ਦਿਲਜੀਤ ਦੋਸਾਂਝ ਦੀ ਫ਼ਿਲਮ ''ਬਾਬੇ ਭੰਗੜਾ ਪਾਉਂਦੇ ਨੇ'' ਦਾ ਪਹਿਲਾ ਗੀਤ ''ਕੋਕਾ'' ਛਾਇਆ ਟਰੈਂਡਿੰਗ ''ਚ (ਵੀਡੀਓ)

09/24/2022 1:21:56 PM

ਚੰਡੀਗੜ੍ਹ (ਬਿਊਰੋ) – 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੇ ਟਰੇਲਰ ਨੇ ਹਰ ਇਕ ਦੇ ਢਿੱਡੀਂ ਪੀੜਾਂ ਪਾਈਆਂ ਹਨ। ਦਿਲਜੀਤ ਦੋਸਾਂਝ, ਸਰਗੁਣ ਮਹਿਤਾ ਤੇ ਸੋਹੇਲ ਅਹਿਮਦ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਇਕ ਵੱਖਰੇ ਵਿਸ਼ੇ 'ਤੇ ਬਣਾਈ ਗਈ ਹੈ। ਬੀਤੇ ਦਿਨ ਫ਼ਿਲਮ ਦਾ ਪਹਿਲਾਂ ਗੀਤ 'ਕੋਕਾ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਇਕ ਪਾਰਟੀ ਸੌਗ ਹੈ। ਖ਼ਬਰ ਲਿਖੇ ਜਾਣ ਤੱਕ 'ਕੋਕਾ' ਗੀਤ ਟਰੈਂਡਿੰਗ ਨੰਬਰ 19 'ਚ ਛਾਇਆ ਹੋਇਆ ਸੀ। ਇਸ ਗੀਤ 'ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਕਿਊਟ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਦੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਟਰੇਲਰ 'ਚ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਨਾਲ ਲਖਨ ਪਾਲ ਤੇ ਸੰਗਤਾਰ ਸਿੰਘ ਨਾਲ ਮਿਲ ਕੇ ਬਜ਼ੁਰਗ ਨੂੰ ਗੋਦ ਲੈਂਦੇ ਹਨ ਤੇ ਉਸ ਦੇ ਮਰਨ ਦਾ ਇੰਤਜ਼ਾਰ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਇੰਸ਼ੋਰੈਂਸ ਦੇ ਪੈਸੇ ਮਿਲ ਸਕਣ। ਹੁਣ ਬਜ਼ੁਰਗ ਨਾਲ ਅੱਗੋਂ ਕੀ-ਕੀ ਹੁੰਦਾ ਹੈ ਤੇ ਕਿਵੇਂ ਸਿਚੁਏਸ਼ਨ ਦੇ ਹਿਸਾਬ ਨਾਲ ਕਾਮੇਡੀ ਹੁੰਦੀ ਹੈ, ਇਹ ਫ਼ਿਲਮ ’ਚ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ। ਆਪਣੀ ਕਾਮਿਕ ਟਾਈਮਿੰਗ ਲਈ ਦਿਲਜੀਤ ਪਹਿਲਾਂ ਹੀ ਮਸ਼ਹੂਰ ਹਨ ਤੇ ਇਸ ਵਾਰ ਉਨ੍ਹਾਂ ਨੇ ਨਵੇਂ ਵਿਸ਼ੇ ਨਾਲ ਦਰਸ਼ਕਾਂ ਨੂੰ ਇਕ ਬਲਾਕਬਸਟਰ ਫ਼ਿਲਮ ਦੇਣ ਦਾ ਮਨ ਪਹਿਲਾਂ ਹੀ ਬਣਾਇਆ ਹੋਇਆ ਲੱਗਦਾ ਹੈ।

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਡਾਇਰੈਕਟਰ ਅਮਰਜੀਤ ਸਿੰਘ ਨੇ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ 'ਚ ਇਹ ਫ਼ਿਲਮ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨੈੱਟਫਲਿਕਸ 'ਤੇ 16 ਸਤੰਬਰ ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋਗੀ' ਰਿਲੀਜ਼ ਹੋਈ ਹੈ।

ਨੋਟ– ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita