ਕਿਸਾਨ ਧਰਨਿਆਂ ਖਿਲਾਫ ਬੋਲਣ ਵਾਲਿਆਂ ’ਤੇ ਭੜਕਿਆ ਦਿਲਜੀਤ ਦੋਸਾਂਝ, ਇੰਝ ਲਾਈ ਕਲਾਸ

12/01/2020 7:27:57 PM

ਜਲੰਧਰ (ਬਿਊਰੋ)– ਕਿਸਾਨ ਅੰਦੋਲਨ ਨੇ ਹੁਣ ਸੋਸ਼ਲ ਮੀਡੀਆ ’ਤੇ ਵੀ ਅੱਗ ਫੜ ਲਈ ਹੈ। ਜਿਥੇ ਸੜਕਾਂ ’ਤੇ ਕਿਸਾਨ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ, ਉਥੇ ਪੰਜਾਬ ਦੇ ਆਮ ਲੋਕ ਤੇ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ਤਕ ਪਹੁੰਚਾਉਣ ’ਚ ਪੂਰਾ ਜ਼ੋਰ ਲਗਾ ਰਹੇ ਹਨ। ਹਾਲ ਹੀ ’ਚ ਕਈ ਪੰਜਾਬੀ ਕਲਾਕਾਰਾਂ ਵਲੋਂ ਟਵਿਟਰ ’ਤੇ ਕਿਸਾਨ ਧਰਨਿਆਂ ਸਬੰਧੀ ਹੈਸ਼ਟੈਗ ਚਲਾ ਕੇ ਟਵੀਟਸ ਕੀਤੇ ਜਾ ਰਹੇ ਹਨ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਬਾਲੀਵੁੱਡ ’ਚ ਵੀ ਚੰਗਾ ਨਾਂ ਕਮਾ ਚੁੱਕੇ ਹਨ, ਨੂੰ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਭੜਕਦੇ ਦੇਖਿਆ ਗਿਆ। ਅਸਲ ’ਚ ਦਿਲਜੀਤ ਦੋਸਾਂਝ ਕਿਸਾਨ ਧਰਨਿਆਂ ਦਾ ਸਮਰਥਨ ਕਰਦਿਆਂ ਟਵੀਟਸ ਕਰ ਰਹੇ ਸਨ, ਇਸ ਦੌਰਾਨ ਕੁਝ ਟਵਿਟਰ ਯੂਜ਼ਰਸ ਨੇ ਦਿਲਜੀਤ ਦੋਸਾਂਝ ਨੂੰ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦਿਲਜੀਤ ਨੇ ਉਨ੍ਹਾਂ ਦੀ ਕਲਾਸ ਲਗਾ ਦਿੱਤੀ। ਦਿਲਜੀਤ ਦੋਸਾਂਝ ਨੂੰ ਜਿਨ੍ਹਾਂ ਲੋਕਾਂ ਨੇ ਕੁਮੈਂਟਸ ਕੀਤੇ, ਉਨ੍ਹਾਂ ’ਚੋਂ ਕੁਝ ਆਪਣੇ ਕੁਮੈਂਟਸ ਹੀ ਡਿਲੀਟ ਕਰ ਗਏ ਪਰ ਉਦੋਂ ਤਕ ਦਿਲਜੀਤ ਦੋਸਾਂਝ ਉਨ੍ਹਾਂ ਨੂੰ ਰਿਪਲਾਈ ਕਰ ਚੁੱਕੇ ਸਨ, ਜੋ ਦਿਲਜੀਤ ਦੇ ਟਵਿਟਰ ਅਕਾਊਂਟ ’ਤੇ ਅਜੇ ਵੀ ਮੌਜੂਦ ਹਨ।

ਦਿਲਜੀਤ ਨੇ ਆਪਣੇ ਪਹਿਲੇ ਰਿਪਲਾਈ ’ਚ ਲਿਖਿਆ, ‘ਤੇਰੇ ਨਾਲੋਂ ਪਹਿਲਾਂ ਪਹਿਲੇ ਦਿਨ ਤੋਂ ਬੋਲ ਰਿਹਾ ਹਾਂ। ਆਪਣਾ-ਆਪਣਾ ਫਰਜ਼ ਪਛਾਣੋ, ਐਵੇਂ ਟਿਕਟਾਕ ਨਾ ਬਣਾਓ।’

ਦੂਜੇ ਰਿਪਲਾਈ ’ਚ ਦਿਲਜੀਤ ਨੇ ਲਿਖਿਆ, ‘ਨਹੀਂ ਇਹ ਲੋਕ ਅੰਨੇ ਜੋ ਆਪਣੇ ਬੰਦਿਆਂ ਨੂੰ ਆਪਣੇ ਬੰਦਿਆਂ ਨਾਲ ਲੜਾਉਣ ਲਈ ਹੀ ਕੰਮ ਕਰਦੇ ਹਨ। ਜ਼ੁਲਮ ਦੇ ਖ਼ਿਲਾਫ਼ ਤਾਂ ਬੋਲਣਾ ਹੀ ਹੈ। ਇਨ੍ਹਾਂ ਨੂੰ ਵੀ ਜਵਾਬ ਦੇਣਾ ਪੈਂਦਾ ਨਹੀਂ ਤਾਂ ਇਹ ਕਸਰ ਕੋਈ ਨਹੀਂ ਛੱਡਦੇ।’

ਇਨ੍ਹਾਂ ਦੋ ਰਿਪਲਾਈਜ਼ ਤੋਂ ਬਾਅਦ ਦਿਲਜੀਤ ਨੇ ਟਵੀਟ ਕੀਤਾ, ‘ਜਿਹੜੇ ਤਾਂ ਕਿਸਾਨਾਂ ਦੇ ਖ਼ਿਲਾਫ਼ ਹਨ, ਉਨ੍ਹਾਂ ਦਾ ਤਾਂ ਸਮਝ ਆਉਂਦਾ, ਉਹ ਤਾਂ ਸਪੱਸ਼ਟ ਹਨ ਬੰਦੇ ਕੌਣ ਹਨ ਪਰ ਜਿਹੜੇ ਆਪਣੇ ਬਣ ਕੇ ਸਾਨੂੰ ਆਪਸ ’ਚ ਲੜਾਉਣ ’ਤੇ ਲੱਗੇ ਹਨ, ਲੱਤਾਂ ਖਿੱਚ ਰਹੇ ਹਨ, ਉਨ੍ਹਾਂ ਤੋਂ ਖਤਰਾ ਜ਼ਿਆਦਾ। ਇਹ ਵੀ ਇਕ ਤਰੀਕਾ ਹੁੰਦਾ। ਸਮਝਣ ਤੇ ਬਚਣ ਦੀ ਲੋੜ ਹੈ। ਆਪਣਾ-ਆਪਣਾ ਫਰਜ਼ ਪਛਾਣੀਏ।’

ਦਿਲਜੀਤ ਦੇ ਇਸ ਟਵੀਟ ਤੋਂ ਬਾਅਦ ਵੀ ਕੁਝ ਯੂਜ਼ਰਸ ਨੇ ਕੁਮੈਂਟ ਕਰਨੇ ਬੰਦ ਨਹੀਂ ਕੀਤੇ। ਇਕ ਯੂਜ਼ਰ ਨੇ ਕੁਮੈਂਟ ਕੀਤਾ, ‘ਰਾਜਨੀਤਕ ਡਰਾਮਾ ਹੈ ਸਿਰਫ, ਹੋਰ ਕੁਝ ਨਹੀਂ। ਇਹ ਕਿਉਂ ਨਹੀਂ ਜਾ ਰਹੇ, ਜਦੋਂ ਸਰਕਾਰ ਇਨ੍ਹਾਂ ਨੂੰ ਮੀਟਿੰਗ ਲਈ ਬੁਲਾ ਰਹੀ ਹੈ।’ ਇਸ ਦਾ ਜਵਾਬ ਦਿੰਦਿਆਂ ਦਿਲਜੀਤ ਨੇ ਲਿਖਿਆ, ‘ਤੁਹਾਡਾ ਤਾਂ ਸਮਝ ਆਉਂਦਾ ਤੁਸੀਂ ਕੀ ਚਾਹੁੰਦੇ ਹੋ। ਡਰ ਤੁਹਾਡੇ ਕੋਲੋਂ ਨਹੀਂ, ਜਿਹੜੇ ਸਾਡੇ ’ਚ ਵੜ ਕੇ ਨੈਗੇਟੀਵਿਟੀ ਫੈਲਾ ਰਹੇ ਹਨ, ਖਤਰਾ ਉਨ੍ਹਾਂ ਕੋਲੋਂ ਹੈ।’

ਉਥੇ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ‘ਹਿੰਦੀ ’ਚ ਵੀ ਬੋਲ ਲੈ, ਪਰੋਪੇਗੰਡਾ ਹੀ ਚਲਾਉਣਾ ਹੈ ਤਾਂ ਸਭ ਤਕ ਗੱਲ ਤਾਂ ਪਹੁੰਚਾ। ਸਾਰੇ ਡਿਕਸ਼ਨਰੀ ਲੈ ਕੇ ਨਹੀਂ ਘੁੰਮਦੇ।’ ਇਸ ਦਾ ਜਵਾਬ ਦਿੰਦਿਆਂ ਦਿਲਜੀਤ ਨੇ ਕੁਮੈਂਟ ਕੀਤਾ, ‘ਤੈਨੂੰ ਕੋਈ ਨਹੀਂ ਸਮਝਾ ਰਿਹਾ। ਤੁਰਦਾ ਬਣ।’

ਇਨ੍ਹਾਂ ਰਿਪਲਾਈਜ਼ ਤੋਂ ਬਾਅਦ ਦਿਲਜੀਤ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ।’

Rahul Singh

This news is Content Editor Rahul Singh