ਦਿਖਾਉਣੀ ਹੈ। ਆਤਿਸ਼ ਨੂੰ ਸਲਮਾਨ ਖ਼ਾਨ ਨਾਲ ਟੱਕਰ ਲੈਣੀ ਸੀ, ਇਸ ਲਈ ਇਕ ਫਰੇਮ ਨਜ਼ਰ ਆਉਣਾ ਜ਼ਰੂਰੀ ਸੀ, ਜਿਸ ’ਚ ਵਿਲੇਨ ਹੀਰੋ ’ਤੇ ਭਾਰੀ ਪੈਂਦਾ ਦਿਖਾਈ ਦੇਵੇ। ਆਪਣੇ ਕਿਰਦਾਰ ਲਈ ਮੇਰੇ ਕੋਲ 6 ਮਹੀਨੇ ਦਾ ਸਮਾਂ ਸੀ ਤਾਂ ਸਭ ਕੁਝ ਕਾਫ਼ੀ ਜਲਦਬਾਜ਼ੀ ’ਚ ਹੋਇਆ। ਮੈਂ ਆਪਣੀਆਂ ਫ਼ਿਲਮਾਂ ’ਚ ਪਹਿਲਾਂ ਕਦੇ ਇੰਨਾ ਐਕਸ਼ਨ ਨਹੀਂ ਕੀਤਾ ਪਰ ਸਲਮਾਨ ਖ਼ਾਨ ਨੂੰ ਇਸ ਦਾ ਸਾਲਾਂ ਤੋਂ ਤਜਰਬਾ ਹੈ ਤਾਂ ਉਨ੍ਹਾਂ ਨੇ ਇਸ ’ਚ ਕਾਫ਼ੀ ਮਦਦ ਕੀਤੀ।

ਸਵਾਲ– ਆਤਿਸ਼ ਦੇ ਕਿਰਦਾਰ ਨੇ ਦੀਵਾਲੀ ’ਤੇ ਕਿੰਨੀਆਂ ਆਤਿਸ਼ਬਾਜ਼ੀਆਂ ਕੀਤੀਆਂ?
ਜਵਾਬ–
ਸਕ੍ਰਿਪਟ ਪੜ੍ਹ ਕੇ ਹੀ ਪਤਾ ਲੱਗ ਗਿਆ ਸੀ ਕਿ ਆਤਿਸ਼ ਰੱਜ ਕੇ ਫ਼ਿਲਮ ’ਚ ਆਤਿਸ਼ਬਾਜ਼ੀ ਕਰਨ ਵਾਲਾ ਹੈ। ਪਹਿਲਾਂ ਇਹ ਫ਼ਿਲਮ ਦੀਵਾਲੀ ’ਤੇ ਰਿਲੀਜ਼ ਨਹੀਂ ਹੋਣ ਵਾਲੀ ਸੀ ਪਰ ਬਾਅਦ ’ਚ ਜਦੋਂ ਰਿਲੀਜ਼ ਡੇਟ ਫਾਈਨਲ ਹੋਈ ਤਾਂ ਆਤਿਸ਼ ਨੇ ਦੀਵਾਲੀ ਨਾਲ ਕਾਫ਼ੀ ਕਨੈਕਟ ਕੀਤਾ, ਜੋ ਫ਼ਿਲਮ ਲਈ ਬੋਨਸ ਸਾਬਿਤ ਹੋਇਆ। ਇਸ ਤੋਂ ਇਲਾਵਾ ਤੁਹਾਨੂੰ ਖ਼ੁਦ ’ਚ ਚੰਗਾ ਲੱਗਦਾ ਹੈ ਕਿ ਤੁਸੀਂ ਯਸ਼ਰਾਜ ਫ਼ਿਲਮਜ਼ ਲਈ ਕੰਮ ਕਰ ਰਹੇ ਹੋ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਨੂੰ ਵਾਈ. ਆਰ. ਐੱਫ਼. ਦੀ ਫ਼ਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)

ਸਵਾਲ– ਸਾਨੂੰ ਤਾਂ ਲੱਗਾ ਸੀ ਕਿ ਕੈਟਰੀਨਾ ਨਾਲ ਤੁਸੀਂ ਰੋਮਾਂਸ ਕਰਦੇ ਹੋਏ ਦਿਖੋਗੇ, ਐਕਸ਼ਨ ਕਿੰਝ ਹੋ ਗਿਆ?
ਜਵਾਬ–
ਮੈਨੂੰ ਵੀ ਸ਼ੁਰੂਆਤ ’ਚ ਅਜਿਹਾ ਹੀ ਲੱਗਾ ਸੀ ਪਰ ਟਾਈਗਰ ਫ੍ਰੈਂਚਾਇਜ਼ੀ ਸੀ ਤਾਂ ਇਸ ਦਾ ਕੋਈ ਸਕੋਪ ਨਹੀਂ ਸੀ। ਇਹ ਮੇਰੇ ਲਈ ਵੀ ਕਾਫ਼ੀ ਰੋਮਾਂਚਕ ਸੀ ਕਿਉਂਕਿ ਪਹਿਲੀ ਵਾਰ ਮੈਂ ਸਲਮਾਨ ਖ਼ਾਨ ਤੇ ਕੈਟਰੀਨਾ ਨਾਲ ਕੰਮ ਕੀਤਾ। ਬੇਸ਼ੱਕ ਰੋਮਾਂਟਿਕ ਨਹੀਂ ਪਰ ਇਹ ਵੀ ਮੇਰੇ ਲਈ ਚੈਲੇਂਜਿੰਗ ਸੀ ਕਿਉਂਕਿ ਮੈਂ ਆਪਣੇ 20 ਸਾਲ ਦੇ ਕਰੀਅਰ ’ਚ ਤਿੰਨ ਹੋਰ ਅਜਿਹੇ ਰੋਲ ਪਲੇਅ ਕੀਤੇ ਹਨ ਪਰ ਇਹ ਕਿਰਦਾਰ ਬਾਕੀ ਸਭ ਤੋਂ ਅਲੱਗ ਸੀ। ਮੈਂ ਖ਼ੁਦ ਡਰ ਰਿਹਾ ਸੀ ਕਿ ਮੇਰੇ ਤੋਂ ਹੋਵੇਗਾ ਕਿ ਨਹੀਂ ਪਰ ਬਾਅਦ ’ਚ ਮੇਰਾ ਲੁੱਕ ਜੋ ਹੌਲੀ-ਹੌਲੀ ਉੱਭਰ ਕੇ ਸਾਹਮਣੇ ਆਇਆ, ਉਹ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ। ਇਸ ’ਚ ਕਾਫ਼ੀ ਸਮਾਂ ਲੱਗਾ ਕਿਉਂਕਿ ਪਹਿਲਾਂ ਤੋਂ ਸਾਡੇ ਪ੍ਰੋਡਕਸ਼ਨ ਨੇ ਡਿਸਾਈਡ ਨਹੀਂ ਕੀਤਾ ਸੀ ਕਿ ਆਤਿਸ਼ ਦਾ ਲੁੱਕ ਕਿਹੋ-ਜਿਹਾ ਦਿਸੇਗਾ। ਫਿਰ ਜਦੋਂ ਮੈਂ ਇਸ ਫ਼ਿਲਮ ’ਚ ਆਇਆ ਤਾਂ ਲੁੱਕ ਟ੍ਰਾਈ ਕੀਤੇ। ਪਹਿਲਾਂ ਆਤਿਸ਼ ਜਵਾਨ ਸੀ, ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਪਿਛਲੇ ਲੁੱਕਸ ਦੀ ਤਰ੍ਹਾਂ ਦਿਸ ਰਿਹਾ ਹੈ, ਜੋ ਮੈਂ ਕੀਤੇ ਹੋਏ ਹਨ। ਬਾਅਦ ’ਚ ਸੱਤ-ਅੱਠ ਲੁੱਕ ਟ੍ਰਾਈ ਕੀਤੇ ਤੇ ਬਾਅਦ ’ਚ ਇਹ ਲੁੱਕ ਫਾਈਨਲ ਹੋਇਆ।

ਸਵਾਲ– ਕੀ ਤੁਸੀਂ ਪਹਿਲਾਂ ਤੋਂ ਹੀ ਐਕਸ਼ਨ ਫ਼ਿਲਮਾਂ ਕਰਨਾ ਚਾਹੁੰਂਦੇ ਸੀ?
ਜਵਾਬ–
ਜੀ ਮੈਂ ਬਹੁਤ ਪਹਿਲਾਂ ਤੋਂ ਐਕਸ਼ਨ ਫ਼ਿਲਮ ਕਰਨਾ ਚਾਹੁੰਦਾ ਸੀ। ਜਾਨਰ ਸ਼ਿਫਟ ਕਰਨ ਦਾ ਤਾਂ ਮੈਂ ਬਹੁਤ ਪਹਿਲਾਂ ਤੋਂ ਸੋਚਿਆ ਹੋਇਆ ਸੀ। ਇਸ ਲਈ ਰੋਮਾਂਟਿਕ ਫ਼ਿਲਮਾਂ ਤੋਂ ਥ੍ਰਿਲਰ, ਹਾਰਰ ਤੇ ਫਿਰ ਮੇਰਾ ਮਨ ਐਕਸ਼ਨ ਥ੍ਰਿਲਰ ਜਾਂ ਰੋਮਾਂਟਿਕ ਥ੍ਰਿਲਰ ਐਕਸ਼ਨ ਫ਼ਿਲਮ ਕਰਨ ਦਾ ਸੀ। ਇਸ ਲਈ ਮੈਨੂੰ ਬਹੁਤ ਖ਼ੁਸ਼ੀ ਹੋਈ, ਜਦੋਂ ਇਸ ਫ਼ਿਲਮ ’ਚ ਮੈਨੂੰ ਐਕਸ਼ਨ ਕਰਨ ਦਾ ਮੌਕਾ ਮਿਲਿਆ।

ਸਵਾਲ– ‘ਸੀਰੀਅਲ ਕਿੱਸਰ’ ਦੇ ਟੈਗ ਤੋਂ ਬਾਅਦ ਹੁਣ ਇਸ ਫ਼ਿਲਮ ਤੋਂ ਬਾਅਦ ਤੁਹਾਨੂੰ ਸ਼ਾਇਦ ਨੈਗੇਟਿਵ ਰੋਲ ਹੀ ਆਫ਼ਰ ਹੋਣ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ–
ਜੇਕਰ ਇਸ ਤੋਂ ਬਾਅਦ ਨੈਗੇਟਿਵ ਰੋਲ ਮਿਲੇ ਤਾਂ ਮੈਂ ਨਹੀਂ ਕਰਾਂਗਾ। ਸਾਡੀ ਇੰਡਸਟਰੀ ’ਚ ਇਹੀ ਤਾਂ ਭੇਡਚਾਲ ਹੈ, ਤੁਹਾਡੀ ਇਕ ਫ਼ਿਲਮ ਸਫ਼ਲ ਹੋਣ ਤੋਂ ਬਾਅਦ ਤੁਹਾਨੂੰ ਉਸੇ ਤਰ੍ਹਾਂ ਦੀਆਂ 20 ਫ਼ਿਲਮਾਂ ਦੇ ਆਫ਼ਰ ਆਉਂਦੇ ਹਨ। ਅਜਿਹਾ ਨਹੀਂ ਹੈ ਕਿ ਮੈਂ ਬਿਲਕੁਲ ਨਹੀ ਕਰਾਂਗਾ, ਚੰਗੇ ਨਿਰਦੇਸ਼ਕ ਤੇ ਚੰਗੇ ਪ੍ਰੋਡਿਊਸਰ ਹੋਣ ਤਾਂ ਮੈਂ ਜ਼ਰੂਰ ਕੰਮ ਕਰਾਂਗਾ। ਉਥੇ ਹੀ ਜੇਕਰ ਤੁਸੀਂ ਕਹੋ ਕਿ ਇਸੇ ਤਰ੍ਹਾਂ ਦੀਆਂ ਮੈਂ 6 ਫ਼ਿਲਮਾਂ ਦੇ ਆਫ਼ਰ ਲੈ ਲਵਾਂ ਕਿਉਂਕਿ ਪੈਸੇ ਮਿਲ ਰਹੇ ਹਨ ਤਾਂ ਅਜਿਹਾ ਬਿਲਕੁਲ ਨਹੀਂ ਹੈ। ਸਕ੍ਰਿਪਟ ’ਚ ਕੁਝ ਨਵਾਂਪਣ ਹੋਵੇ ਤਾਂ ਮੈਂ ਜ਼ਰੂਰ ਕਰਾਂਗਾ ਪਰ ਕੁਝ ਸਮੇਂ ਬਾਅਦ।

ਸਵਾਲ– ‘ਟਾਈਗਰ 3’ ਦੇ ਸੈੱਟ ’ਤੇ ਤੁਹਾਡਾ ਸਭ ਤੋਂ ਚੰਗਾ ਤਜਰਬਾ ਕੀ ਰਿਹਾ?
ਜਵਾਬ–
‘ਟਾਈਗਰ 3’ ਦੇ ਸੈੈੱਟ ’ਤੇ ਮੇਰਾ ਹਰ ਦਿਨ ਬੈਸਟ ਰਿਹਾ। ਫ਼ਿਲਮ ਦਾ ਫਾਈਨਲ ਐਕਸ਼ਨ ਸਲਮਾਨ ਖ਼ਾਨ ਨਾਲ ਕਰਨਾ ਮੇਰੇ ਸੁਪਨੇ ਦੇ ਸੱਚ ਹੋਣ ਜਿਹਾ ਹੈ। ਇਹ ਸੀਨ ਅਸੀਂ ਸੱਤ-ਅੱਠ ਦਿਨਾਂ ’ਚ ਸ਼ੂਟ ਕੀਤਾ, ਜੋ ਮੇਰੇ ਲਈ ਬੇਹੱਦ ਖ਼ਾਸ ਰਿਹਾ।

ਸਵਾਲ– ਕਿਰਦਾਰ ’ਚ ਸਵਿੱਚ ਆਨ ਤੇ ਆਫ਼ ਕਰਨ ’ਚ ਤੁਹਾਨੂੰ ਕਿੰਨਾ ਸਮਾਂ ਲੱਗਦਾ ਹੈ?
ਜਵਾਬ–
ਹੁਣ ਤਾਂ ਕੈਮਰਾ ਆਫ਼ ਤੇ ਮੈਂ ਕਿਰਦਾਰ ਤੋਂ ਬਾਹਰ ਨਿਕਲ ਆਉਂਦਾ ਹਾਂ ਪਰ ਕਰੀਅਰ ਦੀ ਸ਼ੁਰੂਆਤ ’ਚ ਮੇਰੇ ਲਈ ਇਹ ਇੰਨਾ ਆਸਾਨ ਨਹੀਂ ਸੀ। ਮੇਰੀ ਫੈਮਿਲੀ ਤੇ ਦੋਸਤ ਸਭ ਕਹਿੰਦੇ ਸਨ ਕਿ ਤੈਨੂੰ ਇੰਨੀ ਜਲਦੀ ਗੁੱਸਾ ਕਿਉਂ ਆ ਜਾਂਦਾ ਹੈ ਪਰ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਤੁਹਾਡੇ ’ਚ ਬਦਲਾਅ ਆਉਣ ਲੱਗਦੇ ਹਨ। ਤੁਹਾਨੂੰ ਸਾਰੀਆਂ ਚੀਜ਼ਾਂ ਦਾ ਤਜਰਬਾ ਹੁੰਦਾ ਹੈ ਤੇ ਚੀਜ਼ਾਂ ਨੂੰ ਮੈਨੇਜ ਕਰਨਾ ਤੁਸੀਂ ਸਿੱਖ ਜਾਂਦੇ ਹੋ। ਮੈਂ ਆਪਣੇ ਕਰੀਅਰ ’ਚ ਹਰ ਸਮੇਂ ਦੇ ਨਾਲ ਸਿੱਖਿਆ ਹੈ ਤੇ ਅੱਗੇ ਵੀ ਸਿੱਖ ਹੀ ਰਿਹਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh